ਭਾਰਤ ’ਚ ਆਵਾਰਾ ਕੁੱਤਿਆਂ ਦੇ ਵੱਢਣ ਅਤੇ ਰੈਬੀਜ਼ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜਿਸ ਕਾਰਨ ਇਹ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਏ ਹਨ। ਅਧਿਕਾਰਤ ਜਾਣਕਾਰੀ ਅਨੁਸਾਰ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਹੀ ਦੇਸ਼ ’ਚ ਕੁੱਤਿਆਂ ਦੇ ਵੱਢਣ ਦੇ 30 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਨੁੱਖੀ ਜੀਵਨ ਦੀ ਸੁਰੱਖਿਆ ਸਰਵਉੱਚ ਹੈ। ਇਸੇ ਕਾਰਨ ਸੁਪਰੀਮ ਕੋਰਟ ਨੇ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ਜਿਵੇਂ ਕਿ ਸਕੂਲ, ਕਾਲਜ ਅਤੇ ਹਸਪਤਾਲਾਂ ਆਦਿ ਦੇ ਕੰਪਲੈਕਸਾਂ ਨੂੰ ਸੁਰੱਖਿਅਤ ਅਤੇ ਵਾੜ ਲਾ ਕੇ ਆਵਾਰਾ ਕੁੱਤਿਆਂ ਤੋਂ ਮੁਕਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।
ਇਸ ਤਰ੍ਹਾਂ ਦੇ ਘਟਨਾਚੱਕਰ ਦੇ ਵਿਚਾਲੇ ਪਿਛਲੇ ਲੱਗਭਗ ਡੇਢ ਮਹੀਨਿਆਂ ’ਚ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 10 ਅਗਸਤ ਨੂੰ ‘ਕਲਿਆਣ’ (ਮਹਾਰਾਸ਼ਟਰ) ’ਚ ਇਕ ਆਵਾਰਾ ਕੁੱਤੇ ਨੇ ਸਿਰਫ 24 ਘੰਟਿਆਂ ਦੇ ਅੰਦਰ 130 ਤੋਂ 150 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲਹੂ-ਲੁਹਾਣ ਕਰ ਦਿੱਤਾ। ਜ਼ਖ਼ਮੀਆਂ ’ਚੋਂ ਇਕ 3 ਸਾਲ ਦੀ ਬੱਚੀ ਨੂੰ ਲਗਭਗ 90 ਟਾਂਕੇ ਲਾਉਣੇ ਪਏ।
* 19 ਅਗਸਤ ਨੂੰ ‘ਬਾਗਪਤ’ (ਉੱਤਰ ਪ੍ਰਦੇਸ਼) ਜ਼ਿਲੇ ਦੇ ‘ਲਾਲੀਆਨਾ’ ਪਿੰਡ ’ਚ ਆਵਾਰਾ ਕੁੱਤੇ ਦੇ ਵੱਢਣ ਕਾਰਨ ਰੈਬੀਜ਼ ਦਾ ਸ਼ਿਕਾਰ ਹੋਏ ‘ਅਨੀਸ਼’ ਨਾਂ ਦੇ ਇਕ ਮੁੰਡੇ ਦੀ ਮੌਤ ਹੋ ਗਈ।
* 22 ਅਗਸਤ ਨੂੰ ‘ਮਿਰਜ਼ਾਪੁਰ’ (ਉੱਤਰ ਪ੍ਰਦੇਸ਼) ’ਚ ‘ਕਰਨ’ ਨਾਂ ਦਾ ਬੱਚਾ ਕੁੱਤੇ ਦੇ ਵੱਢਣ ਤੋਂ ਬਾਅਦ ਰੈਬੀਜ਼ ਤੋਂ ਪੀੜਤ ਹੋ ਕੇ ਭੌਂਕਣ ਵਰਗੀਆਂ ਹਰਕਤਾਂ ਕਰਨ ਲੱਗਾ।
* 3 ਸਤੰਬਰ ਨੂੰ ‘ਉਦੈਪੁਰ’ (ਰਾਜਸਥਾਨ) ’ਚ ਇਕ ਆਵਾਰਾ ਕੁੱਤੇ ਦੇ ਵੱਢਣ ਦੇ ਨਤੀਜੇ ਵਜੋਂ ਰੈਬੀਜ਼ ਦੇ ਸ਼ਿਕਾਰ ਹੋਏ ਨੌਜਵਾਨ ਦੀ ਮੌਤ ਹੋ ਗਈ।
* 19 ਸਤੰਬਰ ਨੂੰ ‘ਸੋਨੀਪਤ’ (ਹਰਿਆਣਾ) ’ਚ 7 ਮਹੀਨੇ ਦੇ ਮਾਸੂਮ ਬੱਚੇ ’ਤੇ ਇਕ ਆਵਾਰਾ ਕੁੱਤੇ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।
* 21 ਸਤੰਬਰ ਨੂੰ ‘ਰੋਹਤਕ’ (ਹਰਿਆਣਾ) ’ਚ ਇਕ ਆਵਾਰਾ ਕੁੱਤੇ ਨੇ ਸੜਕ ’ਤੇ ਜਾ ਰਹੀ ਔਰਤ ’ਤੇ ਹਮਲਾ ਕਰ ਕੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਉਸਦੇ ਦੋਵਾਂ ਪੈਰਾਂ ਨੂੰ ਬੁਰੀ ਤਰ੍ਹਾਂ ਵੱਢ ਲਿਆ। ਗੁਆਂਢੀਆਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਕੁੱਤੇ ਦੇ ਚੁੰਗਲ ’ਚੋਂ ਛੁਡਾ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ।
* 25 ਸਤੰਬਰ ਨੂੰ ‘ਲਖੀਮਪੁਰ ਖੀਰੀ’ (ਉੱਤਰ ਪ੍ਰਦੇਸ਼) ਦੇ ‘ਮਝਗਈ’ ਕਸਬੇ ’ਚ ਆਵਾਰਾ ਕੁੱਤਿਆਂ ਨੇ ਕਈ ਲੋਕਾਂ ਅਤੇ ਬੱਚਿਆਂ ਨੂੰ ਵੱਢਿਆ
* 26 ਸਤੰਬਰ ਨੂੰ ‘ਕਪੂਰਥਲਾ’ (ਪੰਜਾਬ) ’ਚ ਇਕ ਆਵਾਰਾ ਕੁੱਤੇ ਨੇ 6 ਬੱਚਿਆਂ ਸਮੇਤ 15 ਲੋਕਾਂ ਨੂੰ ਵੱਢ ਦਿੱਤਾ।
* 28 ਸਤੰਬਰ ਨੂੰ ‘ਸ਼ਿਵਪੁਰੀ’ (ਮੱਧ ਪ੍ਰਦੇਸ਼) ’ਚ ਇਕ ਕੁੱਤੇ ਨੇ ਇਕ ਹੀ ਦਿਨ ’ਚ 35 ਤੋਂ ਵੱਧ ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਇਕ ਬੱਚੀ ਦਾ ਚਿਹਰਾ ਬੁਰੀ ਤਰ੍ਹਾਂ ਛਿਲਿਆ ਗਿਆ। ਇਸੇ ਦਿਨ ‘ਸ਼ਿਓਪੁਰ’ ’ਚ ਇਕ ਆਵਾਰਾ ਕੁੱਤੇ ਨੇ ਸੜਕ ’ਤੇ ਦੌੜਾ-ਦੌੜਾ ਕੇ 27 ਲੋਕਾਂ ਨੂੰ ਵੱਢਿਆ।
* 29 ਸਤੰਬਰ ਨੂੰ ‘ਭਾਗਲਪੁਰ’ (ਬਿਹਾਰ) ’ਚ ਇਕ ਹੀ ਦਿਨ ’ਚ ਆਵਾਰਾ ਕੁੱਤਿਆਂ ਨੇ 10 ਲੋਕਾਂ ਨੂੰ ਵੱਢ ਕੇ ਲਹੂ-ਲੁਹਾਣ ਕਰ ਦਿੱਤਾ।
ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਤੰਗ ਆਏ ਲੋਕ ਇਸ ਸਮੱਸਿਆ ਵੱਲ ਅਧਿਕਾਰੀਆਂ ਦਾ ਧਿਆਨ ਦਿਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਵੀ ਅਪਣਾ ਰਹੇ ਹਨ। ਇਸੇ ਲੜੀ ’ਚ :
* 16 ਅਗਸਤ, 2026 ਨੂੰ ਮੱਧ ਪ੍ਰਦੇਸ਼ ਦੇ ‘ਖੰਡਵਾ’ ’ਚ ਇਕ ਵਿਅਕਤੀ ‘ਖੰਡਵਾ’ ਨਗਰ ਨਿਗਮ ’ਚ ਵਿਰੋਧੀ ਧਿਰ ਦੇ ਨੇਤਾ ‘ਦੀਪਕ ਰਾਠੌਰ’ ਨਾਲ ਕੁੱਤੇ ਵਰਗਾ ਹੁਲੀਆ ਬਣਾ ਕੇ ਅਤੇ ਚਿਹਰੇ ’ਤੇ ਕੁੱਤੇ ਦਾ ਮਖੌਟਾ ਲਗਾ ਕੇ ਕਲੈਕਟਰ ਦੀ ਜਨ ਸੁਣਵਾਈ ਸਭਾ ’ਚ ਪਹੁੰਚ ਗਿਆ। ਉਸਨੇ ਕੁੱਤੇ ਵਰਗੀ ਆਵਾਜ਼ ਵੀ ਕੱਢੀ ਅਤੇ ਫਿਰ ਕਲੈਕਟਰ ਨੂੰ ਸੌਂਪੇ ਮੰਗ ਪੱਤਰ ’ਚ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਮੁਕਤੀ ਦਿਵਾਉਣ ਲਈ ਗੁਹਾਰ ਲਗਾਈ।
* 17 ਸਤੰਬਰ, 2026 ਨੂੰ ਮਹਾਰਾਸ਼ਟਰ ਦੇ ‘ਨਾਸਿਕ’ ਜ਼ਿਲੇ ਦੇ ‘ਨਿਫਾੜ’ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਸ਼ਿਵ ਸੈਨਾ (ਉਧਵ ਠਾਕਰੇ ਗੁੱਟ) ਦੇ ਨੇਤਾਵਾਂ ਨੇ ਇਕ ਬੋਰੀ ’ਚ ਕੁਝ ਆਵਾਰਾ ਕੁੱਤੇ ਭਰੇ ਅਤੇ ਉਨ੍ਹਾਂ ਨੂੰ ਲਿਜਾ ਕੇ ‘ਨਿਫਾੜ’ ਨਗਰ ਪੰਚਾਇਤ ਦਫ਼ਤਰ ਦੇ ਅਧਿਕਾਰੀ ‘ਧੀਰਜ ਭਾਮਰੇ’ ਦੀ ਮੇਜ਼ ’ਤੇ ਛੱਡ ਦਿੱਤਾ ਜਿਸ ਨਾਲ ਉੱਥੇ ਹਫੜਾ-ਦਫੜੀ ਮੱਚ ਗਿਆ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਕੁੱਤਿਆਂ ਦੇ ਵੱਢਣ ’ਤੇ ਢੁਕਵੀਂ ਸਾਵਧਾਨੀ ਨਾ ਵਰਤਣ ਅਤੇ ਐਂਟੀ-ਰੈਬੀਜ਼ ਟੀਕਾ ਨਾ ਲਗਵਾਉਣ ਦੇ ਕਿੰਨੇ ਭਿਆਨਕ ਨਤੀਜੇ ਹੋ ਸਕਦੇ ਹਨ, ਇਸ ਲਈ ਕੁੱਤਿਆਂ ਦੇ ਵੱਢਣ ’ਤੇ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।
ਜਦੋਂ ਤੱਕ ਕੇਂਦਰ ਅਤੇ ਸੂਬਾਈ ਸਰਕਾਰਾਂ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਉਨ੍ਹਾਂ ਦੀ ਨਸਬੰਦੀ ’ਚ ਤੇਜ਼ੀ ਨਹੀਂ ਲਿਆਉਣਗੀਆਂ ਅਤੇ ਉਨ੍ਹਾਂ ਦੇ ਵੱਢਣ ਨਾਲ ਹੋਣ ਵਾਲੀਆਂ ਮੌਤਾਂ ’ਤੇ ਰੋਕ ਲਗਾਉਣ ਅਤੇ ਇਲਾਜ ਲਈ ਜ਼ਰੂਰੀ ਦਵਾਈਆਂ ਸਰਕਾਰੀ ਹਸਪਤਾਲਾਂ ’ਚ ਸੌਖੇ ਤਰੀਕੇ ਨਾਲ ਉਪਲਬਧ ਕਰਵਾਉਣ ਲਈ ਅਸਰਦਾਰ ਕਾਰਵਾਈ ਨਹੀਂ ਕਰਨਗੀਆਂ, ਉਦੋਂ ਤੱਕ ਇਸ ਸਮੱਸਿਆ ਤੋਂ ਮੁਕਤੀ ਮਿਲਣੀ ਮੁਸ਼ਕਲ ਹੈ।
–ਵਿਜੇ ਕੁਮਾਰ
‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
NEXT STORY