ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਜਦੋਂ ਵੀ ਸਵੇਰੇ ਸੂਰਜ ਚੜ੍ਹਦਾ ਹੈ ਤਾਂ ਉਨ੍ਹਾਂ ਦੀਆਂ ਅੱਖਾਂ ਨੂੰ ਅਜਿਹੀ ਲੋਅ ਦੀ ਤਲਾਸ਼ ਹੁੰਦੀ ਹੈ, ਜਿਹੜੀ ਕਈ ਦਹਾਕਿਆਂ ਤੋਂ ਜੀਵਨ ਵਿਚ ਪੱਸਰੇ ਹਨੇਰੇ ਨੂੰ ਇਕ ਛਿੱਟ ਚਾਨਣ ਦੀ ਵੰਡ ਜਾਵੇ। ਰਾਤ ਨੂੰ ਟਿਮਕਦੇ ਤਾਰੇ ਵੇਖ ਕੇ ਵੀ ਉਨ੍ਹਾਂ ਦੀਆਂ ਆਸਾਂ ਜਾਗ੍ਰਤ ਹੁੰਦੀਆਂ ਹਨ ਕਿ ਆਖਰ ਕਦੇ ਤਾਂ ਉਨ੍ਹਾਂ 'ਤੇ ਛਾਏ ਮੌਤ ਦੇ ਬੱਦਲ ਛਟ ਜਾਣਗੇ। ਸਰਹੱਦੀ ਲੋਕਾਂ ਦੀ ਹੋਣੀ ਦਿਨ-ਰਾਤ ਦੇ ਚੱਕਰ ਵਿਚ ਉਲਝ ਕੇ ਰਹਿ ਗਈ ਹੈ, ਜਿੱਥੇ ਉਨ੍ਹਾਂ ਨੂੰ ਲਗਾਤਾਰ ਕੰਡਿਆਲੇ ਰਾਹਾਂ ਦਾ ਸਫਰ ਕਰਨਾ ਪੈ ਰਿਹਾ ਹੈ। ਨਾ ਪਾਕਿਸਤਾਨੀ ਸੈਨਿਕਾਂ ਦੀਆਂ ਬੰਦੂਕਾਂ ਖਾਮੋਸ਼ ਹੁੰਦੀਆਂ ਹਨ ਅਤੇ ਨਾ ਗਰੀਬੀ ਉਨ੍ਹਾਂ ਦਾ ਪੱਲਾ ਛੱਡਦੀ ਹੈ। ਪਾਕਿਸਤਾਨ ਨਾਲ ਲੱਗਦੀ ਜੰਮੂ-ਕਸ਼ਮੀਰ ਦੀ ਸੈਂਕੜੇ ਕਿਲੋਮੀਟਰ ਲੰਬੀ ਸੀਮਾ-ਰੇਖਾ ਦੇ ਕੰਢੇ ਬੈਠੇ ਲੋਕਾਂ ਲਈ ਹਰ ਘੜੀ ਕਿਸੇ ਖਤਰੇ ਦੇ ਅਹਿਸਾਸ ਤੋਂ ਸੱਖਣੀ ਨਹੀਂ ਹੁੰਦੀ। ਕਦੀ ਇਕ ਸੈਕਟਰ ਵਿਚ ਅਤੇ ਕਦੀ ਦੂਜੇ ਵਿਚ ਗੋਲੀਆਂ ਦੀ ਵਾਛੜ ਹੁੰਦੀ ਰਹਿੰਦੀ ਹੈ। ਕਈ ਵਾਰ ਤਾਂ ਗੋਲੀਬਾਰੀ ਦੀਆਂ ਕਈ-ਕਈ ਘਟਨਾਵਾਂ ਵਾਪਰ ਜਾਂਦੀਆਂ ਹਨ। ਲੋਕਾਂ ਦੇ ਖੇਤਾਂ, ਮਕਾਨਾਂ ਅਤੇ ਚੁੱਲ੍ਹਿਆਂ 'ਤੇ ਵੀ ਗੋਲੇ ਡਿੱਗਦੇ ਹਨ। ਉਸ ਘੜੀ ਉਹੀ ਖੁਸ਼ਕਿਸਮਤ ਹੁੰਦਾ ਹੈ, ਜਿਹੜਾ ਮੌਤ ਤੋਂ ਬਚ ਜਾਵੇ। ਲੋਕਾਂ ਨੂੰ ਤਾਂ ਇਹ ਸੋਚਣ ਦਾ ਜਾਂ ਆਵਾਜ਼ ਉਠਾਉਣ ਦਾ ਵੀ ਮੌਕਾ ਨਹੀਂ ਮਿਲਦਾ ਕਿ ਉੱਥੇ ਸੜਕਾਂ, ਸਿਹਤ ਸਹੂਲਤਾਂ, ਸਿੱਿਖਆ, ਬਿਜਲੀ-ਪਾਣੀ ਆਦਿ ਦੇ ਵੀ ਠੀਕ ਪ੍ਰਬੰਧ ਨਹੀਂ ਹਨ।
ਕਿਸਮਤ ਦੇ ਮਾਰੇ ਕੁਝ ਲੋਕਾਂ ਨੂੰ ਮਿਲਣ ਦਾ ਮੌਕਾ ਉਸ ਦਿਨ ਮਿਲਿਆ, ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ ਸਾਂਬਾ ਜ਼ਿਲੇ ਦੇ ਸਰਹੱਦੀ ਪਿੰਡ ਚੱਕ ਬੱਖਾਂ ਵਿਖੇ 554ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਗਈ ਸੀ। ਇਹ ਸਮੱਗਰੀ ਸੁਆਮੀ ਦਿਆਲ ਦਾਸ ਜੀ ਬੋੜੀ ਸਾਹਿਬ (ਕਾਠਗੜ੍ਹ) ਵਾਲਿਆਂ ਵੱਲੋਂ ਭਿਜਵਾਈ ਗਈ ਸੀ। ਚੱਕ ਬੱਖਾਂ 'ਚ ਆਸ-ਪਾਸ ਦੇ ਪਿੰਡਾਂ ਤੋਂ ਇਕੱਠੇ ਹੋਏ 300 ਦੇ ਕਰੀਬ ਪਰਿਵਾਰਾਂ ਨੂੰ ਆਟਾ, ਚਾਵਲ, ਕੰਬਲ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਗਈ। ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਰਾਮਗੜ੍ਹ ਹਲਕੇ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਦੇਸ਼ ਦੀ ਖਾਤਰ ਲੜਨ ਅਤੇ ਕੁਰਬਾਨੀਆਂ ਦੇਣ ਵਾਲਿਆਂ ਦਾ ਦਰਦ ਵੰਡਾਉਣ ਲਈ ਜੋ ਮੁਹਿੰਮਾਂ ਚਲਾਈਆਂ ਹਨ, ਉਨ੍ਹਾਂ ਦੀ ਕੋਈ ਮਿਸਾਲ ਨਹੀਂ। ਇਸ ਪਰਿਵਾਰ ਨੇ ਖੁਦ ਵੀ ਅੱਤਵਾਦ ਸਹਿਣ ਕੀਤਾ, ਬਲੀਦਾਨ ਵੀ ਦਿੱਤੇ, ਫਿਰ ਕਲਮ ਨਾਲ ਵੀ ਇਸ ਦੇ ਖਿਲਾਫ ਲੰਬੀ ਲੜਾਈ ਲੜੀ ਅਤੇ ਏਕਤਾ ਅਤੇ ਅਖੰਡਤਾ 'ਤੇ ਡਟ ਕੇ ਪਹਿਰਾ ਦਿੱਤਾ।
ਸ. ਜੌਹਲ ਨੇ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਦੇਸ਼ ਤੋਂ ਕੁਰਬਾਨ ਹੋਣ ਵਾਲਿਆਂ ਲਈ ਜਿੱਥੇ ਸ਼ਹੀਦ ਪਰਿਵਾਰ ਫੰਡ ਚਲਾ ਕੇ ਕਰੋੜਾਂ ਰੁਪਿਆ ਪੀੜਤਾਂ ਤੱਕ ਪਹੁੰਚਾਇਆ, ਉੱਥੇ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਤੱਕ ਸੈਂਕੜੇ ਟਰੱਕ ਸਮੱਗਰੀ ਦੇ ਵੀ ਭਿਜਵਾਏ। ਉਨ੍ਹਾਂ ਕਿਹਾ ਕਿ ਰਾਹਤ ਮੁਹਿੰਮ ਅਧੀਨ ਉਨ੍ਹਾਂ ਖੇਤਰਾਂ ਤੱਕ ਵੀ ਮਦਦ ਪਹੁੰਚਾਈ ਗਈ ਜਿਥੇ ਸਰਕਾਰਾਂ ਦੇ ਪ੍ਰਤੀਨਿਧੀ ਖਾਲੀ ਹੱਥ ਵੀ ਨਹੀਂ ਜਾਂਦੇ। ਇਹ ਪੰਜਾਬ ਦੇ ਦਾਨਵੀਰਾਂ ਦਾ ਵੱਡਾ ਉਪਰਾਲਾ ਹੈ ਜਿਸ ਅਧੀਨ ਕਰੋੜਾਂ ਦਾ ਰਾਸ਼ਨ ਲੋੜਵੰਦਾਂ ਤੱਕ ਭੇਜਿਆ ਗਿਆ, ਜਿਹੜੇ ਰੋਜ਼ੀ-ਰੋਟੀ ਦੇ ਵੀ ਮੁਥਾਜ ਹੋ ਗਏ ਹਨ। ਇਲਾਕੇ ਦੇ ਸਮਾਜ ਸੇਵੀ ਆਗੂ ਸ਼੍ਰੀ ਬੋਧ ਰਾਜ ਨੇ ਕਿਹਾ ਕਿ ਸਰਹੱਦੀ ਖੇਤਰਾਂ ਦਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ। ਪਿੰਡਾਂ 'ਚ ਆਉਣ-ਜਾਣ ਲਈ ਸੜਕਾਂ ਨਹੀਂ ਹਨ, ਬੀਮਾਰ ਲੋਕਾਂ ਦੇ ਇਲਾਜ ਲਈ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਪਰ ਹੁਣ ਤੱਕ ਇਕ ਪੈਸਾ ਵੀ ਮੁਆਵਜ਼ੇ ਵਜੋਂ ਨਹੀਂ ਮਿਲਿਆ। ਇਹ ਦੁਖਦਾਈ ਗੱਲ ਹੈ ਕਿ ਸਰਕਾਰ ਨੇ ਇਨ੍ਹਾਂ ਖੇਤਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।
ਸ਼ਹੀਦਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਲੋੜ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਾਂ ਸਰਹੱਦਾਂ ਦੀ ਰਾਖੀ ਕਰਦਿਆਂ ਕੁਰਬਾਨੀਆਂ ਦੇਣ ਵਾਲਿਆਂ ਦਾ ਜ਼ਿਕਰ ਕਰਨਾ ਹੀ ਕਾਫੀ ਨਹੀਂ, ਸਗੋਂ ਉਨ੍ਹਾਂ ਦੇ ਇਤਿਹਾਸ ਨੂੰ ਪੜ੍ਹ ਕੇ ਉਸ ਤੋਂ ਸਬਕ ਅਤੇ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਅੱਜ ਲੋੜ ਹੈ ਕਿ ਦੇਸ਼ ਦੇ ਬੱਚੇ-ਬੱਚੇ ਵਿਚ ਦੇਸ਼-ਭਗਤੀ ਦਾ ਜਜ਼ਬਾ ਭਰਿਆ ਜਾਵੇ ਤਾਂ ਜੋ ਸਾਡਾ ਭਵਿੱਖ ਸੁਰੱਖਿਅਤ ਹੋ ਸਕੇ ਅਤੇ ਕੋਈ ਦੁਸ਼ਮਣ ਸਾਡੇ ਦੇਸ਼ ਵੱਲ ਅੱਖ ਚੁੱਕ ਕੇ ਨਾ ਵੇਖ ਸਕੇ। ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਇਨਸਾਨ ਅੰਦਰ ਕਿਸੇ ਕੰਮ ਲਈ ਜਜ਼ਬਾ ਪੈਦਾ ਨਹੀਂ ਹੁੰਦਾ ਉਦੋਂ ਤੱਕ ਉਹ ਉਸ ਖੇਤਰ ਵਿਚ ਕਾਮਯਾਬ ਨਹੀਂ ਹੋ ਸਕਦਾ। ਇਨਸਾਨ ਵਿਚ ਦੇਸ਼ ਭਗਤੀ, ਸੇਵਾ ਭਾਵਨਾ, ਦਾਨ ਦੇਣ, ਧਰਮ ਦੀ ਰਾਖੀ ਕਰਨ ਅਤੇ ਕੁਰਬਾਨੀ ਦੇਣ ਦਾ ਜਜ਼ਬਾ ਹੋਣਾ ਚਾਹੀਦਾ ਹੈ। ਇਸ ਸਭ ਲਈ ਸਾਨੂੰ ਸਬੰਧਤ ਇਤਿਹਾਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਹੀ ਚੰਗੇ ਵਿਚਾਰ ਪੈਦਾ ਹੋਣਗੇ।
ਪੰਜਾਬ ਕੇਸਰੀ ਹਰ ਵਰਗ ਦਾ ਪਹਿਰੇਦਾਰ ਹੈ : ਦੀਪਕ
ਵਿਜੇਪੁਰ ਨਗਰ ਕੌਂਸਲ ਦੇ ਚੇਅਰਮੈਨ ਸ਼੍ਰੀ ਦੀਪਕ ਕੁਮਾਰ ਨੇ ਕਿਹਾ ਕਿ ਪੰਜਾਬ ਕੇਸਰੀ ਇਕ ਅਜਿਹਾ ਅਖਬਾਰ ਹੈ, ਜਿਹੜਾ ਹਰ ਵਰਗ ਦੇ ਹਿੱਤਾਂ 'ਤੇ ਡਟ ਕੇ ਪਹਿਰਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੇ ਸਾਰੇ ਅਖਬਾਰ ਹੀ ਲੋਕਾਂ ਦੀ ਆਵਾਜ਼ ਬਣਦੇ ਹਨ। ਖਾਸ ਕਰਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਮੁਸੀਬਤ ਬਣੀ, ਉਹ ਗੋਲੀਬਾਰੀ-ਅੱਤਵਾਦ ਦੇ ਸ਼ਿਕਾਰ ਹੋਏ ਤਾਂ ਇਸ ਗਰੁੱਪ ਨੇ ਉਨ੍ਹਾਂ ਦੀ ਸੇਵਾ-ਸਹਾਇਤਾ 'ਚ ਕੋਈ ਕਸਰ ਨਹੀਂ ਛੱਡੀ। ਜ਼ਿਲਾ ਅਨੰਤਨਾਗ ਦੀ ਭਾਜਪਾ ਨੇਤਰੀ ਮੁਨੀਰਾ ਬੇਗਮ ਨੇ ਇਸ ਮੌਕੇ 'ਤੇ ਕਿਹਾ ਕਿ ਪਾਕਿਸਤਾਨ ਸਾਡੇ ਲੋਕਾਂ ਦੀ ਸ਼ਾਂਤੀ ਭੰਗ ਕਰ ਰਿਹਾ ਹੈ। ਇਸ ਕਾਰਣ ਸਰਹੱਦੀ ਖੇਤਰਾਂ 'ਚ ਰਹਿਣਾ ਅੱਜ ਖਤਰੇ ਤੋਂ ਖਾਲੀ ਨਹੀਂ। ਉਨ੍ਹਾਂ ਨੇ ਪੀੜਤ ਪਰਿਵਾਰਾਂ ਲਈ ਸਮੱਗਰੀ ਭਿਜਵਾਉਣ ਵਾਲੇ ਪੰਜਾਬ ਦੇ ਦਾਨਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਬਿਸ਼ਨਾਹ ਦੇ ਸਮਾਜ ਸੇਵੀ ਸ਼੍ਰੀ ਕੁਲਦੀਪ ਗੁਪਤਾ, ਚੌਧਰੀ ਪ੍ਰਕਾਸ਼ ਜੀ, ਗੁਰਬਚਨ ਸਿੰਘ, ਗੁਰਦਿਆਲ ਸਿੰਘ, ਸਰਪੰਚ ਿਬਮਲਾ ਦੇਵੀ, ਨਾਇਬ ਸਰਪੰਚ ਰੋਮੇਸ਼ ਚੰਦਰ, ਹਰਜੀਤ ਕੌਰ, ਸ਼ਿਵ ਚੌਧਰੀ ਅਤੇ ਹੋਰ ਸਥਾਨਕ ਆਗੂ ਮੌਜੂਦ ਸਨ।
ਕੋਮਲ ਹਿਰਦਿਆਂ 'ਚੋਂ ਉੱਠੀ ਦੇਸ਼ ਭਗਤੀ ਦੀ ਹੂਕ
ਪਿੰਡ ਚੱਕ ਬੱਖਾਂ ਦੇ ਸਕੂਲ ਦੀ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਮੁਸਕਾਨ ਅਤੇ ਜਾਨ੍ਹਵੀ ਨੇ ਰਾਹਤ ਵੰਡ ਆਯੋਜਨ ਦੌਰਾਨ ਇਕ ਗੀਤ 'ਵੀਰ ਬਨੋ ਬਲਵਾਨ ਬਨੋ' ਪੇਸ਼ ਕਰ ਕੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ 'ਚ ਰੰਗ ਦਿੱਤਾ। ਇੰਝ ਜਾਪਦਾ ਸੀ ਜਿਵੇਂ ਉਹ ਪਾਕਿਸਤਾਨ ਦੀਆਂ ਬੁਜ਼ਦਿਲੀ ਭਰੀਆਂ ਕਾਰਵਾਈਆਂ ਨੂੰ ਲਲਕਾਰ ਰਹੀਆਂ ਹੋਣ ਅਤੇ ਦੇਸ਼ ਵਾਸੀਆਂ ਨੂੰ ਦੁਸ਼ਮਣ ਵਿਰੁੱਧ ਡਟਣ ਦਾ ਸੰਦੇਸ਼ ਦੇ ਰਹੀਆਂ ਹੋਣ। ਨੰਨ੍ਹੀਆਂ ਬੱਚੀਆਂ ਦੇ ਕੋਮਲ ਹਿਰਦਿਆਂ 'ਚੋਂ ਉੱਠੀ ਦੇਸ਼ ਭਗਤੀ ਦੀ ਹੂਕ ਨੇ ਸਭ ਨੂੰ ਜੋਸ਼ ਨਾਲ ਭਰ ਦਿੱਤਾ।
ਆਖਿਰ ਢੀਂਡਸਿਆਂ 'ਤੇ ਬੋਲ ਹੀ ਪਏ ਪ੍ਰਕਾਸ਼ ਸਿੰਘ ਬਾਦਲ
NEXT STORY