ਡੇਰਾਬੱਸੀ : ਸ਼ਹਿਰ 'ਚ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਵੀਰਵਾਰ ਨੂੰ ਦਿਨ-ਦਿਹਾੜੇ ਇਕ ਵਿਅਕਤੀ ਤੋਂ ਪਿਸਤੌਲ ਦੀ ਨੋਕ 'ਤੇ ਸਾਢੇ 6 ਲੱਖ ਰੁਪਏ ਲੁੱਟ ਲਏ। ਵਾਰਦਾਤ ਮੁਬਾਰਕਪੁਰ ਸੜਕ 'ਤੇ ਪੈਂਦੇ ਕਰਸ਼ਰ ਜ਼ੋਨ ਵਿਚ ਹੋਈ। ਪੀੜਤ ਜਸਵਿੰਦਰ ਕੁਮਾਰ (51) ਨਿਵਾਸੀ ਪਿੰਡ ਢਕੌਲੀ ਨੇ ਦੱਸਿਆ ਕਿ ਉਹ ਡੇਰਾਬੱਸੀ ਸਥਿਤ ਐੱਸ. ਬੀ. ਆਈ. ਤੋਂ ਆਪਣੇ ਹੋਮ ਲੋਨ ਦੀ ਅੰਤਿਮ ਕਿਸ਼ਤ ਲੈ ਕੇ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਰੁਪਏ ਲੁੱਟ ਲਏ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਦਾ ਨਿਰੀਖਣ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀ ਮੰਦਰ ਆਰਮੀ ਏਰੀਆ ਵਿਚ ਸਿਵਲ ਦੀ ਨੌਕਰੀ ਕਰਨ ਵਾਲੇ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਢਕੋਲੀ ਪਿੰਡ ਵਿਚ ਉਹ 100 ਗਜ਼ ਦਾ ਘਰ ਬਣਾ ਰਿਹਾ ਹੈ। ਇਸ ਦੇ ਲਈ ਉਸ ਨੇ ਡੇਰਾਬੱਸੀ ਐੱਸ. ਬੀ. ਆਈ. ਤੋਂ 21 ਲੱਖ ਰੁਪਏ ਦਾ ਹੋਮ ਲੋਨ ਕਰਵਾਇਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵੀਰਵਾਰ ਉਹ ਬੈਂਕ ਤੋਂ ਪੈਸੇ ਕਢਵਾ ਕੇ ਮੁਬਾਰਕਪੁਰ-ਘੱਗਰ ਕਾਜਵੇ ਦੇ ਰਸਤੇ ਤੋਂ ਮੋਟਰਸਾਈਕਲ 'ਤੇ ਜਾ ਰਿਹਾ ਸੀ। ਇਸ ਦੌਰਾਨ ਉਹ ਰਸਤੇ ਵਿਚ ਕਰਸ਼ਰ ਜ਼ੋਨ ਵਿਚ ਰੇਤ-ਬੱਜਰੀ ਦਾ ਰੇਟ ਪਤਾ ਕਰਨ ਲਈ ਰੁਕ ਗਿਆ। ਉਸ ਨੇ ਦੱਸਿਆ ਕਿ ਉਹ ਦੋ ਕਰਸ਼ਰਾਂ ਤੋਂ ਰੇਟ ਪਤਾ ਕਰਨ ਤੋਂ ਬਾਅਦ ਜਦ ਵਾਪਸ ਕੱਚੇ ਰਸਤੇ ਤੋਂ ਮੁਬਾਰਕਪੁਰ ਰਾਮਗੜ੍ਹ ਸੜਕ 'ਤੇ ਚੜ੍ਹਨ ਲੱਗਾ ਤਾਂ ਦੋ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੇ ਅੱਗੇ ਮੋਟਰਸਾਈਕਲ ਲਾ ਦਿੱਤੇ।
ਇਕ ਨੇ ਪਿਸਤੌਲ ਤਾਣੀ ਦੂਜੇ ਬੈਗ ਖੋਹ ਕੇ ਭੱਜੇ
ਉਸ ਨੂੰ ਘੇਰ ਕੇ ਖੜ੍ਹੇ ਇਕੱਲੇ ਬਾਈਕ ਸਵਾਰ ਨੇ ਉਸ ਦੀ ਛਾਤੀ 'ਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਬਾਅਦ ਦੂਸਰੇ ਮੋਟਰਸਾਈਕਲ ਸਵਾਰ ਇਕ ਪਗੜੀਧਾਰੀ ਤੇ ਮੋਨੇ ਨੌਜਵਾਨ ਨੇ ਉਸ ਦੀ ਪਿੱਠ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨੌਜਵਾਨਾਂ ਕੋਲ ਨਵੇਂ ਮੋਟਰਸਾਈਕਲ ਸਨ ਅਤੇ ਨੰਬਰ ਪਲੇਟ 'ਤੇ ਪੇਪਰ ਲਾਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣਾ ਘਰ ਬਣਾਉਣ ਲਈ ਇਹ ਲੋਨ ਕਰਵਾਇਆ ਸੀ। ਬੈਂਕ ਵਲੋਂ ਨਿਰਮਾਣ ਨੂੰ ਦੇਖ ਕੇ ਕਿਸ਼ਤਾਂ ਵਿਚ ਪੈਸੇ ਜਾਰੀ ਕੀਤੇ ਜਾ ਰਹੇ ਸੀ। ਇਸ ਤੋਂ ਪਹਿਲਾਂ ਬੈਂਕ ਦੋ ਕਿਸ਼ਤਾਂ ਜਾਰੀ ਕਰ ਚੁੱਕਾ ਹੈ ਅਤੇ ਇਹ ਆਖਰੀ ਕਿਸ਼ਤ ਸੀ ਜਿਸ ਨੂੰ ਲੈ ਕੇ ਉਹ ਘਰ ਜਾ ਰਿਹਾ ਸੀ।
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਸੰਘਰਸ਼ ਅੱਗੋਂ ਵੀ ਜਾਰੀ ਰੱਖਾਂਗੇ : ਕੈਪਟਨ
NEXT STORY