ਮੋਹਾਲੀ, (ਨਿਆਮੀਆਂ)- ਪਿਛਲੇ ਸਾਲ ਪੰਜਾਬ ਸਰਕਾਰ ਵਲੋਂ 14 ਨਵੰਬਰ ਬਾਲ ਦਿਵਸ ਮੌਕੇ ਪੰਜਾਬ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਸ਼ੁਰੂ ਕੀਤੀਆਂ ਪ੍ਰੀ-ਨਰਸਰੀ ਕਲਾਸਾਂ ਨੇ ਹੁਣ ਨੰਨ੍ਹੇ-ਮੁੰਨੇ ਬੱਚਿਆਂ ਦੇ ਭਵਿੱਖ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਈ. ਜੀ. ਐੱਸ./ਏ. ਆਈ. ਈ./ ਐੱਸ. ਟੀ. ਆਰ. ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਸਵਰਨਾ ਦੇਵੀ ਬਠਿੰਡਾ, ਨਿਸ਼ਾਂਤ ਕੁਮਾਰ ਕਪੂਰਥਲਾ, ਅਰਾਧਨਾ ਫਰੀਦਕੋਟ ਅਤੇ ਜਸ਼ਨਜੋਤ ਕੌਰ ਰੋਪੜ ਨੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਅਧਿਕਾਰ ਐਕਟ ਤਹਿਤ ਹਰੇਕ ਬੱਚੇ ਲਈ ਮੁੱਢਲੀ ਸਾਂਭ-ਸੰਭਾਲ ਤੇ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਕ ਪਾਸੇ ਪੰਜਾਬ ਸਰਕਾਰ ਸਿੱਖਿਆ ਸਬੰਧੀ ਵੱਡੇ-ਵੱਡੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਇੰਨੀ ਠੰਡ ਦੇ ਮੌਸਮ ਵਿਚ ਨੰਨ੍ਹੇ-ਮੁੰਨੇ ਬੱਚਿਆਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਤੇ ਬੱਚਿਆਂ ਨੂੰ ਹੇਠਾਂ ਦਰੀਆਂ 'ਤੇ ਬੈਠ ਕੇ ਸਿੱਖਿਆ ਹਾਸਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਇਨ੍ਹਾਂ ਨੰਨ੍ਹੇ-ਮੁੰਨੇ ਬੱਚਿਆਂ ਦੀ ਹੇਠਾਂ ਬੈਠਣ ਨਾਲ ਸਿਹਤ ਖਰਾਬ ਹੋ ਗਈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ?
ਪੰਜਾਬ ਸਰਕਾਰ ਨੇ ਸਮੂਹ ਜ਼ਿਲਾ ਸਿੱਖਿਆ ਅਫਸਰ (ਐ.) ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਕਿ ਸਕੂਲ ਮੁਖੀ ਹੀ ਬਾਕੀ ਜਮਾਤਾਂ ਦੀ ਤਰਜ਼ ਦੇ ਆਧਾਰ 'ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਜ਼ਿੰਮੇਵਾਰ ਹੋਵੇਗਾ ਤੇ ਪਹਿਲ ਦੇ ਆਧਾਰ 'ਤੇ ਈ. ਜੀ. ਐੱਸ. ਵਲੰਟੀਅਰ ਨੂੰ ਪ੍ਰੀ-ਨਰਸਰੀ ਜਮਾਤ ਦਾ ਇੰਚਾਰਜ ਬਣਾਏਗਾ ਤੇ ਪੂਰਨ ਰੂਪ ਵਿਚ ਪ੍ਰੀ-ਨਰਸਰੀ ਜਮਾਤ ਦੀ ਜ਼ਿੰਮੇਵਾਰੀ ਸੌਂਪੇਗਾ। ਅੱਜ 3 ਮਹੀਨੇ ਬੀਤ ਜਾਣ 'ਤੇ ਵੀ ਮੁੱਖ ਦਫਤਰ ਦੇ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ ਕਿਉਂਕਿ ਸਮੂਹ ਜ਼ਿਲਾ ਸਿੱਖਿਆ ਅਫਸਰ (ਐ.) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ।
ਪੰਜਾਬ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਮੰਡੀ, ਭੁਲਾਣਾ, ਸ਼ੇਖੂਪੁਰ, ਗੁਰੂ ਕਾ ਬਾਗ, ਬੂਟ, ਸੀਨਪੁਰਾ, ਸਲਾਮਤਪੁਰ, ਚੰਦਸੇਰ ਬਸਤੀ ਸਮੇਤ ਬਹੁਤ ਸਾਰੇ ਸਕੂਲ ਇਹੋ ਜਿਹੇ ਹਨ ਜਿੱਥੇ ਇਕ ਸਕੂਲ ਵਿਚ 5 ਤੋਂ 7 ਈ. ਜੀ. ਐੱਸ. ਵਲੰਟੀਅਰ ਸੇਵਾਵਾਂ ਦੇ ਰਹੇ ਹਨ ਪਰ ਦੂਜੇ ਪਾਸੇ ਪੰਜਾਬ ਦੇ ਇਹੋ ਜਿਹੇ ਸਕੂਲ ਵੀ ਹਨ ਜਿੱਥੇ ਈ. ਜੀ. ਐੱਸ. ਵਲੰਟੀਅਰ ਦਾ ਨਾਂ ਤੇ ਨਿਸ਼ਾਨ ਹੀ ਨਹੀਂ ਹੈ ਤੇ ਇਨ੍ਹਾਂ ਸਕੂਲਾਂ ਵਿਚ 2 ਤੋਂ 3 ਅਧਿਆਪਕਾਂ ਨੂੰ ਨਰਸਰੀ ਤੋਂ ਲੈ ਕੇ ਪੰਜਵੀਂ ਤਕ ਦੇ ਬੱਚਿਆਂ ਦੀ ਜ਼ਿੰਮੇਵਾਰੀ ਲੈਣੀ ਪੈ ਰਹੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 7800 ਦੇ ਕਰੀਬ ਈ. ਜੀ. ਐੱਸ. ਵਲੰਟੀਅਰ ਸੇਵਾਵਾਂ ਨਿਭਾਅ ਰਹੇ ਹਨ।
ਇਕ ਪਾਸੇ ਮੁੱਖ ਦਫਤਰ ਵਲੋਂ ਜ਼ਿਲਾ ਸਿੱਖਿਆ ਅਫਸਰ (ਐ) ਨੂੰ ਇਹ ਹੁਕਮ ਜਾਰੀ ਹੋਏ ਹਨ ਕਿ ਕਿਸੇ ਵੀ ਅਧਿਆਪਕ ਨੂੰ ਦਫਤਰ ਵਿਚ ਡੈਪੂਟੇਸ਼ਨ 'ਤੇ ਨਾ ਬੁਲਾਇਆ ਜਾਵੇ ਪਰ ਜ਼ਿਲੇ ਦੇ ਅਧਿਕਾਰੀ ਇਨ੍ਹਾਂ ਹੁਕਮਾਂ ਨੂੰ ਅਣਦੇਖਿਆ ਕਰਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਦਫਤਰ ਵਾਲਿਆਂ ਨੇ ਈ. ਜੀ. ਐੱਸ. ਵਲੰਟੀਅਰਾਂ ਨੂੰ ਦਫਤਰਾਂ ਵਿਚ ਡੈਪੂਟੇਸ਼ਨ 'ਤੇ ਬੁਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪ੍ਰੀ-ਨਰਸਰੀ ਕਲਾਸਾਂ ਸਹੀ ਢੰਗ ਨਾਲ ਚਲਾਉਣੀਆਂ ਹਨ ਤਾਂ ਸਭ ਤੋਂ ਪਹਿਲਾਂ ਈ. ਜੀ. ਐੱਸ. ਵਲੰਟੀਅਰਾਂ ਨੂੰ ਦਫਤਰਾਂ ਵਿਚੋਂ ਰਿਲੀਵ ਕਰ ਕੇ ਵਾਪਸ ਸਕੂਲਾਂ ਵਿਚ ਭੇਜਿਆ ਜਾਵੇ ਤੇ ਰੈਸ਼ਨੇਲਾਈਜ਼ੇਸ਼ਨ ਕਰਕੇ ਹਰੇਕ ਸਕੂਲ ਵਿਚ ਈ. ਜੀ. ਐੱਸ. ਵਲੰਟੀਅਰ ਨੂੰ ਭੇਜਿਆ ਜਾਵੇ ਤੇ ਉਨ੍ਹਾਂ ਨੂੰ ਪ੍ਰੀ-ਨਰਸਰੀ ਕਲਾਸਾਂ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਹੀ ਇਹ ਪ੍ਰੋਜੈਕਟ ਸਫਲ ਸਾਬਤ ਹੋਵੇਗਾ।
ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵੱਲੋਂ ਸਕੂਲ 'ਚੋਂ ਬੱਚਾ ਅਗਵਾ ਕਰਨ ਦੀ ਕੋਸ਼ਿਸ਼
NEXT STORY