ਚੋਗਾਵਾਂ, (ਹਰਜੀਤ)- ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਜਤਿੰਦਰ ਸਿੰਘ ਛੀਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਲਾਭ ਸਿੰਘ ਉਡਰ ਤੇ ਤਹਿਸੀਲ ਪ੍ਰਧਾਨ ਬਾਬਾ ਜੋਗਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਪਿੰਡ ਟਪਿਆਲਾ ਦੇ ਸੈਂਕੜੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਵੱਲੋਂ ਅਲਾਟ ਹੋਏ 5-5 ਮਰਲੇ ਦੇ ਪਲਾਟਾਂ ਨੂੰ ਪਿੰਡ ਦੀ ਹੀ ਇਕ ਧਿਰ ਨੇ ਖਾਲੀ ਕਰਵਾਏ ਜਾਣ ਦੇ ਰੋਸ ਵਜੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਤੇ ਪੰਜਾਬ ਵਿਚਲੀ ਨਵੀਂ ਬਣੀ ਕਾਂਗਰਸ ਸਰਕਾਰ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ।
ਇਸ ਸਬੰਧੀ ਉਕਤ ਆਗੂਆਂ ਨੇ ਦੱਸਿਆ ਕਿ ਪਿੰਡ ਟਪਿਆਲਾ ਵਿਖੇ ਮਜ਼ਦੂਰਾਂ ਨੂੰ ਪਲਾਟ ਦੇਣ ਲਈ ਪੰਜਾਬ ਸਰਕਾਰ ਨੇ ਉਕਤ ਜ਼ਮੀਨ 22 ਕਨਾਲ 15 ਮਰਲੇ 1974 'ਚ ਐਕਵਾਇਰ ਕੀਤੀ ਸੀ ਤੇ ਸਾਰੀ ਕਾਰਵਾਈ ਪੂਰੀ ਕਰ ਕੇ 90 ਦੇ ਕਰੀਬ ਮਜ਼ਦੂਰਾਂ ਨੂੰ ਪਲਾਟਾਂ ਦੀਆਂ ਸਨਦਾਂ ਜਾਰੀ ਕਰ ਦਿੱਤੀਆਂ ਸਨ। ਸਰਕਾਰੀ ਗ੍ਰਾਂਟ ਦੀ ਉਮੀਦ 'ਚ ਮਜ਼ਦੂਰ ਇਨ੍ਹਾਂ ਪਲਾਟਾਂ 'ਤੇ ਮਕਾਨ ਨਾ ਬਣਾ ਸਕੇ, ਜਿਸ ਕਾਰਨ ਇੰਤਕਾਲ ਮਜ਼ਦੂਰਾਂ ਦੇ ਨਾਂ ਨਹੀਂ ਕੀਤਾ ਗਿਆ। ਇਸ ਮੁੱਦੇ ਨੂੰ ਲੈ ਕੇ ਮਰਹੂਮ ਮਜ਼ਦੂਰ ਆਗੂ ਸਵਿੰਦਰ ਸਿੰਘ ਟਪਿਆਲਾ ਦੀ ਅਗਵਾਈ 'ਚ ਭਾਰੀ ਜੱਦੋ-ਜਹਿਦ ਕਰ ਕੇ ਇਸ ਜ਼ਮੀਨ ਦਾ ਇੰਤਕਾਲ 17 ਜੂਨ 2011 ਨੂੰ ਪੰਜਾਬ ਸਰਕਾਰ ਹਾਊਸਿੰਗ ਐਂਡ ਡਿਵੈਲਪਮੈਂਟ ਵਿਭਾਗ ਦੇ ਨਾਂ ਮਨਜ਼ੂਰ ਕਰਵਾ ਦਿੱਤਾ ਗਿਆ।
ਹੁਣ ਦੁਬਾਰਾ ਅਪ੍ਰੈਲ 2017 'ਚ ਮਹਿਕਮਾ ਪੰਚਾਇਤ ਦੀ ਮਿਲੀਭੁਗਤ ਨਾਲ ਇਸ ਜ਼ਮੀਨ ਦਾ ਇੰਤਕਾਲ ਸੁਖਬੀਰ ਕੌਰ ਵਗੈਰਾ ਦੇ ਨਾਂ ਕਰ ਦਿੱਤਾ ਗਿਆ ਹੈ, ਜਿਸ ਕਾਰਨ 90 ਗਰੀਬ ਲੋਕ ਜਿਨ੍ਹਾਂ ਨੇ ਇਸ ਜ਼ਮੀਨ ਉਪਰ ਪਲਾਟ ਵਲੇ ਹੋਏ ਹਨ ਤੇ ਕਈਆਂ ਨੇ ਕੋਠੇ ਪਾਏ ਹੋਏ ਹਨ, ਉਨ੍ਹਾਂ ਨੂੰ ਜਬਰੀ ਕੱਢਿਆ ਜਾ ਰਿਹਾ ਹੈ। ਉਕਤ ਆਗੂਆਂ ਨੇ ਇਸ ਕੇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਗਰੀਬ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਨੇ ਡੰਡੇ ਦੇ ਜ਼ੋਰ ਨਾਲ ਪਲਾਟਾਂ ਜ਼ਮੀਨ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀ ਜਥੇਬੰਦੀ ਇਸ ਧੱਕੇਸ਼ਾਹੀ ਖਿਲਾਫ ਤਕੜਾ ਸੰਘਰਸ਼ ਕਰੇਗੀ।
ਇਸ ਸਬੰਧੀ ਵਿਰੋਧੀ ਧਿਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਸਾਡੇ ਦਾਦੇ-ਪੜਦਾਦਿਆਂ ਦੀ ਹੈ, ਇਹ ਲੋਕ ਧੱਕੇ ਨਾਲ ਕਬਜ਼ਾ ਕਰੀ ਬੈਠੇ ਹਨ, ਅਸੀਂ ਆਪਣੀ ਜੱਦੀ ਜ਼ਮੀਨ ਪ੍ਰਾਪਤ ਕਰਨ ਲਈ ਹਾਈ ਕੋਰਟ 'ਚ ਕੇਸ ਕੀਤਾ ਹੋਇਆ ਸੀ, ਜਿਸ ਦਾ ਫੈਸਲਾ ਮਾਣਯੋਗ ਅਦਾਲਤ ਨੇ ਸਾਡੇ ਹੱਕ 'ਚ ਕਰ ਦਿੱਤਾ ਹੈ।
ਇਸ ਮੌਕੇ ਅਵਤਾਰ ਸਿੰਘ ਜੱਸੜ, ਹੁਸ਼ਿਆਰ ਸਿੰਘ ਝੰਡੇਰ, ਜਗਤਾਰ ਸਿੰਘ ਟਪਿਆਲਾ, ਜੋਗਿੰਦਰ ਸਿੰਘ ਟਪਿਆਲਾ, ਮੁਖਤਾਰ ਸਿੰਘ, ਗੁਰਮੀਤ ਸਿੰਘ, ਜਗੀਰ ਸਿੰਘ, ਕਸ਼ਮੀਰ ਸਿੰਘ, ਨਿਰਮਲ ਸਿੰਘ, ਗੁਰਨਾਮ ਸਿੰਘ, ਪ੍ਰਕਾਸ਼ ਕੌਰ, ਕਸ਼ਮੀਰ ਕੌਰ, ਦਲਬੀਰ ਕੌਰ, ਕੰਵਲਜੀਤ ਕੌਰ, ਗੁਰਮੀਤ ਕੌਰ, ਪ੍ਰੀਤਮ ਕੌਰ ਆਦਿ ਸਮੇਤ ਵੱਡੀ ਗਿਣਤੀ 'ਚ ਮਜ਼ਦੂਰ ਹਾਜ਼ਰ ਸਨ।
ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
NEXT STORY