ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਜਵਾਹਰੇਵਾਲਾ ਕਤਲ ਕਾਂਡ ਨੂੰ ਲੈ ਕੇ ਐਕਸ਼ਨ ਕਮੇਟੀ ਅਤੇ ਪਿੰਡ ਵਾਸੀਆਂ ਨੇ ਕੀਤੇ ਐਲਾਨ ਦੇ ਤਹਿਤ ਮੁੜ ਡੀ.ਸੀ. ਦਫ਼ਤਰ ਅੱਗੇ ਇਨਸਾਫ਼ ਨੂੰ ਲੈ ਕੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਅੱਗੇ ਧਰਨਾ ਲਗਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ., ਸ੍ਰੀ ਮੁਕਤਸਰ ਸਾਹਿਬ ਦੀ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਵਾਹਰੇਵਾਲਾ ਕਾਂਡ ਸਰਮਾਏਦਾਰਾਂ ਵਲੋਂ ਗਰੀਬਾਂ ਉਪਰ ਕੀਤੀ ਧੱਕੇਸ਼ਾਹੀ ਹੈ, ਜਿਸ ਦਾ ਇਨਸਾਫ਼ ਪਸੰਦ ਜੱਥੇਬੰਦੀਆਂ ਹਮੇਸ਼ਾਂ ਵਿਰੋਧ ਕਰਦੀਆਂ ਆ ਰਹੀਆਂ ਹਨ। ਪੁਲਸ ਪ੍ਰਸ਼ਾਸਨ ਸਰਕਾਰ ਦੀ ਸ਼ਹਿ 'ਤੇ ਇਸ ਮਾਮਲੇ 'ਚ ਢਿੱਲ ਵਰਤ ਰਹੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਲੋਕਾਂ ਦਾ ਰੋਹ ਦੇਖਦਿਆਂ ਪ੍ਰਸ਼ਾਸਨ ਨੇ ਧਰਨਕਾਰੀਆਂ ਦੀ ਮੀਟਿੰਗ ਡੀ.ਸੀ. ਨਾਲ ਕਰਵਾਉਣ ਦਾ ਭਰੋਸਾ ਦੇ ਅੰਦਰ ਬੁਲਾ ਲਿਆ ਅਤੇ ਕਿਹਾ ਕਿ ਡੀ.ਸੀ. ਮੌਜੂਦ ਨਹੀਂ ਹਨ, ਇਸੇ ਲਈ ਤੁਹਾਡੀ ਐੱਸ.ਡੀ.ਐੱਮ. ਨਾਲ ਗੱਲਬਾਤ ਕਰਾਂਗੇ। ਜਥੇਬੰਦੀਆਂ ਦੇ ਆਗੂ ਨੇ ਦੱਸਿਆ ਕਿ ਐੱਸ.ਡੀ.ਐੱਮ.ਦਾ ਰਵੱਈਆ ਧਰਨਾਕਾਰੀਆਂ ਲਈ ਕੁਝ ਸਹੀ ਨਹੀਂ ਸੀ, ਜਿਸ ਕਾਰਨ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਉਪਰੰਤ ਧਰਨਾਕਾਰੀਆ ਨੇ 10-11 ਤੇ 12 ਅਗਸਤ ਨੂੰ ਪੰਜਾਬ ਭਰ 'ਚ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦੀਆਂ ਅਰਥੀਆਂ ਸਾੜ ਦਾ ਐਲਾਨ ਕੀਤਾ ਅਤੇ 15 ਅਗਸਤ ਨੂੰ ਅਜ਼ਾਦੀ ਦਿਹਾੜੀ 'ਤੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਡੀ.ਸੀ. ਦਫ਼ਤਰ ਦਾ ਘਿਰਾਓ ਕਰਨ ਲਈ ਕਿਹਾ। ਧਰਨਾਕਾਰੀਆਂ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਮ੍ਰਿਤਕਾਂ ਦੇ ਪਰਿਵਾਰ ਨੂੰ 50-50 ਲੱਖ ਰੁਪਏ ਤੇ ਜਖ਼ਮੀਆਂ ਨੂੰ 25-25 ਲੱਖ ਰੁਪਏ ਆਰਥਿਕ ਸਹਾਇਤਾ ਦੇਣ, ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਦਾਊਦ ਸੂਬਾ ਜਨਰਲ ਸਕੱਤਰ, ਜਗਜੀਤ ਜੱਸਆਣਾ, ਜਸਵਿੰਦਰ ਬਿੱਲਾ, ਪੀ.ਐੱਸ.ਯੂ. ਦੇ ਆਗੂ ਗਗਨ ਸੰਗਰਾਮੀ ਤੇ ਸੰਗੀਤਾ ਰਾਣੀ, ਨੌਜਵਾਨ ਭਾਰਤ ਸਭਾ ਦੇ ਨੌ ਨਿਹਾਲ ਸਿੰਘ ਆਦਿ ਹਾਜ਼ਰ ਸਨ। ਵਰਨਣਯੋਗ ਹੈ ਕਿ ਪੁਲਸ ਨੇ ਮੁੱਖ ਦੋਸ਼ੀ ਸੁਖਵਿੰਦਰ ਸਿੰਘ ਦੁੱਗੀ, ਪਲਵਿੰਦਰ ਸਿੰਘ ਪੱਪੂ, ਬਿੰਦੂ ਸਿੰਘ, ਹਰਦਮ ਸਿੰਘ, ਗੁਰਪ੍ਰਤਾਪ ਸਿੰਘ ਉਰਫ਼ ਈਸ਼ਵਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਇਕ ਮੁਲਜ਼ਮ ਪੁਲਸ ਦੇ ਪਹਿਰੇ ਹੇਠ ਇਲਾਜ਼ ਅਧੀਨ ਹੈ। ਨਾਮਜ਼ਦ ਕੁੱਲ 12 ਮੁਲਜ਼ਮਾਂ 'ਚੋਂ 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਮਾਨਸੂਨ ਇਜਲਾਸ ਦਾ ਆਖਰੀ ਦਿਨ, ਵਿਧਾਨ ਸਭਾ ਦੇ ਬਾਹਰ ਵਿਰੋਧੀਆਂ ਦਾ ਹੰਗਾਮਾ
NEXT STORY