ਰੂਪਨਗਰ/ਚੰਡੀਗੜ੍ਹ, (ਵਿਜੇ, ਰਮਨਜੀਤ) - ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮੰਗ ਕੀਤੀ ਕਿ ਉਨ੍ਹਾਂ 'ਤੇ ਲੱਗੇ ਦੋਸ਼ਾਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਜੇਕਰ ਦੋਸ਼ ਸਾਬਤ ਹੋਏ ਤਾਂ ਉਹ ਖੁਦ ਨੂੰ ਗੋਲੀ ਮਾਰਨ ਨੂੰ ਤਿਆਰ ਹਨ। ਅੱਜ ਇਥੇ ਪੀ.ਜੀ.ਆਈ ਤੋਂ ਛੁੱਟੀ ਮਿਲਣ ਦੇ ਬਾਅਦ ਆਪਣੇ ਨਿਵਾਸ ਸਥਾਨ 'ਤੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਜੋ ਪੈਸੇ ਲੈਣ ਦੇ ਦੋਸ਼ ਲਗਾਏ ਗਏ ਹਨ, ਉਹ ਰਾਜਨੀਤੀ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮਲਾਵਰ ਅਜਵਿੰਦਰ ਸਿੰਘ ਤੋਂ ਕਦੇ ਵੀ ਕੋਈ ਪੈਸੇ ਨਹੀਂ ਲਏ, ਸਗੋਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਗਲਤ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਹਰ ਪ੍ਰਕਾਰ ਦੀ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਉਨ੍ਹਾਂ ਨੇ ਪੈਸੇ ਲਏ ਹਨ ਤਾਂ ਉਹ ਖੁਦ ਨੂੰ ਗੋਲੀ ਮਾਰ ਲੈਣਗੇ, ਨਹੀਂ ਤਾਂ ਡਾ. ਚੀਮਾ ਅਤੇ ਅਜਵਿੰਦਰ ਸਿੰਘ ਵੀ ਆਪਣੇ ਆਪ ਨੂੰ ਗੋਲੀ ਮਾਰਨ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਕੇਂਦਰ ਸਰਾਕਰ ਦੀ ਏਜੰਸੀ ਜੇਕਰ ਇਸ ਸਾਰੇ ਕਾਂਡ ਦੀ ਜਾਂਚ ਕਰੇਗੀ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਕਈ ਸਿਆਸੀ ਨੇਤਾ ਮਾਈਨਿੰਗ ਮਾਫੀਆ ਨੂੰ ਸ਼ਹਿ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।
ਸੰਦੋਆ ਨੇ ਕਿਹਾ ਕਿ ਕੈਪਟਨ ਮੇਰੇ ਨਾਲ ਚੱਲਣ ਤਾਂ ਮੈਂ ਰੋਪੜ ਹੀ ਨਹੀਂ, ਸਗੋਂ ਹੋਰ ਵੀ ਕਈ ਇਲਾਕਿਆਂ 'ਚ ਸ਼ਰੇਆਮ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਉਨਾਂ ਨੂੰ ਵਿਖਾ ਸਕਦਾ ਹਾਂ। ਉਨ੍ਹਾਂ ਦੁਹਾਰਾਇਆ ਕਿ ਉਹ ਰੂਪਨਗਰ ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ ਨਹੀ ਹੋਣ ਦੇਣਗੇ ਭਾਵਂੇ ਉਨਾਂ ਦੀ ਜਾਨ ਵੀ ਕਿਉਂ ਨਾ ਚਲੀ ਜਾਵੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਇਲਾਕੇ ਦੀਆਂ ਖੱਡਾਂ 'ਤੇ ਜਾਣਗੇ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਨ੍ਹਾਂ 'ਤੇ ਮਾਈਨਿੰਗ ਮਾਫੀਆ ਹਮਲਾ ਕਰੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਹਨ ਅਤੇ ਲੋਕਾਂ ਦੇ ਹਿਤ 'ਚ ਕੰਮ ਕਰਦੇ ਰਹਿਣਗੇ।
ਸੰਦੋਆ ਵਲੋਂ ਲਗਾਏ ਗਏ ਦੋਸ਼ਾਂ ਦਾ ਡਾ. ਚੀਮਾ ਨੇ ਕੀਤਾ ਖੰਡਨ
ਦੂਜੇ ਪਾਸੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਦੁਆਰਾ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਦੋਸ਼ ਉਨ੍ਹਾਂ ਨੇ ਨਹੀਂ ਸਗੋਂ ਵਿਧਾਇਕ ਦੇ ਸਾਬਕਾ ਸਾਥੀਆਂ ਨੇ ਉਨ੍ਹਾਂ 'ਤੇ ਲਗਾਏ ਹਨ। ਉਹ ਤਾਂ ਕੇਵਲ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ। ਤਾਂ ਕਿ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਸੰਦੋਆ 'ਤੇ ਹੋਏ ਹਮਲੇ ਦੀ ਘੋਰ ਨਿੰਦਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਅਜਿਹੇ ਕਾਤਲਾਨਾ ਹਮਲਿਆਂ ਦਾ ਕੋਈ ਸਥਾਨ ਨਹੀਂ।
ਗੰਨਮੈਨ ਵਾਪਸ ਨਹੀਂ ਲਏ
ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਉਨ੍ਹਾਂ ਦੇ ਗੰਨਮੈਨ ਵਾਪਿਸ ਨਹੀਂ ਲਏ ਗਏ ਅਤੇ ਨਾ ਹੀ ਉਨ੍ਹਾਂ ਦੀ ਸੁਰੱਖਿਆ ਵਧਾਈ ਗਈ ਸਗੋਂ ਜੋ ਗੰਨਮੈਨ ਪਹਿਲਾਂ ਉਨ੍ਹਾਂ ਨਾਲ ਸਨ, ਉਹ ਹਾਲੇ ਵੀ ਉਨ੍ਹਾਂ ਕੋਲ ਹਨ।
ਸਟਿੰਗ ’ਚ ਇਕ ਤਹਿਸੀਲਦਾਰ ਨੇ ਅਫਸਰਾਂ ਵੱਲੋਂ ਰਿਸ਼ਵਤ ਲੈਣ ਦੀ ਗੱਲ ਕਬੂਲੀ
NEXT STORY