ਅੰਮ੍ਰਿਤਸਰ,(ਸੰਜੀਵ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਅੱਜ ਭਾਰਤ ਪਾਕਿ ਸਰਹੱਦ 'ਤੇ ਕੀਤੇ ਇਕ ਆਪ੍ਰੇਸ਼ਨ ਦੌਰਾਨ ਖਤਰਨਾਕ ਹੈਰੋਇਨ ਸਮੱਗਲਰ ਸੁਖਵਿੰਦਰ ਸਿੰਘ ਕਾਕਾ ਵਾਸੀ ਚੰਦੂ ਬੰਡਾਲਾ ਨੂੰ ਗ੍ਰਿਫਤਾਰ ਕੀਤਾ। ਜਿਸ ਦੇ ਕਬਜ਼ੇ 'ਚੋਂ 4 ਕਿੱਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 21 ਰੁਪਏ ਮੰਨੀ ਜਾਂਦੀ ਹੈ। ਪੁਲਸ ਨੇ ਉਕਤ ਸਮੱਗਲਰ ਕਾਕਾ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲੈ ਲਿਆ ਹੈ।
ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਵਰਿੰਦਰ ਮਹਾਜਨ ਦੀ ਪ੍ਰਧਾਨਗੀ ਵਿਚ ਹੋਏ ਇਸ ਆਪ੍ਰੇਸ਼ਨ ਦੌਰਾਨ ਜਿੱਥੇ ਪੁਲਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ, ਉਥੇ ਹੀ ਗ੍ਰਿਫਤਾਰ ਕੀਤੇ ਗਏ ਕਾਕਾ ਤੋਂ ਪਾਕਿਸਤਾਨ ਵਿਚ ਬੈਠੇ ਸਮੱਗਲਰ ਬਾਰੇ ਵੀ ਕੁੱਝ ਅਹਿਮ ਜਾਣਕਾਰੀਆਂ ਹਾਸਲ ਹੋਈਆਂ ਹਨ। ਡੀ. ਐੱਸ. ਪੀ. ਮਹਾਜਨ ਨੂੰ ਇਨਪੁਟ ਸੀ ਕਿ ਉਕਤ ਮੁਲਜ਼ਮ ਖੇਤੀ ਕਰਨ ਦੇ ਬਹਾਨੇ ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰਾਂ ਦੇ ਪਾਰ ਜਾਂਦਾ ਹੈ ਅਤੇ ਹੈਰੋਇਨ ਸਮੱਗਲਿੰਗ ਦਾ ਧੰਦਾ ਚਲਾ ਰਿਹਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਹੈ, ਜਿਸ 'ਤੇ ਬੀ. ਐੱਸ. ਐੱਫ. ਦੀ 89 ਬਟਾਲੀਅਨ ਦੇ ਨਾਲ ਕੀਤੇ ਸਰਚ ਆਪ੍ਰੇਸ਼ਨ ਵਿਚ ਪਾਣੀ ਲਈ ਲਗਾਈ ਗਈ ਸੀਮੈਂਟ ਦੀ ਪਾਈਪ ਦੇ ਰਸਤੇ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਗਈ। ਮੁੱਢਲੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਕਾ ਨੇ ਕਰਨਦੀਪ ਸਿੰਘ ਅਤੇ ਮਨਦੀਪ ਸਿੰਘ ਦੇ ਨਾਲ ਮਿਲ ਕੇ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਦੇ ਨਾਲ ਆਪਣੇ ਸੰਬੰਧ ਬਣਾਏ ਅਤੇ ਹੈਰੋਇਨ ਦਾ ਕਾਰੋਬਾਰ ਕਰਨਾ ਸ਼ੁਰੂ ਕੀਤਾ। ਪੁਲਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿਛ ਕਰ ਰਹੀ ਹੈ ਅਤੇ ਉਸ ਵਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਬਾਰੇ ਵੀ ਪੁੱਛਿਆ ਜਾਵੇਗਾ।
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ 5ਵੀਂ ਮੌਤ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ
NEXT STORY