ਜਲੰਧਰ (ਸੁਧੀਰ)— ਫੈਸਟਿਵ ਸੀਜ਼ਨ ਦੇ ਮੱਦੇਨਜ਼ਰ ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਅਪਰਾਧੀਆਂ ਸਮੇਤ ਚੋਰ-ਲੁਟੇਰਿਆਂ ਨੂੰ ਨਕੇਲ ਪਾਉਣ ਲਈ ਕਮਿਸ਼ਨਰੇਟ ਪੁਲਸ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਨੇ ਫੈਸਟਿਵ ਸੀਜ਼ਨ ਦੌਰਾਨ ਦੇਰ ਰਾਤ ਬੀ. ਐੈੱਸ. ਐੈੱਫ. ਦੀ ਟੀਮ ਨੂੰ ਨਾਲ ਲੈ ਕੇ ਸ਼ਹਿਰ 'ਚ ਸਰਚ ਮੁਹਿੰਮ ਚਲਾਈ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਖੁਦ ਸਰਚ ਟੀਮ ਦੀ ਲੀਡ ਕਰ ਰਹੇ ਸਨ।
ਏ. ਡੀ. ਸੀ. ਪੀ. ਭੰਡਾਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪੁਲਸ ਟੀਮ ਨੇ ਰੇਲਵੇ ਸਟੇਸ਼ਨ ਤੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ 'ਚ ਸਰਚ ਮੁਹਿੰਮ ਚਲਾਈ ਅਤੇ ਰਾਤ 11 ਵਜੇ ਤੋਂ ਬਾਅਦ ਸ਼ਹਿਰ 'ਚ ਲੱਗਣ ਵਾਲੀਆਂ ਰੇਹੜੀਆਂ ਅਤੇ ਆਵਾਰਾਗਰਦੀ ਕਰਨ ਵਾਲੇ ਲੋਕਾਂ ਨੂੰ ਪੁਲਸ ਨੇ ਚਿਤਾਵਨੀ ਦੇ ਕੇ ਛੱਡਿਆ। ਇਸ ਦੇ ਨਾਲ ਹੀ ਪੁਲਸ ਨੇ ਸ਼ਹਿਰ ਦੇ ਕਈ ਗੈਸਟ ਹਾਊਸਾਂ ਅਤੇ ਸਾਈਕਲ ਸਟੈਂਡਾਂ 'ਚ ਸਰਚ ਮੁਹਿੰਮ ਚਲਾ ਕੇ ਕਈ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਕਈ ਵਾਹਨਾਂ ਦੇ ਕਮਿਸ਼ਨਰੇਟ ਪੁਲਸ ਨੇ ਕਾਗਜ਼ ਚੈੱਕ ਕੀਤੇ ਅਤੇ ਕਈਆਂ ਨੂੰ ਬਾਊਂਡ ਕੀਤਾ।
500 ਮੁਲਾਜ਼ਮਾਂ ਨੂੰ ਪੀ. ਏ. ਪੀ. ਤੋਂ ਕੀਤਾ ਗਿਆ ਤਾਇਨਾਤ, ਬੀ. ਐੱਸ. ਐੱਫ. 'ਚ ਵੀ ਰਹੇਗੀ ਤਾਇਨਾਤੀ
ਪੁਲਸ ਕਮਿਸ਼ਨਰ ਨੇ ਦੱਸਿਆ ਕਿ 500 ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ 'ਤੇ ਸ਼ਹਿਰ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 14 ਥਾਣਿਆਂ ਦੇ ਮੁਲਾਜ਼ਮਾਂ 'ਚ ਪੀ. ਸੀ. ਆਰ. ਦਸਤੇ ਨੂੰ ਵੀ ਸ਼ਹਿਰ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਵਿਸ਼ੇਸ਼ ਤੌਰ 'ਤੇ ਬੀ. ਐੱਸ. ਐੱਫ. ਦੇ 60 ਜਵਾਨਾਂ ਨੂੰ ਵੀ ਸ਼ਹਿਰ 'ਚ ਤਾਇਨਾਤ ਕੀਤਾ ਗਿਆ ਹੈ। ਕੁਲ 1300 ਦੇ ਕਰੀਬ ਮੁਲਾਜ਼ਮ ਸ਼ਹਿਰ ਦੀ ਸੁਰੱਖਿਆ ਕਰਨਗੇ। ਇਸ ਤੋਂ ਇਲਾਵਾ ਸਾਰੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀ ਵੀ ਫੀਲਡ 'ਚ ਤਾਇਨਾਤ ਰਹਿਣਗੇ।
ਪੀ. ਸੀ. ਆਰ. ਦਸਤੇ ਨੂੰ ਵੀ ਕੀਤਾ ਅਲਰਟ, ਬੀ. ਐੈੱਮ. ਸੀ. ਚੌਕ 'ਚ ਹੋਵੇਗਾ ਰਾਤ ਪੱਕਾ ਨਾਕਾ
ਫੈਸਟਿਵ ਸੀਜ਼ਨ ਦੌਰਾਨ ਪੀ. ਸੀ. ਆਰ. ਦਸਤੇ ਨੂੰ ਵੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਮੁਤਾਬਕ ਪੀ. ਸੀ. ਆਰ. ਮੁਲਾਜ਼ਮਾਂ ਨੂੰ ਫੈਸਟਿਵ ਸੀਜ਼ਨ ਦੌਰਾਨ ਕੰਟਰੋਲ ਰੂਮ ਤੋਂ ਮੈਸੇਜ ਆਉਣ 'ਤੇ ਤੁਰੰਤ ਮੌਕੇ 'ਤੇ ਪਹੁੰਚਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸੈਂਸਟਿਵ ਪੁਆਇੰਟਾਂ 'ਤੇ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਦੇਰ ਰਾਤ ਸਰਚ ਦੌਰਾਨ ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੇਖਿਆ ਕਿ ਸ਼ਹਿਰ ਦੇ ਪ੍ਰਮੁੱਖ ਬੀ. ਐੱਮ. ਸੀ. ਚੌਕ 'ਚ ਪੁਲਸ ਮੁਲਾਜ਼ਮ ਹੀ ਗਾਇਬ ਸਨ, ਜਿਸ ਕਾਰਨ ਉਨ੍ਹਾਂ ਪੀ. ਸੀ. ਆਰ. ਮੁਲਾਜ਼ਮਾਂ ਨੂੰ ਮੌਕੇ 'ਤੇ ਬੁਲਾਇਆ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਪੂਰੀ ਰਾਤ ਬੀ. ਐੱਮ. ਸੀ. ਚੌਕ 'ਚ ਪੀ. ਸੀ. ਆਰ. ਦਾ ਪੱਕਾ ਨਾਕਾ ਹੋਣਾ ਚਾਹੀਦਾ ਹੈ, ਜੇਕਰ ਨਾਕੇ ਤੋਂ ਪੁਲਸ ਮੁਲਾਜ਼ਮ ਗਾਇਬ ਹੋਣਗੇ ਤਾਂ ਸਸਪੈਂਡ ਕੀਤਾ ਜਾਵੇਗਾ। ਇਸ ਦੇ ਤਹਿਤ ਹੀ ਪੀ. ਸੀ. ਆਰ. ਇੰਚਾਰਜ ਸ਼ਸ਼ੀਪਾਲ ਸ਼ਰਮਾ ਨੇ ਵੀ ਪੀ. ਸੀ. ਆਰ. ਮੁਲਾਜ਼ਮਾਂ ਨੂੰ ਦੀਵਾਲੀ ਦੇ ਤਿਉਹਾਰ ਕਾਰਨ ਸ਼ਹਿਰ ਦੇ ਅੰਦਰੂਨੀ ਮੁਹੱਲਿਆਂ 'ਚ ਜੁਆਰੀਆਂ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ।
ਜੋਤੀ ਚੌਕ 'ਚ ਗੋਲੀ ਚੱਲਣ ਤੋਂ ਬਾਅਦ ਚੌਕੀਦਾਰਾਂ ਨੂੰ ਵੀ ਕੀਤਾ ਅਲਰਟ
ਜੋਤੀ ਚੌਕ ਕੋਲ ਗੋਲੀ ਚੱਲਣ ਤੋਂ ਬਾਅਦ ਫੈਸਟਿਵ ਸੀਜ਼ਨ ਦੌਰਾਨ ਪੁਲਸ ਨੂੰ ਅਲਰਟ ਕਰਨ ਦੇ ਨਾਲ-ਨਾਲ ਚੌਕੀਦਾਰਾਂ ਨੂੰ ਵੀ ਪੁਲਸ ਵੱਲੋਂ ਅਲਰਟ ਕੀਤਾ ਗਿਆ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਜੋਤੀ ਚੌਕ ਕੋਲ ਦੇਰ ਰਾਤ ਡਿਊਟੀ 'ਤੇ ਤਾਇਨਾਤ ਚੌਕੀਦਾਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਰਾਤ ਡਿਊਟੀ ਦੌਰਾਨ ਅਲਰਟ ਰਹਿਣ ਅਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ 'ਚ ਦੇਣ ਦੀ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਚੌਕੀਦਾਰਾਂ ਨੂੰ ਸੀਟੀ ਮਾਰ ਕੇ ਡਿਊਟੀ ਕਰਨ ਅਤੇ ਡਿਊਟੀ ਦੌਰਾਨ ਟਾਰਚ ਰੱਖਣ ਦੇ ਹੁਕਮ ਜਾਰੀ ਕੀਤੇ।
ਸ਼ਹਿਰ 'ਚ ਹੋਈ ਕੋਈ ਵਾਰਦਾਤ ਤਾਂ ਜ਼ਿੰਮੇਵਾਰ ਹੋਵੇਗਾ ਥਾਣਾ ਇੰਚਾਰਜ : ਏ. ਡੀ. ਸੀ. ਪੀ. ਸਿਟੀ ਭੰਡਾਲ
ਫੈਸਟਿਵ ਸੀਜ਼ਨ ਦੌਰਾਨ ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਅਤੇ ਚੋਰ-ਲੁਟੇਰਿਆਂ ਤੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਏ. ਡੀ. ਸੀ. ਪੀ. ਸਿਟੀ ਭੰਡਾਲ ਨੇ ਸਾਰੇ ਥਾਣਾ ਇੰਚਾਰਜਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਾਫ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਥਾਣਾ ਇੰਚਾਰਜ ਦੇ ਇਲਾਕੇ 'ਚ ਸਨੈਚਿੰਗ ਜਾਂ ਕੋਈ ਹੋਰ ਵਾਰਦਾਤ ਹੋਈ ਤਾਂ ਉਸ ਦਾ ਜ਼ਿੰਮੇਵਾਰ ਖੁਦ ਥਾਣਾ ਇੰਚਾਰਜ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ ਇਲਾਕੇ 'ਚ ਪੁਲਸ ਫੋਰਸ ਸਣੇ ਡਿਊਟੀ ਮੁਸਤੈਦੀ ਨਾਲ ਕਰਨ ਦੇ ਹੁਕਮ ਜਾਰੀ ਕੀਤੇ।
ਸ਼ਾਮ 5 ਤੋਂ 7 ਵਜੇ ਸ਼ਹਿਰ 'ਚ ਨਿਕਲੇਗਾ ਫਲੈਗ ਮਾਰਚ
ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਮੁਤਾਬਿਕ ਸਾਰੇ ਥਾਣਾ ਇੰਚਾਰਜਾਂ ਨੂੰ ਪੁਲਸ ਫੋਰਸ ਸਣੇ ਆਪਣੇ-ਆਪਣੇ ਇਲਾਕੇ 'ਚ ਸ਼ਾਮ 5 ਤੋਂ 7 ਵਜੇ ਤੱਕ ਰੋਜ਼ਾਨਾ ਫਲੈਗ ਮਾਰਚ ਕੱਢਣ ਅਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜੋਤੀ ਚੌਕ, ਨਕੋਦਰ ਚੌਕ, ਬਸਤੀ ਅੱਡੇ 'ਤੇ ਚੱਲਿਆ ਪੁਲਸ ਦਾ ਡੰਡਾ, 6 ਥਾਣਿਆਂ ਦੀ ਪੁਲਸ ਨੇ ਚਲਾਈ ਵਿਸ਼ੇਸ਼ ਮੁਹਿੰਮ
ਫੈਸਟਿਵ ਸੀਜ਼ਨ ਦੌਰਾਨ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੜਕਾਂ 'ਤੇ ਨਾਜਾਇਜ਼ ਢੰਗ ਨਾਲ ਕਬਜ਼ੇ ਕਰ ਕੇ ਬੈਠੇ ਦੁਕਾਨਦਾਰਾਂ 'ਤੇ ਬੀਤੇ ਦਿਨ ਕਮਿਸ਼ਨਰੇਟ ਪੁਲਸ ਦਾ ਡੰਡਾ ਚੱਲਿਆ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ 'ਚ ਏ. ਸੀ. ਪੀ. ਸੈਂਟਰਲ ਦਲਬੀਰ ਸਿੰਘ ਬੁੱਟਰ, ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਅਤੇ ਥਾਣਾ ਨੰਬਰ 1, 2, 3, 4, ਰਾਮਾ ਮੰਡੀ, ਬਾਰਾਂਦਰੀ ਦੇ ਇੰਚਾਰਜਾਂ ਅਤੇ ਭਾਰੀ ਪੁਲਸ ਫੋਰਸ ਸਣੇ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਜੋਤੀ ਚੌਕ ਤੋਂ ਰੈਣਕ ਬਾਜ਼ਾਰ, ਨਕੋਦਰ ਚੌਕ ਤੇ ਬਸਤੀ ਅੱਡਾ, ਮਿਲਾਪ ਚੌਕ, ਕੰਪਨੀ ਬਾਗ ਵਿਚ ਲੱਗੀਆਂ ਨਾਜਾਇਜ਼ ਦੁਕਾਨਾਂ ਨੂੰ ਪੁਲਸ ਨੇ ਹਟਵਾਇਆ ਅਤੇ ਦੁਕਾਨਾਂ ਦੇ ਅੱਗੇ ਨਾਜਾਇਜ਼ ਤੌਰ 'ਤੇ ਸਾਮਾਨ ਨੂੰ ਲਗਵਾਉਣ ਸਬੰਧੀ ਚਿਤਾਵਨੀ ਦਿੱਤੀ।
ਗਿੱਦੜਬਾਹਾ ਦੇ ਸਿਵਲ ਹਸਪਤਾਲ ਨੂੰ ਦੇਖ ਕੇ ਖਿੜ ਜਾਵੇਗੀ ਲੋਕਾਂ ਦੀ ਰੂਹ (ਵੀਡੀਓ)
NEXT STORY