ਪਟਿਆਲਾ, (ਪਰਮੀਤ)- ਸਹਾਇਕ ਕਮਿਸ਼ਨਰ ਸੂਬਾ ਸਿੰਘ ਨੇ ਸਿਹਤ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲੇ ਵਿਚ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਤੇਜ਼ ਕੀਤੀ ਜਾਵੇ। ਇਸ ਦੇ ਨਾਲ-ਨਾਲ ਸ਼ਹਿਰ ਤੇ ਵੱਡੇ ਕਸਬਿਆਂ ਵਿਚ ਵੱਖ-ਵੱਖ ਅਦਾਰਿਆਂ/ਸੰਸਥਾਵਾਂ ਵੱਲੋਂ ਬਣਾਏ ਸਵਿਮਿੰਗ ਪੂਲ ਜੋ ਬੰਦ ਪਏ ਹਨ, 'ਚ ਤੁਰੰਤ ਦਵਾਈ ਦਾ ਛਿੜਕਾਅ ਕਰ ਕੇ ਉਨ੍ਹਾਂ 'ਚ ਖੜ੍ਹਾ ਪਾਣੀ ਖਾਲੀ ਕਰਵਾਇਆ ਜਾਵੇ। ਸਹਾਇਕ ਕਮਿਸ਼ਨਰ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਜ਼ਿਲੇ ਵਿਚ ਡੇਂਗੂ ਦੀ ਰੋਕਥਾਮ ਲਈ ਜਾਰੀ ਗਤੀਵਿਧੀਆਂ ਦੀ ਸਮੀਖਿਆ ਕਰ ਰਹੇ ਸਨ। ਸੂਬਾ ਸਿੰਘ ਨੇ ਕਿਹਾ ਕਿ ਉਸ ਹਰ ਥਾਂ ਦੀ ਸਫਾਈ ਕੀਤੀ ਜਾਵੇ, ਜੋ ਡੇਂਗੂ ਫੈਲਣ ਦਾ ਕਾਰਨ ਬਣਦੀ ਹੈ। ਸਹਾਇਕ ਕਮਿਸ਼ਨਰ ਸੂਬਾ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲੇ ਵਿਚ ਸਾਰੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਲੋਕਾਂ ਨੂੰ ਆਪਣੇ ਘਰ ਤੇ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਲਈ ਵੀ ਜਾਗਰੂਕ ਕੀਤਾ ਜਾਵੇ। ਜਿਸ ਘਰ ਜਾਂ ਇਲਾਕੇ ਵਿਚ ਡੇਂਗੂ ਦਾ ਕੇਸ ਸਾਹਮਣੇ ਆਉਂਦਾ ਹੈ, ਉਸ ਖੇਤਰ ਵਿਚ ਛਿੜਕਾਅ ਯਕੀਨੀ ਬਣਾਇਆ ਜਾਵੇ।
ਸਰਕਾਰੀ ਹਸਪਤਾਲਾਂ 'ਚ ਵਿਸ਼ੇਸ਼ ਵਾਰਡ ਬਣਾਏ
ਮੀਟਿੰਗ ਵਿਚ ਹਾਜ਼ਰ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਅਤੇ ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਡੇਂਗੂ ਦੇ ਇਲਾਜ ਲਈ ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਵਾਰਡ ਬਣਾਏ ਗਏ ਹਨ। ਰਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ ਤੇ ਤ੍ਰਿਪੜੀ ਸਥਿਤ ਸਿਹਤ ਕੇਂਦਰ ਵਿਖੇ ਡੇਂਗੂ ਦੇ ਟੈਸਟਾਂ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤੱਕ ਜ਼ਿਲੇ ਵਿਚ ਡੇਂਗੂ ਦੇ 2243 ਸ਼ੱਕੀ ਕੇਸ ਮਿਲੇ ਹਨ। ਇਨ੍ਹਾਂ ਵਿੱਚੋਂ 1083 ਦੀ ਪੁਸ਼ਟੀ ਹੋਈ ਹੈ, ਜਦਕਿ ਸਿਹਤ ਵਿਭਾਗ ਨੂੰ ਜ਼ਿਲੇ ਵਿਚ 3 ਲੱਖ 78985 ਘਰਾਂ/ਅਦਾਰਿਆਂ ਦੀ ਚੈਕਿੰਗ ਕਰ ਕੇ 22850 ਥਾਵਾਂ 'ਤੇ ਡੇਂਗੂ ਦਾ ਲਾਰਵਾ ਮਿਲਿਆ ਹੈ।
ਲੋਕ ਆਪਣੇ ਘਰ ਤੇ ਆਲਾ-ਦੁਆਲਾ ਸਾਫ ਰੱਖਣ
ਸਹਾਇਕ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਘਰ ਤੇ ਆਲਾ-ਦੁਆਲਾ ਸਾਫ ਰੱਖਣ। ਘਰਾਂ ਵਿਚ ਫਰਿੱਜਾਂ ਦੀਆਂ ਟਰੇਆਂ, ਕੂਲਰ, ਪੁਰਾਣੇ ਟਾਇਰ, ਪੰਛੀਆਂ ਲਈ ਪਾਣੀ ਦੇ ਬਰਤਨ, ਜਾਨਵਰਾਂ ਦੇ ਪਾਣੀ ਪੀਣ ਵਾਲੀਆਂ ਖੇਲਾਂ 'ਚ ਪਾਣੀ ਨਾ ਖੜ੍ਹਾ ਹੋਣ ਦੇਣ। ਲਗਾਤਾਰ ਇਸ ਦੀ ਸਫ਼ਾਈ ਰੱਖਣ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਐੈੱਸ. ਡੀ. ਐੈੱਮ. ਰਾਜਪੁਰਾ ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਸਿਹਤ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਹਿੰਦੂ ਸੁਰੱਖਿਆ ਸੰਮਤੀ ਨੇ ਫੂਕਿਆ ਅੱਤਵਾਦ ਦਾ ਪੁਤਲਾ
NEXT STORY