ਜਲੰਧਰ (ਵੈੱਬ ਡੈਸਕ) : ਜਲੰਧਰ ਕੇਂਦਰੀ ਸੀਟ ਪੰਜਾਬ ਦੀਆਂ ਹੌਟ ਸੀਟਾਂ ਵਿੱਚੋਂ ਇਕ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਵਾਰ ਭਾਜਪਾ ਵੱਲੋਂ ਤਿੰਨ ਵਾਰ ਵਿਧਾਇਕ ਰਹੇ ਮਨੋਰੰਜਨ ਕਾਲੀਆ ਲਗਾਤਾਰ 6ਵੀਂ ਵਾਰ ਚੋਣ ਮੈਦਾਨ ਵਿੱਚ ਹਨ ਅਤੇ ਕਾਂਗਰਸ ਵੱਲੋਂ 2017 ਦੇ ਜੇਤੂ ਵਿਧਾਇਕ ਰਾਜਿੰਦਰ ਬੇਰੀ ਵੀ ਮੁੜ ਚੋਣ ਲੜਨ ਜਾ ਰਹੇ ਹਨ। ਭਾਜਪਾ ਗਠਜੋੜ ਤੋਂ ਵੱਖ ਅਤੇ ਬਸਪਾ ਨਾਲ ਗਠਜੋੜ ਕਰਕੇ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2017 ਵਿੱਚ ਕਰਤਾਰਪੁਰ ਤੋਂ 'ਆਪ' ਦੇ ਉਮੀਦਵਾਰ ਰਹੇ ਚੰਦਨ ਗਰੇਵਾਲ ਚੋਣ ਮੈਦਾਨ ਵਿੱਚ ਹਨ। ਜੇਕਰ ਗੱਲ ਕੀਤੀ ਜਾਵੇ ਇਸ ਸੀਟ ਤੋਂ 1997 ਤੋਂ ਲੈ ਕੇ 2017 ਤੱਕ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੀ ਤਾਂ ਇਸ ਸੀਟ ’ਤੇ ਜ਼ਿਆਦਾਤਰ ਭਾਜਪਾ ਦਾ ਦਬਦਬਾ ਰਿਹਾ ਹੈ। ਇਥੋਂ ਤਿੰਨ ਵਾਰ ਭਾਜਪਾ ਪਾਰਟੀ ਜਿੱਤੀ ਹੈ ਜਦਕਿ ਕਾਂਗਰਸ ਦੀ ਪਾਰਟੀ ਨੂੰ ਸਿਰਫ ਦੋ ਵਾਰ ਹੀ ਜਿੱਤ ਹਾਸਲ ਹੋ ਸਕੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਕਾਂਗਰਸ ਦੇ ਰਾਜਿੰਦਰ ਬੇਰੀ ਵਿਧਾਇਕ ਬਣੇ। ਰਾਜਿੰਦਰ ਬੇਰੀ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਤੋਂ 24078 ਵੋਟਾਂ ਦੇ ਫਰਕ ਨਾਲ ਜਿੱਤੇ ਸਨ।
1997
ਸਾਲ 1997 ਦੀਆਂ ਚੋਣਾਂ ਦੌਰਾਨ ਭਾਜਪਾ ਨੇ ਇਸ ਸੀਟ ’ਤੇ ਜਿੱਤ ਦਰਜ ਕਰਵਾਈ ਸੀ ਜਦਕਿ ਕਾਂਗਰਸ ਦੇ ਉਮੀਦਵਾਰ ਅਤੇ ਬਸਪਾ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਨੋਰੰਜਨ ਕਾਲੀਆ ਨੂੰ 43041 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਜੈ ਕਿਸ਼ਨ ਸੈਣੀ ਨੂੰ 23671 ਵੋਟਾਂ ਮਿਲੀਆ ਅਤੇ ਬਸਪਾ ਦੇ ਉਮੀਦਵਾਰ ਸਤਪਾਲ ਦਿਨਕਰ ਨੂੰ ਸਿਰਫ਼ 2686 ਵੋਟਾਂ ਪਈਆਂ।
2002
ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ਨੂੰ ਜਿੱਤਣ ਦੀ ਕਾਂਗਰਸ ਦੇ ਹੱਥ ਸਫ਼ਲਤਾ ਲੱਗੀ ਸੀ। ਇਥੋਂ ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਗੁਪਤਾ ਜੇਤੂ ਰਹੇ। ਚੋਣਾਂ ਦੇ ਮੁਬਾਬਲੇ ਦੌਰਾਨ ਰਾਜ ਕੁਮਾਰ ਗੁਪਤਾ ਨੇ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਨੂੰ 7711 ਵੋਟਾਂ ਦੇ ਫਰਕ ਨਾਲ ਹਰਾਇਆ।
2007
ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਭਾਜਪਾ ਦੇ ਮੋਨਰੰਜਨ ਕਾਲੀਆ ਦਾ ਹੀ ਇਸ ਸੀਟ ’ਤੇ ਦਬਦਬਾ ਰਿਹਾ ਜਦਕਿ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੋਣਾਂ ਦੌਰਾਨ ਮਨੋਰੰਜਨ ਕਾਲੀਆ ਨੇ ਕਾਂਗਰਸ ਦੇ ਤੇਜਿੰਦਰ ਸਿੰਘ ਬਿੱਟੂ ਨੂੰ 19009 ਵੋਟਾਂ ਦਾ ਫਰਕ ਨਾਲ ਹਰਾਇਆ। ਮਨੋਰੰਜਨ ਕਾਲੀਆ ਨੂੰ 47221 ਜਦਕਿ ਤੇਜਿੰਦਰ ਸਿੰਘ ਬਿੱਟੂ ਨੂੰ 28210 ਵੋਟਾਂ ਪਈਆਂ ਸਨ।
2012
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਨੇ ਜਲੰਧਰ ਸੈਂਟਰਲ ਹਲਕਾ ’ਤੇ ਕਬਜ਼ਾ ਕੀਤਾ। ਕਾਂਗਰਸ ਦੇ ਰਾਜਿੰਦਰ ਬੇਰੀ ਸਿਰਫ਼ 1065 ਵੋਟਾਂ ਦੇ ਫਰਕ ਨਾਲ ਇਹ ਚੋਣ ਹਾਰ ਗਏ ਸਨ। ਮਨੋਰੰਜਨ ਕਾਲੀਆ ਨੂੰ 44963 ਵੋਟਾਂ ਮਿਲੀਆਂ ਜਦਕਿ ਰਾਜਿੰਦਰ ਬੇਰੀ ਨੂੰ 43898 ਵੋਟਾਂ ਮਿਲੀਆਂ।
2017
ਸਾਲ 2017 ’ਚ ਇਸ ਸੀਟ ਤੋਂ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਤ੍ਰਿਕੋਣੀ ਟੱਕਰ ਦੌਰਾਨ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਸਿੰਘ ਬੇਰੀ ਨੇ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਨੂੰ 24078 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਨ੍ਹਾਂ ਚੋਣਾਂ ਦੌਰਾਨ ਰਾਜਿੰਦਰ ਬੇਰੀ ਨੂੰ 55518 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਮਨੋਰੰਜਨ ਕਾਲੀਆ ਨੂੰ 31440 ਵੋਟਾਂ ਮਿਲੀਆਂ।
2022 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਰਾਜਿੰਦਰ ਬੇਰੀ ਮੁੜ ਚੋਣ ਮੈਦਾਨ ਵਿੱਚ ਹਨ ਅਤੇ ਭਾਜਪਾ ਵੱਲੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਮਨੋਰੰਜਨ ਕਾਲੀਆ ਨੂੰ ਟਿਕਟ ਦਿੱਤੀ ਗਈ ਹੈ।ਅਕਾਲੀ ਦਲ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਤਾਰਪੁਰ ਤੋਂ 'ਆਪ' ਦੇ ਉਮੀਦਵਾਰ ਰਹੇ ਚੰਦਨ ਗਰੇਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।'ਆਪ' ਨੇ ਇਸ ਸੀਟ ਤੋਂ ਰਮਨ ਅਰੋੜਾ ਨੂੰ ਟਿਕਟ ਦਿੱਤੀ ਹੈ।ਸੰਯੁਕਤ ਸਮਾਜ ਮੋਰਚਾ ਵੱਲੋਂ ਇਸ ਸੀਟ ਤੋਂ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 174003 ਹੈ, ਜਿਨ੍ਹਾਂ 'ਚ 83871 ਪੁਰਸ਼, 90125 ਬੀਬੀਆਂ ਅਤੇ 7 ਥਰਡ ਜੈਂਡਰ ਵੋਟਰ ਹਨ।
ਜਲੰਧਰ ਪੱਛਮੀ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ
NEXT STORY