ਜਲੰਧਰ: ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ 'ਚ ਦਿੱਤੀਆਂ ਜਾ ਰਹੀਆਂ ਗਾਰੰਟੀਆਂ 'ਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਕੇਜਰੀਵਾਲ ਸਾਬ੍ਹ ਗਾਰੰਟੀਆਂ ਨੂੰ ਪੂਰਾ ਕਰਨ ਲਈ ਪੈਸੇ ਦਾ ਇਤਜ਼ਾਮ ਕਿਵੇਂ ਕਰਨਗੇ। ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਚੰਨੀ ਦੇ ਸੱਜੇ ਹੱਥ ਟ੍ਰਾਂਸਪੋਰਟ ਮਾਫ਼ੀਆ ਅਤੇ ਖੱਬੇ ਹੱਥ ਰੇਤ ਮਾਫ਼ੀਆ ਬੈਠਾ ਹੁੰਦਾ ਹੈ। ਮੈਂ ਉਨ੍ਹਾਂ ਦੋਹਾਂ ਨੂੰ ਖ਼ਤਮ ਕਰ ਕੇ ਉਹ ਪੈਸਾ ਜਨਤਾ ਦੀਆਂ ਸਹੂਲਤਾਂ ਲਈ ਦੇਵਾਂਗਾ।
ਕੇਜਰੀਵਾਲ ਨੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਕੀਤੀ, ਜਿਸ ’ਚ ਉਨ੍ਹਾਂ ਨੇ ਖ਼ਾਲੀ ਖ਼ਜ਼ਾਨਾ ਭਰਨ ਦਾ ਨੁਕਤਾ ਦੱਸਿਆ ਅਤੇ ਇਸ ਨੂੰ ਖ਼ਾਲੀ ਕਰਨ ਵਾਲਿਆਂ ਦੀ ਜਾਂਚ ਦੀ ਗੱਲ ਕੀਤੀ। ਜਦੋਂ ਅਰਵਿੰਦ ਕੇਜਰੀਵਾਲ ਨੂੰ ਗਾਰੰਟੀਆਂ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਆਉਣ ਦਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਖ਼ਜ਼ਾਨਾ ਭਰਨਾ ਆਉਂਦਾ ਹੈ। ਉਨ੍ਹਾਂ ਦੇ ਮੁਤਾਬਕ ਚੰਨੀ ਦੇ ਸੱਜੇ ਹੱਥ ਟ੍ਰਾਂਸਪੋਰਟ ਮਾਫ਼ੀਆ ਅਤੇ ਖੱਬੇ ਹੱਥ ਰੇਤ ਮਾਫ਼ੀਆ ਬੈਠਾ ਹੁੰਦਾ ਹੈ। ਮੈਂ ਉਨ੍ਹਾਂ ਦੋਹਾਂ ਨੂੰ ਖ਼ਤਮ ਕਰ ਕੇ ਉਹ ਪੈਸਾ ਜਨਤਾ ਦੀਆਂ ਸਹੂਲਤਾਂ ਲਈ ਦੇਵਾਂਗਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹ ਵਿਧਾਇਕਾਂ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣਗੇ ਅਤੇ ਪੜਤਾਲ ਕਰਨਗੇ ਕਿ ਇਕ ਵਿਧਾਇਕ 10-15 ਸਾਲ ’ਚ ਹੀ ਕਰੋੜਪਤੀ ਕਿਵੇਂ ਬਣ ਜਾਂਦਾ ਹੈ।
ਚੰਨੀ ਸਿਰਫ਼ ਐਲਾਨ ਕਰਦੇ ਹਨ ਲਾਗੂ ਨਹੀਂ ਕਰਦੇ, ਸਿੱਧੂ ਨੇ ਕੀਤੀ ਪੁਸ਼ਟੀ
ਕੇਜਰੀਵਾਲ ਦਾ ਕਹਿਣਾ ਹੈ ਕਿ ਚੰਨੀ ਹਰ ਗੱਲ ਦਾ ਐਲਾਨ ਤਾਂ ਕਰ ਦਿੰਦੇ ਹਨ ਪਰ ਜ਼ਮੀਨ ’ਤੇ ਅਸਲੀਅਤ ਕੁਝ ਹੋਰ ਨਜ਼ਰ ਆਉਂਦੀ ਹੈ। ਉਨ੍ਹਾਂ ਮੁਤਾਬਕ ਹੁਣ ਤੱਕ ਚੰਨੀ ਨੇ ਜਿੰਨੇ ਵੀ ਐਲਾਨ ਕੀਤੇ ਹਨ, ਉਨ੍ਹਾਂ ਨੂੰ ਲਾਗੂ ਤੱਕ ਨਹੀਂ ਕਰ ਸਕੇ। ਅਜਿਹੇ ’ਚ ਉਹ ਸਿਰਫ਼ ਲੋਕਾਂ ਨੂੰ ਬੇਵਕੂਫ਼ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਮੁਤਾਬਕ ਚੰਨੀ ਵੱਲੋਂ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦਾ ਦਾਅਵਾ ਵੀ ਖੋਖਲਾ ਸਾਬਿਤ ਹੋਇਆ ਹੈ ਕਿਉਂਕਿ ਪੰਜਾਬ ਫੇਰੀ ਦੌਰਾਨ ਅਨੇਕਾਂ ਅਧਿਆਪਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਹਾਲੇ ਵੀ ਸਫ਼ਾਈ ਕਰਮਚਾਰੀ ਅਤੇ ਅਧਿਆਪਕ ਪੱਕੇ ਹੋਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਤਕ ਨਹੀਂ ਸਰਕ ਰਹੀ। ਅੱਜ ਵੀ ਪੰਜਾਬ ’ਚ ਰੇਤ ਮਾਫ਼ੀਆ ਚੱਲ ਰਿਹਾ ਹੈ। ਸਰਕਾਰ ਵੱਲੋਂ ਦਿੱਤੇ ਗਏ ਰੇਟ ਹੁਣ ਤੱਕ ਲਾਗੂ ਨਹੀਂ ਹੋਏ। ਇਸ ਗੱਲ ’ਤੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਖੁਦ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ, ਜਿਨ੍ਹਾਂ ਨੇ ਚੰਨੀ ਦੇ ਸਾਹਮਣੇ ਸਟੇਜ ’ਤੇ ਇਹ ਗੱਲ ਕਹੀ ਹੈ। ਸਿੱਧੂ ਦੀ ਤਾਰੀਫ਼ ਕਰਨ ’ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੋ ਵੀ ਚੰਗੀ ਗੱਲ ਕਰੇਗਾ, ਮੈਂ ਹਮੇਸ਼ਾ ਉਸ ਦੀ ਤਾਰੀਫ਼ ਕਰਦਾ ਹਾਂ, ਜਦਕਿ ਇਸ ਦਾ ਕੋਈ ਹੋਰ ਮਤਲਬ ਨਹੀਂ ਹੈ।
ਮੈਨੂੰ ਚੰਨੀ ਵਾਂਗ ਗਾਂ ਚੋਣਾ ਅਤੇ ਗੁੱਲੀ-ਡੰਡਾ ਖੇਡਣਾ ਤਾਂ ਨਹੀਂ ਆਉਂਦਾ ਪਰ ਮੈਨੂੰ ਲੋਕਾਂ ਦੇ ਕੰਮ ਕਰਨੇ ਆਉਂਦੇ ਹਨ। ਅਰਵਿੰਦ ਕੇਜਰੀਵਾਲ ਨਾਲ ਅਸਲੀ ਅਤੇ ਨਕਲੀ ਕੇਜਰੀਵਾਲ ਦੇ ਵਿਵਾਦ ’ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਅਕਸਰ ਮੁੱਖ ਮੰਤਰੀ ਚੰਨੀ ਜੀ ਦੀ ਜ਼ੁਬਾਨ ਤੋਂ ਸੁਣਦਾ ਹਾਂ ਕਿ ਉਹ ਖੁਦ ਨੂੰ ਅਸਲੀ ਆਮ ਆਦਮੀ ਬੁਲਾਉਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਗਾਂ ਚੋਣੀ ਆਉਂਦੀ ਹੈ, ਗੁੱਲੀ-ਡੰਡਾ ਖੇਡਣਾ ਆਉਂਦਾ ਹੈ ਪਰ ਮੈਨੂੰ ਇਹ ਸਭ ਬਿਲਕੁਲ ਨਹੀਂ ਆਉਂਦਾ ਪਰ ਲੋਕਾਂ ਦੇ ਕੰਮ ਕਿਵੇਂ ਕਰਨੇ ਹਨ, ਉਨ੍ਹਾਂ ਨੂੰ ਸਹੂਲਤਾਂ ਕਿਵੇਂ ਮੁਹੱਈਆ ਕਰਵਾਉਣੀਆਂ ਹਨ, ਇਹ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ।
ਅਰਵਿੰਦ ਕੇਜਰੀਵਾਲ ਤੋਂ ਜਦੋਂ ਚਰਨਜੀਤ ਸਿੰਘ ਚੰਨੀ ਵਲੋਂ 24 ਘੰਟੇ ਲੋਕਾਂ ਲਈ ਮੌਜੂਦ ਰਹਿਣ ਅਤੇ ਉਨ੍ਹਾਂ ਦੇ ਨਵੇਂ ਫੈਸਲਿਆਂ ’ਤੇ ਪ੍ਰਤੀਕਿਰਿਆ ਲਈ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਚੰਨੀ ਕੁਝ ਨਵਾਂ ਕਰਨ ਦੀ ਥਾਂ ਮੈਨੂੰ ਫਾਲੋ ਕਰ ਰਹੇ ਹਨ। ਮੈਂ ਜੋ ਵੀ ਐਲਾਨ ਕਰਦਾ ਹਾਂ ਓਹੀ ਅਗਲੇ ਦਿਨ ਚੰਨੀ ਦੁਹਰਾ ਦਿੰਦੇ ਹਨ। ਇਸ ਵਾਰ ਵੀ ਮੈਂ ਪੰਜਾਬ ਆ ਕੇ ਦੇਖਿਆ ਹੈ ਕਿ ਚੰਨੀ ਨੇ ਵੱਡੇ-ਵੱਡੇ ਬੋਰਡ ਲਗਾਏ ਹੋਏ ਹਨ, ਜਿਨ੍ਹਾਂ ’ਤੇ ਉਹ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਦਾਅਵਾ ਕਰ ਰਹੇ ਹਨ, ਜਦਕਿ ਲੋਕ ਹਾਲੇ ਵੀ ਮਹਿੰਗੀਆਂ ਦਰਾਂ ਤੋਂ ਸਤਾਏ ਹੋਏ ਹਨ।
ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ, ਉਸ ’ਤੇ ਲਗਭਗ 10 ਹਜ਼ਾਰ ਕਰੋੜ ਰੁਪਏ ਲੱਗਣਗੇ ਜੋ ਉਹ ਉਕਤ ਦੋਹਾਂ ਮਾਫ਼ੀਆ ਨੂੰ ਖ਼ਤਮ ਕਰ ਕੇ ਕਮਾ ਲੈਣਗੇ। ਉਨ੍ਹਾਂ ਨੇ ਦਿੱਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਹਿਲਾਂ ਸ਼ੀਲਾ ਦੀਕਸ਼ਿਤ ਵੀ ਇਹੀ ਰਟ ਲਗਾਉਂਦੀ ਸੀ ਕਿ ਸਰਕਾਰ ਕੋਲ ਪੈਸਾ ਨਹੀਂ ਹੈ ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਲ-ਨਾਲ ਭ੍ਰਿਸ਼ਟ ਨੇਤਾਵਾਂ ਨੂੰ ਵੀ ਲਾਂਭੇ ਕਰ ਦਿੱਤਾ ਅਤੇ ਸਰਕਾਰ ਦੇ ਮਾਲੀਏ ’ਚ ਵਾਧਾ ਕੀਤਾ। ਅੱਜ ਮੈਂ ਖੁੱਲ੍ਹੇਆਮ ਕਹਿੰਦਾ ਹਾਂ ਕਿ ਸਾਡੀ ਦਿੱਲੀ ਸਰਕਾਰ ਕੋਲ ਖੂਬ ਪੈਸਾ ਹੈ ਜੋ ਅਸੀਂ ਜਨਤਾ ਦੇ ਸੁਧਾਰ ਲਈ ਵਰਤ ਰਹੇ ਹਾਂ।
ਅਕਾਲੀਆਂ ਅਤੇ ਕਾਂਗਰਸੀਆਂ ਨੇ ਖ਼ਜ਼ਾਨਾ ਖਾਲੀ ਕੀਤਾ, ਮੈਂ ਭਰਾਂਗਾ
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਅਤੇ ਖ਼ਜ਼ਾਨਾ ਖਾਲੀ ਕੀਤਾ ਅਤੇ ਫਿਰ ਪੰਜ ਸਾਲ ਤੋਂ ਕਾਂਗਰਸ ਵੀ ਇਹੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਕੋਈ ਵਾਅਦਾ ਕਰਦਾ ਹਾਂ ਤਾਂ ਵਿਰੋਧੀ ਸਵਾਲ ਉਠਾਉਂਦੇ ਹਨ ਕਿ ਪੰਜਾਬ ਦੇ ਸਿਰ ’ਤੇ ਪਹਿਲਾਂ ਹੀ ਕਰਜ਼ਾ ਬਹੁਤ ਹੈ ਤਾਂ ਪੈਸਾ ਕਿੱਥੋਂ ਆਵੇਗਾ? ਇਸ ’ਤੇ ਕੇਜਰੀਵਾਲ ਨੇ ਸਵਾਲ ਉਠਾਇਆ ਕਿ ਖ਼ਜ਼ਾਨਾ ਖ਼ਾਲੀ ਕਿਸ ਨੇ ਕੀਤਾ ਹੈ। ਇਸ ਦੀ ਵੀ ਜਾਂਚ ਕਿਉਂ ਨਹੀਂ ਹੁੰਦੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜਿੱਥੇ 2022 ’ਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਪੰਜਾਬ ਦਾ ਖ਼ਜ਼ਾਨਾ ਭਰਨਗੇ, ਉੱਥੇ ਹੀ ਉਹ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਪੈਸਾ ਆਖਿਰ ਗਿਆ ਕਿੱਥੇ?
ਭਾਜਪਾ ਨੇ ਅਹਿਸਾਨ ਨਹੀਂ ਕੀਤਾ, ਕਿਸਾਨਾਂ ਦੀ ਜਿੱਤ ਹੋਈ
ਕੇਜਰੀਵਾਲ ਨੇ ਖੇਤੀ ਕਾਨੂੰਨ ਵਾਪਸ ਹੋਣ ’ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਦੇਸ਼ ਦੇ ਅੰਨਦਾਤਾ ਦੀ ਜਿੱਤ ਹੈ, ਜਿਸ ਦੇ ਅੱਗੇ ਭਾਜਪਾ ਸਰਕਾਰ ਨੂੰ ਝੁਕਣਾ ਪਿਆ ਹੈ, ਉਨ੍ਹਾਂ ਨੇ ਕੋਈ ਅਹਿਸਾਨ ਨਹੀਂ ਕੀਤਾ ਹੈ। ਉਨ੍ਹਾਂ ਦੇ ਮੁਤਾਬਿਕ ਇਹ ਫ਼ੈਸਲਾ ਹੋਣਾ ਬੇਹੱਦ ਲਾਜ਼ਮੀ ਸੀ। ਉਨ੍ਹਾਂ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਬਾਕੀ ਮੰਗਾਂ ਵੀ ਸਵੀਕਾਰ ਕੀਤੀਆਂ ਜਾਣ, ਖ਼ਾਸ ਕਰ ਕੇ ਐੱਮ. ਐੱਸ. ਪੀ. ਦੀ ਹਮਾਇਤ ਕਰਦੇ ਹੋਏ ਉਸ ’ਤੇ ਉਨ੍ਹਾਂ ਨੇ ਕੁਝ ਤਰਕ ਵੀ ਦਿੱਤੇ। ਕੇਜਰੀਵਾਲ ਮੁਤਾਬਕ ਸਰਕਾਰ ਲਈ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ। ਜੇ ਸਰਕਾਰ ਚਾਹੇ ਤਾਂ ਨਿਸ਼ਚਿਤ ਹੀ ਇਸ ਨੂੰ ਕਾਨੂੰਨੀ ਰੂਪ ਦਿੱਤਾ ਜਾ ਸਕਦਾ ਹੈ।
ਕੇਜਰੀਵਾਲ ਦੀਆਂ ਗਾਰੰਟੀਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ?ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਚਿਹਰੇ ’ਤੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ ‘ਪੰਜਾਬ ਤੋਂ ਹੋਵੇਗਾ CM ਉਮੀਦਵਾਰ, ਮੈਂ ਦਿੱਲੀ ਸੰਭਾਲਾਂਗਾ’ (ਵੀਡੀਓ)
NEXT STORY