ਮਹਿਲ ਕਲਾਂ (ਲਕਸ਼ਦੀਪ ਗਿੱਲ/ਹਮੀਦੀ): ਸਬ-ਡਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੰਨਣਵਾਲ ਵਿਖੇ ਅੱਜ ਦੁਪਹਿਰ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਖੇਤਾਂ ਵਿਚ ਚਾਰਾ ਲੈਣ ਗਈ ਆਪਣੀ ਪਤਨੀ ’ਤੇ ਗੰਡਾਸੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਖ਼ੁਦ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਦੋਵਾਂ ਦੀ ਮੌਤ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਕਰੀਬ 2:30 ਵਜੇ ਵਾਪਰੀ। ਕੁਲਵਿੰਦਰ ਕੌਰ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਖੇਤਾਂ ਵਿਚ ਗਈ ਹੋਈ ਸੀ। ਇਸ ਦੌਰਾਨ ਉਸ ਦਾ ਪਤੀ ਭੋਲਾ ਸਿੰਘ ਕਥਿਤ ਤੌਰ ’ਤੇ ਪਿੱਛੋਂ ਆਇਆ ਅਤੇ ਉਸ ਦੇ ਸਿਰ ’ਤੇ ਗੰਡਾਸੇ ਨਾਲ ਦੋ ਵਾਰ ਕਰ ਦਿੱਤੇ। ਗੰਭੀਰ ਸੱਟਾਂ ਲੱਗਣ ਕਾਰਨ ਕੁਲਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਭੋਲਾ ਸਿੰਘ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ।
ਘਰੇਲੂ ਕਲੇਸ਼ ਨੂੰ ਦੱਸਿਆ ਜਾ ਰਿਹਾ ਹੈ ਕਾਰਨ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਜਸਵਿੰਦਰ ਕੌਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਪਿੱਛੇ ਘਰੇਲੂ ਕਲੇਸ਼ ਕਾਰਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਅਨੁਸਾਰ ਭੋਲਾ ਸਿੰਘ ਨਸ਼ੇ ਦਾ ਆਦੀ ਦੱਸਿਆ ਜਾਂਦਾ ਸੀ ਅਤੇ ਪਰਿਵਾਰ ਵਿਚ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚਾਰ ਬੱਚਿਆਂ ਦੇ ਸਿਰ ਤੋਂ ਉੱਠਿਆ ਮਾਪਿਆਂ ਦਾ ਸਾਇਆ
ਇਸ ਦੁਖਦਾਈ ਘਟਨਾ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿਚ ਪਾ ਦਿੱਤਾ ਹੈ। ਮ੍ਰਿਤਕ ਪਤੀ-ਪਤਨੀ ਦੇ ਪਿੱਛੇ ਚਾਰ ਬੱਚੇ ਹਨ, ਜਿਨ੍ਹਾਂ ਵਿਚ ਤਿੰਨ ਧੀਆਂ ਅਤੇ ਇੱਕ ਪੁੱਤਰ ਸ਼ਾਮਲ ਹਨ। ਤਿੰਨ ਧੀਆਂ ਵਿਚੋਂ ਇਕ ਵਿਆਹੀ ਹੋਈ ਹੈ, ਜਦਕਿ ਦੋ ਧੀਆਂ ਅਤੇ ਪੁੱਤਰ ਅਜੇ ਕੁਆਰੇ ਹਨ। ਮਾਪਿਆਂ ਦੀ ਮੌਤ ਨਾਲ ਬੱਚਿਆਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਹੈ। ਪਿੰਡ ਚੰਨਣਵਾਲ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਸੋਗ ਦਾ ਮਾਹੌਲ ਹੈ। ਪੁਲਸ ਵੱਲੋਂ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਰੋਪੜ ਵਿਖੇ ਦੇਰ ਰਾਤ ਚਰਨਜੀਤ ਚੰਨੀ ਨੇ ਗੈਰ-ਕਾਨੂੰਨੀ ਮਾਈਨਿੰਗ ਵਾਲੀ ਥਾਂ ਦਾ ਕੀਤਾ ਦੌਰਾ
NEXT STORY