ਅੰਮ੍ਰਿਤਸਰ (ਜ.ਬ.) : ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ’ਤੇ ਉੱਤਰਾਖੰਡ ਦੇ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਹੋਈ ਮਰਿਆਦਾ ਦੀ ਉਲੰਘਣਾ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੇਵਾ ਸਿੰਘ, ਜਨਰਲ ਸਕੱਤਰ ਧੰਨਾ ਸਿੰਘ ਅਤੇ ਕਾਰਸੇਵਾ ਵਾਲੇ ਬਾਬਾ ਤਰਸੇਮ ਸਿੰਘ ਨੂੰ ਤਨਖਾਹ ਲਗਾਈ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਉੱਤਰਾਖੰਡ ਦੇ ਇਸ ਗੁਰਦੁਆਰਾ ਸਾਹਿਬ ਵਿਖੇ ਭਾਜਪਾ ਦੇ ਮੁੱਖ ਮੰਤਰੀ ਦੇ ਆਉਣ ’ਤੇ ਗੁਰਦੁਆਰਾ ਸਾਹਿਬ ਦੇ ਬਾਹਰ ਬਰਾਂਡੇ ’ਚ ਔਰਤਾਂ ਦਾ ਡਾਂਸ ਕਰਵਾ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਮਲਕੀਤ ਸਿੰਘ ਐਡੀ. ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਿਕਰਮਜੀਤ ਸਿੰਘ ਪੰਜ ਪਿਆਰਾ ਤੇ ਭਾਈ ਮੰਗਲ ਸਿੰਘ ਪੰਜ ਪਿਆਰਾ ਨੇ ਉਕਤ ਵਿਅਕਤੀਆਂ ਨੂੰ ਤਨਖਾਹੀਆ ਕਰਾਰ ਦਿੱਤਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਤਿੰਨੇ ਪੰਦਰਾਂ ਦਿਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਵਿਖੇ ਰੋਜ਼ਾਨਾ ਸਵੇਰ ਵੇਲੇ ਇਕ ਘੰਟਾ ਕਥਾ ਸਰਵਣ ਕਰਨਗੇ, ਇਕ ਘੰਟਾ ਸਾਧ ਸੰਗਤ ਦੇ ਜੋੜੇ ਝਾੜਨਗੇ, ਇਕ ਘੰਟਾ ਲੰਗਰ ’ਚ ਭਾਂਡੇ ਸਾਫ਼ ਕਰਨਗੇ ਅਤੇ ਨਿਤਨੇਮ ਦੇ ਇਲਾਵਾ ਰੋਜ਼ਾਨਾ ਇਕ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ। ਇਸਦੇ ਇਲਾਵਾ ਪੰਦਰਾਂ ਦਿਨ ਦੀ ਸੇਵਾ ਉਪਰੰਤ 2100/- ਰੁਪਏ ਗੋਲਕ ’ਚ ਪਾਉਣ ਦੇ ਇਲਾਵਾ 2100/- ਰੁਪਏ ਦੀ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਗ੍ਰੰਥੀ ਸਿੰਘ ਕੋਲੋਂ ਖਿਮਾਂ ਯਾਚਨਾ ਦੀ ਅਰਦਾਸ ਕਰਵਾਉਣਗੇ।
ਵੋਟਰ ਸੂਚੀ ਵਿਚ ਰਜਿਸਟਰੇਸ਼ਨ ਅਤੇ ਵੇਰਵਿਆਂ ਵਿਚ ਸੋਧ ਲਈ ਸ਼ੁਰੂ ਕੀਤੀ ਜਾਵੇਗੀ ਵਿਸ਼ੇਸ਼ ਮੁਹਿੰਮ : ਡਾ. ਰਾਜੂ
NEXT STORY