ਅੰਮ੍ਰਿਤਸਰ— ਕਰਤਾਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਦੋਹਾਂ ਦੇਸ਼ਾਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਮਿਲਣ ਜਾ ਰਿਹਾ ਹੈ। ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਦੀ ਉਮੀਦ 26 ਨਵੰਬਰ ਨੂੰ ਭਾਰਤ ਤੇ 28 ਨਵੰਬਰ ਨੂੰ ਪਾਕਿਸਤਾਨ ਵੱਲੋਂ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਨਾਲ ਹੀ ਪੂਰੀ ਹੁੰਦੀ ਨਜ਼ਰ ਆਵੇਗੀ। ਲਾਂਘਾ ਬਣਨ ਨਾਲ ਜਿੱਥੇ ਆਸਥਾ ਦੇ ਨਾਲ ਦੋਹਾਂ ਮੁਲਕਾਂ ਦਰਮਿਆਨ ਸੰਬੰਧਾਂ 'ਚ ਸੁਧਾਰ ਦੀ ਗੁੰਜਾਇਸ਼ ਵਧੇਗੀ, ਉੱਥੇ ਹੀ ਕਰਤਾਰਪੁਰ ਪਿੰਡ ਦੀ ਹਜ਼ਾਰਾਂ ਦੀ ਆਬਾਦੀ ਨੂੰ ਵੀ ਤਰੱਕੀ ਤੇ ਵਿਕਾਸ ਦੀ ਰੌਸ਼ਨੀ ਮਿਲਣੀ ਸ਼ੁਰੂ ਹੋਵੇਗੀ। ਇਸ ਜ਼ਰੀਏ ਵੱਡੇ ਪੱਧਰ 'ਤੇ ਧਾਰਮਿਕ ਟੂਰਿਜ਼ਮ ਵਧੇਗਾ, ਜਿਸ ਦਾ ਫਾਇਦਾ ਉਧਰ ਜੇਕਰ ਕਰਤਾਰਪੁਰ ਨੂੰ ਮਿਲੇਗਾ ਤਾਂ ਇਧਰ ਡੇਰਾ ਬਾਬਾ ਨਾਨਕ ਦੀ ਆਬਾਦੀ ਨੂੰ ਵੀ ਮਿਲੇਗਾ।
ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਭਾਰਤੀ ਸਿੱਖਾਂ ਦੀ ਤਰ੍ਹਾਂ ਪਾਕਿਸਤਾਨੀ ਸਿੱਖ ਤੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਹੁਤ ਉਤਸ਼ਾਹਤ ਹੈ। ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਤੇ ਮੈਂਬਰ ਪਾਰਲੀਮੈਂਟ ਰਮੇਸ਼ ਸਿੰਘ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਹਾਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਦਹਾਕਿਆਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਪਵਿੱਤਰ ਧਰਤੀ ਹਿੰਦੂ-ਸਿੱਖਾਂ ਲਈ ਹੀ ਨਹੀਂ ਸਗੋਂ ਮੁਸਲਮਾਨਾਂ ਲਈ ਵੀ ਆਸਥਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਵਿਕਾਸ ਦੇ ਮਾਮਲੇ 'ਚ ਬਹੁਤ ਪਛੜਿਆ ਹੈ। ਇੱਥੋਂ ਦੀ ਆਬਾਦੀ 2,500 ਦੇ ਕਰੀਬ ਹੈ ਤੇ 70 ਫੀਸਦੀ ਲੋਕ ਗਰੀਬੀ ਰੇਖਾ ਦੇ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਲਾਂਘਾ ਬਣਨ ਨਾਲ ਧਾਰਮਿਕ ਯਾਤਰੀਆਂ ਦੀ ਆਵਾਜਾਈ ਵਧੇਗੀ ਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਵੀ ਮਿਲੇਗਾ।
ਕਰਤਾਰਪੁਰ ਸਾਹਿਬ ਲਾਂਘੇ ਨਾਲ ਯਾਤਰਾ ਹੋਵੇਗੀ ਸੌਖੀ :

ਹੁਣ ਤਕ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਅਟਾਰੀ-ਵਾਹਗਾ ਜ਼ਰੀਏ ਤਕਰੀਬਨ ਤਿੰਨ ਦਿਨ ਦਾ ਸਫਰ ਕਰਨਾ ਪੈਂਦਾ ਹੈ, ਜਦੋਂ ਕਿ ਡੇਰਾ ਬਾਬਾ ਨਾਨਕ ਤੋਂ ਸਿਰਫ ਅੱਧੇ ਘੰਟੇ 'ਚ ਯਾਤਰਾ ਮੁਕੰਮਲ ਹੋ ਜਾਵੇਗੀ। ਹੁਣ ਤਕ ਲੋਕ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਕੇ ਹਸਰਤ ਪੂਰੀ ਕਰਦੇ ਹਨ ਪਰ ਲਾਂਘਾ ਬਣਨ ਨਾਲ ਉੱਥੇ ਜਾ ਕੇ ਦਰਸ਼ਨ ਕਰਨ ਦੀ ਮੁਰਾਦ ਪੂਰੀ ਹੋਵੇਗੀ। ਗੁਰੂਧਾਮਾਂ ਦੇ ਦਰਸ਼ਨ-ਦੀਦਾਰ ਨੂੰ ਪਾਕਿਸਤਾਨ ਲਿਜਾਣ ਵਾਲੇ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਪ੍ਰਧਾਨ ਸਵਰਣ ਸਿੰਘ ਗਿੱਲ ਦਾ ਕਹਿਣਾ ਹੈ ਕਿ ਲਾਂਘੇ ਨਾਲ ਦੋਹਾਂ ਮੁਲਕਾਂ ਵਿਚਕਾਰ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਇਸ ਨਾਲ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਡਿਊਟੀ 'ਤੇ ਨਾ ਆਉਣ ਵਾਲੇ ਟੀਚਰ ਹੋਣਗੇ ਡਿਸਮਿਸ : ਸੋਨੀ
NEXT STORY