ਲੁਧਿਆਣਾ (ਰਿਸ਼ੀ) - ਪਿੰਡ ਆਲਮਗੀਰ ਦੇ ਨੇੜੇ ਦਸਮੇਸ਼ ਨਗਰ 'ਚ ਇਕ ਬਾਪ-ਬੇਟਾ ਬਿਨਾਂ ਲਾਇਸੈਂਸ ਘਰ 'ਚ ਖੁਦ ਦਾ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸਨ। ਇਸ ਗੱਲ ਦਾ ਖੁਲਾਸਾ ਥਾਣਾ ਡੇਹਲੋਂ ਦੀ ਪੁਲਸ ਤੇ ਸਾਹਨੇਵਾਲ ਤੋਂ ਆਈ ਸਿਹਤ ਵਿਭਾਗ ਦੀ ਸਾਂਝੀ ਟੀਮ ਵਲੋਂ ਮੰਗਲਵਾਰ ਦੁਪਹਿਰ 12 ਵਜੇ ਦੀ ਰੇਡ ਤੋਂ ਬਾਅਦ ਕੀਤਾ ਗਿਆ। ਇਸ ਤੋਂ ਬਾਅਦ ਉਥੇ 24 ਮਰੀਜ਼ਾਂ ਨੂੰ ਛੁਡਾ ਕੇ ਕੁਝ ਘੰਟਿਆਂ 'ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਸ ਨੇ ਬਾਪ ਬਿੱਕਰ ਸਿੰਘ ਤੇ ਬੇਟੇ ਭੁਪਿੰਦਰ ਸਿੰਘ ਖਿਲਾਫ ਧਾਰਾ 420, 342, 323, 506, 34 ਆਈ. ਪੀ. ਐੱਸ. ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਬੁੱਧਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਥੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਸਮੇਂ ਤੋਂ ਉਕਤ ਕੇਂਦਰ ਚੱਲ ਰਿਹਾ ਸੀ।
ਦਾਖਲ ਮਰੀਜ਼ ਨਾਲ ਸੜਕ ਵਿਚਾਲੇ ਕੀਤੀ ਕੁੱਟ-ਮਾਰ, ਲੋਕਾਂ ਨੇ ਪੁਲਸ ਨੂੰ ਦਿੱਤੀ ਸੂਚਨਾ
ਪੁਲਸ ਦੇ ਅਨੁਸਾਰ ਦੋਰਾਹਾ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਲਗਭਗ 2 ਮਹੀਨੇ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਨੇ ਇਲਾਜ ਲਈ ਉਕਤ ਦੋਸ਼ੀਆਂ ਕੋਲ ਦਾਖਲ ਕਰਵਾਇਆ ਸੀ। ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਅਕਸਰ ਸਾਰਿਆਂ ਦੇ ਨਾਲ ਕੁੱਟ-ਮਾਰ ਕੀਤੀ ਜਾਂਦੀ ਹੈ। ਸੋਮਵਾਰ ਨੂੰ ਉਕਤ ਦੋਸ਼ੀਆਂ ਵਲੋਂ ਕੀਤੀ ਗਈ ਕੁੱਟ-ਮਾਰ ਤੋਂ ਤੰਗ ਆ ਕੇ ਮੰਗਲਵਾਰ ਨੂੰ ਉਥੋਂ ਭੱਜ ਗਿਆ। ਪਤਾ ਲੱਗਣ 'ਤੇ ਉਕਤ ਦੋਸ਼ੀਆਂ ਨੇ ਉਸ ਦਾ ਪਿੱਛਾ ਕੀਤਾ ਤੇ ਕੁਝ ਦੂਰੀ 'ਤੇ ਸੜਕ ਵਿਚਾਲੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਤਦ ਬਚਾਅ ਲਈ ਆਏ ਰਾਹਗੀਰਾਂ ਨੂੰ ਨੌਜਵਾਨ ਨੇ ਸਾਰੀ ਗੱਲ ਦੱਸੀ, ਜਿਸ 'ਤੇ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਜਿਸ ਤੋਂ ਬਾਅਦ ਸੰਯੁਕਤ ਟੀਮ ਨੇ ਰੇਡ ਕਰ ਕੇ ਸਾਰਿਆਂ ਨੂੰ ਛੁਡਾਇਆ।
ਹਰੇਕ ਮਰੀਜ਼ ਤੋਂ ਵਸੂਲ ਰਹੇ ਸਨ 10 ਹਜ਼ਾਰ
ਪੁਲਸ ਅਨੁਸਾਰ ਬਾਪ-ਬੇਟਾ ਹਰੇਕ ਮਰੀਜ਼ ਦੇ ਪਰਿਵਾਰ ਤੋਂ 10 ਹਜ਼ਾਰ ਰੁਪਏ ਮਹੀਨਾ ਵਸੂਲ ਰਹੇ ਸਨ। ਮਰੀਜ਼ਾਂ ਅਨੁਸਾਰ ਖਾਣ-ਪੀਣ 'ਚ ਸਿਰਫ ਚੌਲ ਤੇ ਗਰਮ ਪਾਣੀ ਦਿੱਤਾ ਜਾਂਦਾ ਸੀ। ਜਦ ਵੀ ਉਨ੍ਹਾਂ ਦਾ ਸਰੀਰ ਦਰਦ ਕਰਦਾ ਤਾਂ ਉਨ੍ਹਾਂ ਨੂੰ ਪੇਨ ਕਿੱਲਰ ਦੇ ਕੇ ਬਿਠਾ ਦਿੰਦੇ। ਜੇਕਰ ਕੋਈ ਵਿਰੋਧ ਕਰਦਾ ਤਾਂ ਉਸ ਨਾਲ ਕੁੱਟ-ਮਾਰ ਕੀਤੀ ਜਾਂਦੀ ਤੇ ਉਥੇ ਕੋਈ ਵੀ ਡਾਕਟਰ ਨਹੀਂ ਸੀ।
ਕੈਮਰੇ 'ਚ ਦੇਖਦੇ ਸਨ ਰਿਸ਼ਤੇਦਾਰ
ਮਰੀਜ਼ਾਂ ਅਨੁਸਾਰ ਸਾਰੇ ਮਰੀਜ਼ ਇਕ ਵੱਡੇ ਹਾਲ 'ਚ ਹੀ 24 ਘੰਟੇ ਬੈਠੇ ਰਹਿੰਦੇ ਸਨ। ਜੇਕਰ ਕਿਸੇ ਮਰੀਜ਼ ਦੇ ਰਿਸ਼ਤੇਦਾਰ ਮਿਲਣ ਆਉਂਦੇ ਤਾਂ ਵੀ ਉਨ੍ਹਾਂ ਨੂੰ ਨਹੀਂ ਮਿਲਾਇਆ ਜਾਂਦਾ ਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨਾਲ ਮਰੀਜ਼ ਨੂੰ ਦਿਖਾ ਕੇ ਵਾਪਸ ਭੇਜ ਦਿੰਦੇ ਸਨ ਤਾਂ ਕਿ ਉਨ੍ਹਾਂ ਦੀ ਪੋਲ ਨਾ ਖੁੱਲ੍ਹ ਸਕੇ।
ਡੇਢ ਮਹੀਨਾ ਪਹਿਲਾਂ ਵੀ ਸਿਹਤ ਵਿਭਾਗ ਨੇ ਕੀਤੀ ਸੀ ਰੇਡ
ਕਰੀਬ ਡੇਢ ਮਹੀਨਾ ਪਹਿਲਾਂ ਸਾਹਨੇਵਾਲ ਤੋਂ ਸਿਹਤ ਵਿਭਾਗ ਵਲੋਂ ਉਕਤ ਕੇਂਦਰ 'ਚ ਰੇਡ ਕੀਤੀ ਗਈ ਸੀ। ਉਸ ਸਮੇਂ 17 ਲੋਕਾਂ ਨੂੰ ਛੁਡਾਇਆ ਗਿਆ ਸੀ। ਇੰਨਾ ਹੀ ਨਹੀਂ ਥਾਣਾ ਡੇਹਲੋਂ ਦੀ ਪੁਲਸ ਨੂੰ ਮੌਕੇ 'ਤੇ ਬੁਲਾਇਆ ਗਿਆ ਸੀ ਪਰ ਪੁਲਸ ਨੇ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਵਲੋਂ ਐਕਸ਼ਨ ਨਾ ਲੈਣ ਪਿੱਛੇ ਕੀ ਕਾਰਨ ਸਨ, ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕਦਾ ਹੈ।
3 ਐਂਬੂਲੈਂਸਾਂ 'ਚ ਆਏ ਮਰੀਜ਼, ਐਮਰਜੈਂਸੀ 'ਚ ਮਚੀ ਭੱਜ-ਦੌੜ
ਸੰਯੁਕਤ ਟੀਮ ਵਲੋਂ 3 ਐਂਬੂਲੈਂਸਾਂ 'ਚ 24 ਮਰੀਜ਼ਾਂ ਨੂੰ ਇਕ ਸਮੇਂ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਤੇ ਦਾਖਲ ਕਰਵਾਉਣ ਲਈ ਭੇਜਿਆ ਗਿਆ। ਜਿਸ ਕਾਰਨ ਇਕ ਵਾਰ ਤਾਂ ਐਮਰਜੈਂਸੀ 'ਚ ਭੱਜ-ਦੌੜ ਮਚ ਗਈ। ਜਿਸ ਤੋਂ ਬਾਅਦ ਸਾਰਿਆਂ ਨੂੰ ਦਾਖਲ ਕੀਤਾ ਗਿਆ। ਉਥੇ ਪਤਾ ਲੱਗਦੇ ਹੀ ਸਾਰੇ ਮਰੀਜ਼ਾਂ ਦੇ ਰਿਸ਼ਤੇਦਾਰ ਸਿਵਲ ਹਸਪਤਾਲ ਪੁੱਜੇ।
ਇਸ ਮੌਕੇ ਜੇ. ਪੀ. ਸਿੰਘ, ਐੱਸ. ਐੱਮ. ਓ., ਸਾਹਨੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ ਡੇਢ ਮਹੀਨਾ ਪਹਿਲਾਂ ਵੀ ਇਸੇ ਕੇਂਦਰ 'ਚ ਰੇਡ ਮਾਰੀ ਗਈ ਸੀ ਤੇ 17 ਮਰੀਜ਼ਾਂ ਨੂੰ ਛੁਡਾ ਕੇ ਥਾਣਾ ਡੇਹਲੋਂ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਪਰ ਕਾਫੀ ਹੈਰਾਨੀ ਦੀ ਗੱਲ ਹੈ ਕਿ ਪੁਲਸ ਵਲੋਂ ਉਸ ਸਮੇਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਏ. ਐੱਸ. ਆਈ. ਗੁਰਪ੍ਰੀਤ ਸਿੰਘ, ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਪ-ਬੇਟੇ ਦੇ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਥਾਣਾ ਡੇਹਲੋਂ ਵਲੋਂ ਪਹਿਲਾਂ ਕਾਰਵਾਈ ਨਾ ਕਰਨ ਬਾਰੇ ਕੁਝ ਪਤਾ ਨਹੀਂ ਹੈ।
ਡੋਪ ਟੈਸਟ 'ਚ ਪਾਸ ਹੋਣ ਲਈ ਨਸ਼ੇੜੀ ਕਰਨ ਲੱਗੇ 'ਪੁੱਠੇ ਕੰਮ'
NEXT STORY