ਅੰਮ੍ਰਿਤਸਰ (ਸੰਜੀਵ) - ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਗੁਰਦੇਵ ਸਿੰਘ ਟਾਂਡਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਅੱਜ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ 9 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਗੁਰਦੇਵ ਸਿੰਘ ਟਾਂਡਾ ਪੰਜਾਬ ਪੁਲਸ ਨੂੰ 2010 ਤੋਂ ਪਟਿਆਲਾ ਵਿਖੇ ਦਰਜ ਇਕ ਮਾਮਲੇ 'ਚ ਲੋੜੀਂਦਾ ਚੱਲ ਰਿਹਾ ਸੀ, ਜਿਸ ਤੋਂ ਪੁਲਸ ਨੇ ਭਾਰੀ ਮਾਤਰਾ 'ਚ ਗੋਲੀ-ਸਿੱਕਾ ਬਰਾਮਦ ਕੀਤਾ ਸੀ। ਗੁਰਦੇਵ ਸਿੰਘ ਟਾਂਡਾ 2010 'ਚ ਪਾਕਿਸਤਾਨ ਚਲਾ ਗਿਆ ਅਤੇ ਉਥੇ ਰਹਿਣ ਮਗਰੋਂ ਰਣਜੀਤ ਸਿੰਘ ਨੀਟਾ ਦੀ ਮਦਦ ਨਾਲ ਉਸ ਨੇ ਇਕ ਜਾਅਲੀ ਪਾਸਪੋਰਟ ਤਿਆਰ ਕਰਵਾਇਆ, ਜਿਸ ਰਾਹੀਂ ਗੁਰਦੇਵ ਸਿੰਘ ਟਾਂਡਾ ਮਲੇਸ਼ੀਆ, ਥਾਈਲੈਂਡ ਦੇ ਰਸਤੇ ਜਰਮਨ ਵਿਖੇ ਰਹਿ ਰਹੇ ਆਪਣੇ ਭਰਾ ਗੁਰਮੀਤ ਸਿੰਘ ਬੱਗਾ ਕੋਲ ਪਹੁੰਚਣ ਦੀ ਫਿਰਾਕ 'ਚ ਸੀ, ਜਿਸ ਨੂੰ ਥਾਈਲੈਂਡ ਏਅਰਪੋਰਟ 'ਤੇ ਜਾਅਲੀ ਪਾਸਪੋਰਟ ਸਣੇ ਗ੍ਰਿਫਤਾਰ ਕਰ ਕੇ 2 ਸਾਲ ਲਈ ਜੇਲ ਭੇਜ ਦਿੱਤਾ ਗਿਆ। ਜਦੋਂ ਇਸ ਬਾਰੇ ਸਟੇਟ ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਤਾਂ ਇੰਟਰਪੋਲ ਦੀ ਮਦਦ ਨਾਲ ਥਾਈਲੈਂਡ ਪੁਲਸ ਨੇ ਅੱਤਵਾਦੀ ਗੁਰਦੇਵ ਸਿੰਘ ਟਾਂਡਾ ਨੂੰ ਭਾਰਤ ਡਿਪੋਟ ਕਰ ਦਿੱਤਾ, ਜਿਸ ਨੂੰ ਦਿੱਲੀ ਏਅਰਪੋਰਟ ਪਹੁੰਚਣ 'ਤੇ ਅੱਜ ਗ੍ਰਿਫਤਾਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਗੁਰਦੇਵ ਸਿੰਘ ਦਾ ਭਰਾ ਗੁਰਮੀਤ ਸਿੰਘ ਬੱਗਾ ਇਸ ਵੇਲੇ ਜਰਮਨ ਵਿਚ ਰਹਿ ਰਿਹਾ ਹੈ ਅਤੇ ਉਸ ਵਿਰੁੱਧ ਪੰਜਾਬ 'ਚ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਮਾਮਲੇ ਦਰਜ ਹਨ। ਇਹ ਪੁਸ਼ਟੀ ਸਟੇਟ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ। ਗੁਰਦੇਵ ਸਿੰਘ ਟਾਂਡਾ ਤੋਂ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਸ ਉਸ ਤੋਂ ਪੰਜਾਬ 'ਚ ਹੋਣ ਵਾਲੀਆਂ ਅੱਤਵਾਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।
ਪੰਜਾਬ 'ਚ ਅੱਜ ਮੀਂਹ ਸੰਭਵ
NEXT STORY