ਜਲੰਧਰ (ਪੁਨੀਤ)— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਤੋਂ 175 ਕਰੋੜ ਰੁਪਏ ਲੋਨ ਲੈਣ ਵਾਲੇ ਇੰਪਰੂਵਮੈਂਟ ਟਰੱਸਟ ਦੇ ਆਰਥਿਕ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਟਰੱਸਟ ਲੋਨ ਦੀ ਬਕਾਇਆ ਰਕਮ ਅਦਾ ਕਰ ਪਾਉਣ 'ਚ ਅਸਮਰੱਥ ਹੈ, ਜਿਸ ਕਾਰਨ ਅਜੇ ਵੀ 111 ਕਰੋੜ ਰੁਪਏ ਦਾ ਲੋਨ ਬਕਾਇਆ ਹੈ। ਟਰੱਸਟ ਦੀ ਸੰਪਤੀ ਬੈਂਕ ਕੋਲ ਗਿਰਵੀ ਪਈ ਹੈ ਜਿਸ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਸ਼ਾਮਲ ਹੈ। ਬੈਂਕ ਨੇ ਇੰਪਰੂਵਮੈਂਟ ਟਰੱਸਟ ਨੂੰ ਨੋਟਿਸ ਦੇ ਕੇ 13 ਜੁਲਾਈ ਨੂੰ ਸਟੇਡੀਅਮ ਨੂੰ ਸੀਲ ਕਰਨ ਲਈ ਲਿਖਿਆ ਸੀ ਜਿਸ ਦੇ ਬਾਅਦ ਟਰੱਸਟ ਨੇ ਬੈਂਕ 'ਚ 60 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਜੁਲਾਈ ਮਹੀਨੇ 'ਚ ਟਰੱਸਟ ਵੱਲੋਂ ਕੁੱਲ 1.55 ਕਰੋੜ ਰੁਪਏ ਜਮ੍ਹਾ ਕਰਵਾਏ ਗਏ। ਟਰੱਸਟ ਨੇ ਪਿਛਲੇ ਮਹੀਨੇ ਬੈਂਕ ਨੂੰ ਵਾਅਦਾ ਕੀਤਾ ਸੀ ਕਿ 1.55 ਕਰੋੜ ਦੇ ਇਲਾਵਾ 70 ਲੱਖ ਰੁਪਏ 31 ਜੁਲਾਈ ਤੱਕ ਅਦਾ ਕਰ ਦਿੱਤੇ ਜਾਣਗੇ ਪਰ ਟਰੱਸਟ ਇਹ ਰਕਮ ਅਦਾ ਨਹੀਂ ਕਰ ਪਾਇਆ, ਜਿਸ ਕਾਰਨ ਬੈਂਕ ਟਰੱਸਟ ਦੇ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਰਿਹਾ ਹੈ।
ਇਥੇ ਦੱਸਣਯੋਗ ਹੈ ਕਿ 175 ਕਰੋੜ ਦਾ ਲੋਨ ਟਰੱਸਟ ਨੇ ਸੂਰੀਆ ਐਨਕਲੇਵ ਐਕਸਟੈਂਸ਼ਨ ਸਕੀਮ ਲਈ 2011 'ਚ ਪੰਜਾਬ ਨੈਸ਼ਨਲ ਬੈਂਕ ਦੀ ਜੀ. ਟੀ. ਰੋਡ ਬਰਾਂਚ ਤੋਂ ਲਿਆ ਸੀ। ਲੋਨ ਦੀ ਰਕਮ ਅਦਾ ਨਾ ਹੋਣ ਕਾਰਨ ਬੈਂਕ ਵੱਲੋਂ ਵਾਰ-ਵਾਰ ਨੋਟਿਸ ਭੇਜਿਆ ਗਿਆ। ਲੋਨ ਅਦਾ ਕਰਨ ਲਈ ਟਰੱਸਟ ਵੱਲੋਂ ਬੈਂਕ ਨਾਲ ਕਿਸ਼ਤਾਂ ਕੀਤੀਆਂ ਗਈਆਂ ਪਰ ਟਰੱਸਟ ਕੁਝ ਕਿਸ਼ਤਾਂ ਦੇਣ ਦੇ ਬਾਅਦ ਅਗਲੀਆਂ ਕਿਸ਼ਤਾਂ ਦੇਣ 'ਚ ਅਸਮਰੱਥ ਹੋ ਗਿਆ। ਇਸ ਦੇ ਬਾਅਦ ਟਰੱਸਟ ਨੇ ਬੈਂਕ ਤੋਂ ਓਪਨ ਲੋਨ ਕਰ ਲਿਆ, ਇਸ ਦੇ ਤਹਿਤ ਟਰੱਸਟ ਜਿੰਨੀ ਰਕਮ ਚਾਹੇ ਓਨੀ ਅਦਾ ਕਰ ਸਕਦਾ ਹੈ ਪਰ ਕਈ-ਕਈ ਮਹੀਨੇ ਟਰੱਸਟ ਕਿਸ਼ਤਾਂ ਅਦਾ ਨਹੀਂ ਕਰ ਪਾਇਆ ਜਿਸ ਕਾਰਨ ਬੈਂਕ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰਨ ਦਾ ਫੈਸਲਾ ਲਿਆ, ਇਸ ਦੇ ਬਾਅਦ ਟਰੱਸਟ ਨੇ ਬੈਂਕ ਨੂੰ ਪੱਤਰ ਲਿਖ ਕੇ 15 ਅਗਸਤ ਨੂੰ ਸਟੇਡੀਅਮ 'ਚ ਹੋਣ ਵਾਲੇ ਆਜ਼ਾਦੀ ਦੇ ਪ੍ਰੋਗਰਾਮ ਦਾ ਹਵਾਲਾ ਦੇ ਕੇ ਸੀਲ ਨਾ ਕਰਨ ਲਈ ਲਿਖਿਆ ਜਿਸ 'ਤੇ ਬੈਂਕ ਨੇ ਅਜੇ ਸੀਲ ਨਹੀਂ ਲਗਾਈ।
28 ਕਰੋੜ ਅਦਾ ਕਰਕੇ ਐੱਨ. ਪੀ. ਏ. ਤੋਂ ਬਾਹਰ ਆਏਗਾ ਟਰੱਸਟ
ਟਰੱਸਟ ਦਾ ਅਕਾਊਂਟ 31 ਮਾਰਚ ਨੂੰ ਐੱਨ. ਪੀ. ਏ. (ਨਾਨ ਪ੍ਰਫਾਰਮਿੰਗ ਅਸਟੇਟ) ਹੋ ਚੁੱਕਾ ਹੈ। ਬੈਂਕ ਅਧਿਕਾਰੀ ਦੱਸਦੇ ਹਨ ਕਿ 28 ਕਰੋੜ ਰੁਪਏ ਅਦਾ ਕਰਨ ਦੇ ਬਾਅਦ ਟਰੱਸਟ ਦਾ ਜੀ. ਟੀ. ਰੋਡ ਸਥਿਤ ਅਕਾਊਂਟ ਐੱਨ. ਪੀ. ਏ. ਤੋਂ ਬਾਹਰ ਆਏਗਾ। ਲੋਨ ਲੈਣ ਲਈ ਟਰੱਸਟ ਨੇ ਪੀ. ਐੱਨ. ਬੀ. ਕੋਲ ਆਪਣੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਗਿਰਵੀ ਰੱਖੀ ਹੈ ਜੇਕਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਮਾਰਕੀਟ ਵੈਲਿਊ ਬੈਂਕ ਨੇ 288 ਕਰੋੜ ਰੁਪਏ ਲਗਾਈ ਹੈ। ਇਸ ਦੇ ਇਲਾਵਾ ਵੀ ਕਰੋੜਾਂ ਰੁਪਏ ਦੀਆਂ ਕਈ ਅਜਿਹੀਆਂ ਜਾਇਦਾਦਾਂ ਹਨ ਜਿਨ੍ਹਾਂ 'ਤੇ ਬੈਂਕ ਆਪਣਾ ਕਬਜ਼ਾ ਕਰ ਸਕਦਾ ਹੈ। ਹੁਣ ਦੇਖਣ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਟਰੱਸਟ ਕੀ ਕਦਮ ਚੁੱਕਦਾ ਹੈ।
ਫਲੈਟ ਸਕੀਮ ਦੇ ਕਾਰਨ ਲੋਕਾਂ ਦਾ ਭਰੋਸਾ ਉੱਠਿਆ
ਟਰੱਸਟ ਕੋਲ ਪੈਸਾ ਕਿਥੋਂ ਆਏਗਾ ਇਹ ਵੱਡਾ ਪ੍ਰਸ਼ਨ ਹੈ ਕਿਉਂਕਿ ਪਿਛਲੀ ਵਾਰ ਟਰੱਸਟ ਵੱਲੋਂ 100 ਕਰੋੜ ਦੀ ਪ੍ਰਾਪਰਟੀ ਨਿਲਾਮੀ 'ਚ ਰੱਖੀ ਗਈ ਸੀ ਜਿਸ 'ਚ ਸਿਰਫ 95 ਲੱਖ ਦੀਆਂ ਜਾਇਦਾਦਾਂ ਹੀ ਵਿਕ ਸਕੀਆਂ ਅਤੇ ਟਰੱਸਟ ਬੋਲੀ ਕਰਵਾਉਣ 'ਚ ਖਰਚ ਹੋਏ ਲੱਖਾਂ ਰੁਪਏ ਦੀ ਭਰਪਾਈ ਵੀ ਨਹੀਂ ਕਰ ਸਕਿਆ। ਟਰੱਸਟ ਦੀਆਂ ਜਾਇਦਾਦਾਂ ਤੋਂ ਖਪਤਕਾਰਾਂ ਦਾ ਭਰੋਸਾ ਇਸ ਲਈ ਉੱਠ ਗਿਆ ਹੈ ਕਿਉਂਕਿ ਟਰੱਸਟ ਦੀ ਸੂਰੀਆ ਐਨਕਲੇਵ ਐਕਸਟੈਨਸ਼ਨ ਸਕੀਮ 94.97 ਏਕੜ ਫਲਾਪ ਸ਼ੋਅ ਸਾਬਤ ਹੋਈ। ਟਰੱਸਟ 94.97 ਏਕੜ ਦੇ ਕਬਜ਼ੇ ਤੱਕ ਨਹੀਂ ਹਟਾ ਪਾਇਆ ਹੈ ਅਤੇ ਅੱਜ ਵੀ ਆਪਣੇ ਪਲਾਟਾਂ ਦੀ ਪੋਜ਼ੀਸ਼ਨ ਪਾਉਣ ਲਈ ਲੋਕ ਭਟਕ ਰਹੇ ਹਨ। ਕਈ ਵਾਰ ਟਰੱਸਟ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਬਾਵਜੂਦ ਅਧਿਕਾਰੀਆਂ ਦੇ ਸਿਰ 'ਤੇ ਜੂੰ ਤੱਕ ਨਹੀਂ ਸਰਕ ਰਹੀ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ। ਹੁਣ ਟਰੱਸਟ ਲੋਨ ਅਦਾ ਕਰਨ ਲਈ ਫੰਡ ਕਿਥੋਂ ਲਿਆਏਗਾ ਇਹ ਦੇਖਣਾ ਹੋਵੇਗਾ।
ਗੁੱਸੇ ਤੇ ਰੋਸੇ ਛੱਡ ਨਸ਼ਿਆਂ ਖਿਲਾਫ ਇਕੱਠੇ ਹੋਏ 'ਪੰਜਾਬ-ਹਰਿਆਣਾ'
NEXT STORY