ਮੋਹਾਲੀ (ਕੁਲਦੀਪ) - ਲੋਕਲ ਬਾਡੀਜ਼ ਵਿਭਾਗ ਵਿਚ 2015 ਵਿਚ ਵੱਖ-ਵੱਖ ਅਹੁਦਿਆਂ ਦੀ ਭਰਤੀ ਸਬੰਧੀ ਹੋਏ ਪੇਪਰ ਲੀਕ ਮਾਮਲੇ ਸਬੰਧੀ ਦਰਜ ਕੇਸ ਵਿਚ ਅੱਜ ਵਿਜੀਲੈਂਸ ਨੇ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਤੇ ਇਸ ਮਾਮਲੇ ਦੇ ਮਾਸਟਰ ਮਾਈਂਡ ਸੰਜੈ ਕੁਮਾਰ ਸ਼੍ਰੀਵਾਸਤਵਾ ਉਰਫ ਗੁਰੂ ਜੀ ਸਮੇਤ 27 ਮੁਲਜ਼ਮਾਂ ਖਿਲਾਫ ਅੱਜ ਮੋਹਾਲੀ ਦੀ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ । ਡੀ. ਐੱਸ. ਪੀ. ਵਿਜੀਲੈਂਸ ਧਰਮਪਾਲ ਨੇ ਚਲਾਨ ਪੇਸ਼ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ।
ਵਿਜੀਲੈਂਸ ਨੇ ਅੱਜ ਮੁਲਜ਼ਮਾਂ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ, ਕੇਸ ਦੇ ਮਾਸਟਰ ਮਾਈਂਡ ਸੰਜੈ ਕੁਮਾਰ ਸ਼੍ਰੀਵਾਸਤਵਾ ਉਰਫ ਗੁਰੂ ਜੀ, ਸੰਦੀਪ ਸਿੰਘ, ਖੁਸ਼ਵੰਤ ਸਿੰਘ, ਗੌਰਵ ਸ਼ਰਮਾ, ਮਲਵਿੰਦਰ ਸਿੰਘ, ਸਾਹਿਲ ਬੰਸਲ, ਹਰਵੀਰ ਸਿੰਘ ਮਾਨ, ਦਿਲਬਾਗ ਸਿੰਘ, ਭਗਵਾਨ ਸਿੰਘ, ਗੁਰਮੇਜ ਸਿੰਘ ਗੋਲਡੀ, ਵਿਨੋਦ ਨਹਿਰਾ, ਰਾਏ ਸਾਹਿਬ, ਮੁਸ਼ਤਾਕ ਅਹਿਮਦ, ਸ਼ਿਵ ਬਹਾਦਰ ਸਿੰਘ, ਸੈਲੇਸ਼ ਕੁਮਾਰ ਸਿੰਘ, ਰਣਬੀਰ ਸਿੰਘ ਰਾਵਤ, ਅਮਿਤ ਸਾਗਰ, ਅਮਨਦੀਪ ਸਿੰਘ, ਸੁਖਪ੍ਰੀਤ ਸਿੰਘ ਸਮੇਤ 27 ਮੁਲਜ਼ਮਾਂ ਖਿਲਾਫ ਚਲਾਨ ਪੇਸ਼ ਕੀਤਾ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਫਿਲਹਾਲ ਕੁਰੱਪਸ਼ਨ ਐਕਟ ਤਹਿਤ ਫਿਲਹਾਲ ਕੋਈ ਇਲਜ਼ਾਮ ਸਾਹਮਣੇ ਨਹੀਂ ਆਇਆ, ਇਸ ਲਈ ਅਜੇ ਕੁਰੱਪਸ਼ਨ ਐਕਟ ਦੀਆਂ ਧਾਰਾਵਾਂ ਚਲਾਨ ਵਿਚ ਸ਼ਾਮਲ ਨਹੀਂ ਕੀਤੀ ਗਈਆਂ ਹਨ ।
ਲੱਖਾਂ ਰੁਪਏ ਲੈ ਕੇ ਦਿਖਾਏ ਗਏ ਸਨ ਪੇਪਰ
ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਲੋਕਲ ਬਾਡੀਜ਼ ਵਿਭਾਗ ਪੰਜਾਬ ਵਿਚ ਇੰਸਪੈਕਟਰਾਂ/ਸੀਨੀਅਰ ਅਸਿਸਟੈਂਟਾਂ ਦੀ ਭਰਤੀ ਲਈ 8 ਨਵੰਬਰ 2015 ਨੂੰ ਪ੍ਰੀਖਿਆ ਲਈ ਸੀ । ਉਸ ਤੋਂ ਬਾਅਦ 15 ਨਵੰਬਰ 2015 ਨੂੰ ਜੁਨੀਅਰ ਇੰਜੀਨੀਅਰ ਤੇ ਐੱਸ. ਡੀ. ਓ. ਦੇ ਅਹੁਦਿਆਂ ਦੀ ਭਰਤੀ ਸਬੰਧੀ ਪ੍ਰੀਖਿਆ ਲਈ ਗਈ ਸੀ । ਪ੍ਰੀਖਿਆ ਹੋਣ ਤੋਂ ਪਹਿਲਾਂ ਹੀ ਪੇਪਰ ਲੀਕ ਹੋ ਗਿਆ ਸੀ । ਵਿਜੀਲੈਂਸ ਜਾਂਚ ਵਿਚ ਪਤਾ ਲੱਗਾ ਸੀ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਤੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਨੂੰ ਇਹ ਪੇਪਰ ਯੂ. ਪੀ. ਦੇ ਲਖਨਊ ਸ਼ਹਿਰ ਤੇ ਦਿੱਲੀ ਦੇ ਨਜਫਗੜ੍ਹ ਵਿਚ ਵਿਖਾਏ ਗਏ ਸਨ ।
56 ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਚੁੱਕੀ ਵਿਜੀਲੈਂਸ
ਪੇਪਰ ਲੀਕ ਮਾਮਲਾ ਸਾਹਮਣੇ ਆਉਣ 'ਤੇ ਵਿਜੀਲੈਂਸ ਨੇ 6 ਅਪ੍ਰੈਲ 2016 ਨੂੰ ਕੇਸ ਦਰਜ ਕੀਤਾ ਸੀ । ਲੋਕਲ ਬਾਡੀਜ਼ ਵਿਭਾਗ ਵਿਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਨਸਪ, ਪੁੱਡਾ ਤੇ ਸਿੰਚਾਈ ਵਿਭਾਗ ਪੰਜਾਬ ਵਿਚ ਵੀ ਭਰਤੀ ਘਪਲੇ ਸਾਹਮਣੇ ਆਏ ਸਨ । ਹੁਣ ਤਕ ਵਿਜੀਲੈਂਸ ਲੋਕਲ ਬਾਡੀਜ਼ ਵਿਭਾਗ ਵਾਲੇ ਕੇਸ ਵਿਚ 56 ਮੁਲਜ਼ਮਾਂ ਨੂੰ ਨਾਮਜ਼ਦ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ 27 ਖਿਲਾਫ ਅੱਜ ਚਲਾਨ ਪੇਸ਼ ਕਰ ਦਿੱਤਾ ਗਿਆ ਹੈ । ਬਾਕੀ ਮੁਲਜ਼ਮਾਂ ਖਿਲਾਫ ਜਾਂਚ ਚੱਲ ਰਹੀ ਹੈ ਤੇ ਜਾਂਚ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਸਪਲੀਮੈਂਟਰੀ ਚਲਾਨ ਵਿਚ ਸ਼ਾਮਲ ਕੀਤਾ ਜਾਵੇਗਾ ।
ਸ਼ੌਕ ਪੂਰਾ ਕਰਨ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ 3 ਗ੍ਰਿਫਤਾਰ
NEXT STORY