ਫਾਜ਼ਿਲਕਾ (ਨਾਗਪਾਲ) : ਜ਼ਿਲ੍ਹਾ ਫਾਜ਼ਿਲਕਾ ਪੁਲਸ ਨੇ ਫਾਜ਼ਿਲਕਾ ਦੀ ਐੱਸ. ਐੱਸ. ਪੀ. ਡਾ. ਪ੍ਰੱਗਿਆ ਜੈਨ ਦੀ ਅਗਵਾਈ ਹੇਠ ਇੰਸਪੈਕਟਰ ਵੀਰਾ ਰਾਣੀ ਇੰਚਾਰਜ ਵੂਮੈਨ ਸੈੱਲ ਵੱਲੋਂ ਝੂਠੇ ਜਬਰ-ਜ਼ਿਨਾਹ ਕੇਸ ’ਚ ਫਸਾ ਕੇ ਪੈਸੇ ਠੱਗਣ ਵਾਲੀ ਔਰਤ ਅਤੇ ਉਸਦੇ ਪਤੀ ਨੂੰ 90 ਹਜ਼ਾਰ ਦੀ ਰਾਸ਼ੀ ਸਮੇਤ ਕਾਬੂ ਕਰ ਲਿਆ ਹੈ। 26 ਜੂਨ ਨੂੰ ਸਥਾਨਕ ਧੀਂਗੜਾ ਕਾਲੋਨੀ ਵਾਸੀ ਰੇਸ਼ਮਾ ਰਾਣੀ ਨੇ ਬਿਆਨ ਦਰਜ ਕਰਵਾਇਆ ਸੀ ਕਿ ਰੇਖਾ ਰਾਣੀ ਵਾਸੀ ਫਾਜ਼ਿਲਕਾ ਨੇ ਆਪਣੀ ਨਾਬਾਲਗ ਕੁੜੀ ਨਾਲ ਉਸਦੇ ਨਾਬਾਲਗ ਮੁੰਡੇ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਇਸ ਸਾਲ 13 ਮਈ ਨੂੰ ਦਰਜ ਕਰਵਾਇਆ ਸੀ।
ਇਸ ਮਾਮਲੇ ’ਚ ਉਸਦਾ ਪੁੱਤਰ ਸੁਧਾਰ ਘਰ ਫਰੀਦਕੋਟ ਵਿਖੇ ਬੰਦ ਹੈ। ਰੇਖਾ ਰਾਣੀ ਅਤੇ ਉਸਦਾ ਪਤੀ ਮਹਿੰਦਰ ਪਾਲ ਰੇਸ਼ਮਾ ਰਾਣੀ ਦੇ ਭਤੀਜੇ ਛਿੰਦਰ ਪਾਲ ਨਾਲ ਮਿਹਨਤ-ਮਜ਼ਦੂਰੀ ਕਰਦੇ ਸਨ। ਉਹ ਛਿੰਦਰ ਪਾਲ ’ਤੇ ਦਬਾਅ ਪਾਉਂਦੇ ਸਨ ਕਿ ਰੇਸ਼ਮਾ ਰਾਣੀ ਮਾਮਲੇ ’ਚ ਰਾਜ਼ੀਨਾਮਾ ਕਰਨ ਅਤੇ ਮੁੰਡੇ ਨੂੰ ਬਰੀ ਕਰਵਾਉਣ ਲਈ ਉਨ੍ਹਾਂ ਨੂੰ 2 ਲੱਖ ਰੁਪਏ ਦੇਵੇ। ਬਾਅਦ ’ਚ 90 ਹਜ਼ਾਰ ’ਚ ਗੱਲ ਮੁੱਕ ਗਈ।
ਰੇਸ਼ਮਾ ਰਾਣੀ ਨੇ ਦੱਸਿਆ ਕਿ ਜਦੋਂ ਉਹ 90 ਹਜ਼ਾਰ ਰੁਪਏ ਲੈ ਕੇ ਡੀ.ਸੀ. ਫਾਜ਼ਿਲਕਾ ਦਫ਼ਤਰ ਵਿਖੇ ਟਾਈਪਿਸਟ ਦੀ ਦੁਕਾਨ ’ਤੇ ਰਾਜ਼ੀਨਾਮਾ ਲਿਖਾਉਣ ਲਈ ਪੁੱਜੇ ਤਾਂ ਪੁਲਸ ਨੇ ਉੱਥੇ ਰੇਖਾ ਰਾਣੀ ਅਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਸ ਮਾਮਲੇ ’ਚ ਥਾਣਾ ਸਿਟੀ ਫਾਜ਼ਿਲਕਾ ’ਚ ਪਤੀ-ਪਤਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਦੋਵਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਅਗਲੇਰੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।
1 ਜੁਲਾਈ ਤੋਂ 17 ਜੁਲਾਈ ਤੱਕ ਮੰਡੀ ’ਚ ਕੀਤੀ ਜਾਵੇਗੀ ਫੌਗਿੰਗ
NEXT STORY