ਮਾਨਸਾ (ਜੱਸਲ) : ਕੜਾਕੇ ਦੀ ਠੰਡ ਦੌਰਾਨ ਪਸ਼ੂ ਧਨ ਨਿਮੋਨੀਆ ਆਦਿ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ ਅਤੇ ਦੁੱਧ ਵੱਧਣ ਦੀ ਥਾਂ ਘੱਟਣਾ ਸ਼ੂਰੂ ਹੋ ਸਕਦਾ ਹੈ। ਇਸ ਸੰਬਧੀ ਐਡਵਾਈਜ਼ਰੀ ਜਾਰੀ ਕਰਦਿਆਂ ਡਾ. ਅਜੈ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨੇ ਦੱਸਿਆ ਕਿ ਪਸ਼ੂਆਂ ਨੂੰ ਸਰਦੀਆਂ 'ਚ ਆਪਣੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਕਾਫੀ ਊਰਜਾ ਦੀ ਲੋੜ ਪੈਂਦੀ ਹੈ, ਜੋ ਉਨ੍ਹਾਂ ਨੂੰ ਖ਼ੁਰਾਕ ਤੋਂ ਹਾਸਲ ਹੁੰਦੀ ਹੈ। ਇਸ ਲਈ ਸਰਦੀਆਂ ’ਚ ਰੱਜਵੇਂ ਹਰੇ ਪੱਠੇ ਪਾਉਣ ਦੇ ਨਾਲ-ਨਾਲ ਦਾਣਾ/ਵੰਡ ਜਾਂ ਖ਼ੁਰਾਕ ਵਧੇਰੇ ਪਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 5 ਕਿੱਲੋ ਦੁੱਧ ਦੇਣ ਵਾਲੀ ਮੱਝ ਅਤੇ 7 ਕਿੱਲੋ ਦੁੱਧ ਦੇਣ ਵਾਲੀ ਗਾਂ ਨੂੰ 40 ਕਿੱਲੋ ਹਰਾ ਚਾਰਾ, 3 ਕਿੱਲੋ ਸੁੱਕਾ ਚਾਰਾ (ਤੂੜੀ ਆਦਿ) 2 ਕਿੱਲੋ ਫੀਡ ਅਤੇ 50 ਗ੍ਰਾਮ ਧਾਤਾਂ ਦਾ ਚੂਰਾ ਪਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : HMPV ਵਾਇਰਸ ਨਾਲ ਜੁੜੀ ਵੱਡੀ Update, ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ
ਇਸੇ ਤਰ੍ਹਾਂ ਵਧੇਰੇ ਦੁੱਧ ਦੇਣ ਵਾਲੀਆਂ ਗਾਂਵਾਂ, ਮੱਝਾਂ ਨੂੰ 40 ਤੋਂ 50 ਕਿੱਲੋ ਹਰਾ ਚਾਰਾ, 2-3 ਕਿੱਲੋ ਸੁੱਕਾ ਚਾਰਾ ਅਤੇ ਹਰ ਢਾਈ ਕਿੱਲੋ ਦੁੱਧ ਪਿੱਛੇ ਗਾਵਾਂ ਵਿਚ ਇਕ ਕਿੱਲੋ ਖ਼ੁਰਾਕ ਅਤੇ ਮੱਝਾਂ 'ਚ ਹਰ ਦੋ ਕਿੱਲੋ ਦੁੱਧ ਪਿੱਛੇ ਇਕ ਕਿੱਲੋ ਫੀਡ ਵਾਧੂ ਦੇਣਾ ਚਾਹੀਦਾ ਹੈ, ਨਾਲ ਹੀ ਧਾਤਾਂ ਦਾ ਚੂਰਾ 70 ਤੋਂ 100 ਗ੍ਰਾਮ ਤੱਕ ਦੇਣਾ ਚਾਹੀਦਾ ਹੈ। ਸਰਦੀਆਂ ਦੇ ਫਲੀਦਾਰ ਚਾਰਿਆਂ ’ਚ ਪ੍ਰੋਟੀਨ ਕਾਫੀ ਮਾਤਰਾ ਵਿਚ ਹੁੰਦੀ ਹੈ। ਇਸ ਲਈ ਖਲਾਂ ਦੀ ਮਾਤਰਾ ਗਰਮੀਆਂ ਦੇ ਮੁਕਾਬਲੇ ਘੱਟ ਵੀ ਕੀਤੀ ਜਾ ਸਕਦੀ ਹੈ। ਸਰਦੀਆਂ ’ਚ ਸੀਤ ਹਵਾਵਾਂ ਦੇ ਅਸਰ ਨੂੰ ਘਟਾਉਣ ਲਈ ਸ਼ੈੱਡ ਅੰਦਰ ਪੱਲੀਆਂ ਆਦਿ ਲਟਕਾਓ। ਸਰਦੀਆਂ ’ਚ ਗਿੱਲੇ ਸ਼ੈੱਡ ਛੇਤੀ ਸੁੱਕਦੇ ਨਹੀਂ, ਇਸ ਲਈ ਦਿਨ ਵੇਲੇ ਪੱਲੀਆਂ ਚੁੱਕ ਦਿਓ। ਫਰਸ਼ ’ਤੇ ਪਰਾਲੀ ਦੀ ਸੁੱਕ ਵਿਛਾਓ। ਫਟੇ ਹੋਏ ਜਾਂ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1:3) ਦੇ ਘੋਲ ਵਿਚ ਡੁਬਾ ਕੇ ਠੀਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੋਹੜੀ ਤੋਂ ਅਗਲੇ ਦਿਨ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਪਸ਼ੂਆਂ ਨੂੰ ਜਲਦੀ ਸਵੇਰੇ ਜਾਂ ਦੇਰ ਸ਼ਾਮ ਨੂੰ ਬਾਹਰ ਨਾ ਕੱਢੋ ਨਹੀਂ ਤਾਂ ਠੰਡ ਦੇ ਅਸਰ ਕਾਰਨ ਦੁੱਧ ਵੀ ਘਟੇਗਾ ਅਤੇ ਪਸ਼ੂ ਨਿਮੋਨੀਆ ਆਦਿ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਸਕਦੇ ਹਨ। ਜ਼ਿਆਦਾ ਠੰਡ 'ਚ ਪਸ਼ੂਆਂ ਉੱਪਰ ਝੁੱਲ ਵੀ ਪਾਏ ਜਾ ਸਕਦੇ ਹਨ, ਪਸ਼ੂਆਂ ਨੂੰ ਪੀਣ ਲਈ ਤਾਜ਼ਾ ਪਾਣੀ ਦਿਓ, ਪਾਣੀ ਨਾ ਤਾਂ ਬਹੁਤਾ ਠੰਡਾ ਹੋਵੇ ਅਤੇ ਨਾ ਹੀ ਗਰਮ ਹੋਵੇ। ਪਸ਼ੂਆਂ ਨੂੰ ਅਫਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ 'ਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ। ਵੱਡੇ ਪਸ਼ੂਆਂ ਅਤੇ 4 ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖੁਰ ਦੇ ਟੀਕੇ ਲਗਵਾਓ। ਸੂਤਕੀ ਬੁਖ਼ਾਰ ਤੋਂ ਬਚਾਅ ਲਈ ਇਕੱਲੇ ਫਲੀਦਾਰ ਚਾਰੇ ਨਾ ਪਾਓ, ਵਿਚ ਕੋਈ ਹੋਰ ਚਾਰਾ ਜਾਂ ਸਾਈਲੇਜ ਮਿਲਾ ਕੇ ਪਾਓ। ਨਵਜੰਮੇ ਕੱਟੜੂ/ ਵੱਛੜੂ ਠੰਡ ਵਿਚ ਜਲਦੀ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਇਸ ਕਰਕੇ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖੋ। ਨਵ ਜਨਮੇ ਕੱਟੜੂ/ ਵੱਛੜੂ ਨੂੰ 4 ਦਿਨ ਤੋਂ 3 ਮਹੀਨੇ ਦੀ ਉਮਰ ਤੱਕ ਕਾਫਸਟਾਰਟਰ ਫੀਡ ਦੀ ਵਰਤੋਂ ਕਰੋ, ਜਿਸ ਵਿਚ ਪ੍ਰੋਟੀਨ 23-25 ਫ਼ੀਸਦੀ ਤਕ ਹੋਣਾ ਚਾਹੀਦਾ ਹੈ। ਕੱਟੜੂ/ਵੱਛੜੂ ਨੂੰ ਸਾਫ-ਸੁਥਰੀ ਸੁੱਕੀ ਜਗ੍ਹਾ 'ਤੇ ਰੱਖੋ, ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਾਲੇ ਦਿਨਾਂ ਵਿਚ ਧੁੱਪੇ ਬੰਨ੍ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ 'ਆਪ' ਲਈ ਮੇਅਰ ਬਣਾਉਣਾ ਹੋਵੇਗਾ ਮੁਸ਼ਕਿਲ, ਜਾਣੋ ਕਿੱਥੇ ਫਸ ਸਕਦੈ ਪੇਚ
NEXT STORY