ਲੁਧਿਆਣਾ (ਗੌਤਮ): ਪਤਨੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਥਾਣਾ ਹੈਬੋਵਾਲ ਦੀ ਪੁਲਸ ਨੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਗੌਰਤਲਬ ਹੈ ਕਿ ਪੰਜਾਬੀ ਬਾਗ ਨੇਤਾ ਜੀ ਪਾਰਕ ਦੀ ਰਹਿਣ ਵਾਲੀ ਰਜਨੀ ਨੇ ਮੰਗਲਵਾਰ ਨੂੰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਹ 2 ਮਹੀਨੇ ਦੀ ਗਰਭਵਤੀ ਸੀ। ਉਸ ਦੇ ਪਰਿਵਾਰ ਦਾ ਦੋਸ਼ ਸੀ ਕਿ ਉਸ ਦਾ ਪਤੀ ਅਕਸਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਪੁਲਸ ਨੇ ਰਜਨੀ ਦੀ ਮਾਂ ਮਾਇਆ ਦੇਵੀ ਦੇ ਬਿਆਨਾਂ 'ਤੇ ਉਸ ਦੇ ਪਤੀ ਦੀਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਮਾਇਆ ਦੇਵੀ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ ਉਕਤ ਮੁਲਜ਼ਮ ਨਾਲ ਸਾਲ 2022 'ਚ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਅਕਸਰ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪਰੇਸ਼ਾਨ ਕਰਦੇ ਸਨ। ਉਸ ਦੀ ਬੇਟੀ ਦੀ ਇੱਕ ਧੀ ਹੈ ਅਤੇ ਹੁਣ ਉਹ 2 ਮਹੀਨੇ ਦੀ ਗਰਭਵਤੀ ਸੀ। ਰਜਨੀ ਦੀ ਸੱਸ ਉਸ ਦੀ ਬੇਟੀ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰ ਰਹੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ''ਤੇ ਪਰੇਸ਼ਾਨ ਸੀ। ਉਸ ਦਾ ਜਵਾਈ ਵੀ ਅਕਸਰ ਉਨ੍ਹਾਂ ਨਾਲ ਇਸੇ ਗੱਲ ਨੂੰ ਲੈ ਕੇ ਗਾਲੀ-ਗਲੋਚ ਕਰਦਾ ਸੀ, ਕੁਝ ਦਿਨ ਪਹਿਲਾਂ ਵੀ ਉਸ ਨੇ ਉਨ੍ਹਾਂ ਨਾਲ ਵਿਵਾਦ ਕੀਤਾ ਸੀ। ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਦੀ ਬੇਟੀ ਨੇ ਇਹ ਕਦਮ ਚੁੱਕਿਆ ਹੈ।
ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ ਵਿਚ ਡਾਕਟਰਾਂ ਦੇ ਬੋਰਡ ਨੇ ਉਸ ਦਾ ਪੋਸਟਮਾਰਟਮ ਕਰਕੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਬੱਸ ਅੱਡੇ ’ਤੇ ਖੜ੍ਹੇ ਵਿਅਕਤੀ ’ਚ ਆ ਵੱਜੀ ਕਾਰ, ਇਲਾਜ ਦੌਰਾਨ ਹੋਈ ਮੌਤ
NEXT STORY