ਮਲੋਟ/ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 16 ਫਰਵਰੀ 2026 ਨੂੰ ਮੋਗਾ ਵਿਖੇ ਕਰਵਾਈ ਜਾ ਰਹੀ 'ਮੈਗਾ ਰੈਲੀ' ਲਈ ਲਗਾਈਆਂ ਗਈਆਂ ਡਿਊਟੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। 'ਦੀ ਰੈਵੀਨਿਊ ਪਟਵਾਰ ਯੂਨੀਅਨ' ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਇਕ ਹੰਗਾਮੀ ਮੀਟਿੰਗ ਕਰਕੇ ਇਨ੍ਹਾਂ ਡਿਊਟੀਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਕੀ ਹੈ ਪੂਰਾ ਮਾਮਲਾ
ਐੱਸ.ਡੀ.ਐੱਮ. ਮਲੋਟ ਵੱਲੋਂ ਜਾਰੀ ਕੀਤੇ ਗਏ ਪੱਤਰ (ਨੰਬਰ 161-165, ਮਿਤੀ 12/02/2026) ਅਨੁਸਾਰ ਵੱਖ-ਵੱਖ ਪਿੰਡਾਂ ਤੋਂ ਰੈਲੀ ਵਿਚ ਜਾਣ ਵਾਲੀਆਂ ਬੱਸਾਂ ਦੇ ਪ੍ਰਬੰਧ ਲਈ ਪਟਵਾਰੀਆਂ ਅਤੇ ਪੰਚਾਇਤ ਸੈਕਟਰੀਆਂ ਨੂੰ 'ਬੱਸ ਕੋਆਰਡੀਨੇਟਰ' ਵਜੋਂ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਬੱਸਾਂ 'ਤੇ ਬੈਨਰ ਲਗਾਉਣ, ਪੀਣ ਵਾਲੇ ਪਾਣੀ ਅਤੇ ਰਿਫ੍ਰੈਸ਼ਮੈਂਟ ਦਾ ਪ੍ਰਬੰਧ ਕਰਨ, ਯਾਤਰੀਆਂ ਦੀ ਗਿਣਤੀ ਕਰਨ ਅਤੇ ਮੋਬਾਈਲ ਐਪ ਡਾਊਨਲੋਡ ਕਰਵਾਉਣ ਵਰਗੇ ਕੰਮਾਂ ਦੀ ਸੀ। ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਯੂਨੀਅਨ ਨੇ ਦੋਸ਼ ਲਗਾਇਆ ਕਿ ਪਟਵਾਰੀਆਂ ਦੀ ਡਿਊਟੀ ਨੂੰ "ਰਾਜਨੀਤਿਕ ਰੰਗਤ" ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਵਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਲਈ ਵਚਨਬੱਧ ਹਨ ਪਰ ਉਨ੍ਹਾਂ ਨੂੰ ਗੈਰ-ਰੈਵੀਨਿਊ ਕੰਮਾਂ ਵਿਚ ਨਾ ਲਗਾਇਆ ਜਾਵੇ।
ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪਟਵਾਰੀਆਂ ਨੂੰ ਇਨ੍ਹਾਂ ਗੈਰ-ਰੈਵੀਨਿਊ ਡਿਊਟੀਆਂ ਤੋਂ ਮੁਕਤ ਨਾ ਕੀਤਾ ਗਿਆ ਤਾਂ ਉਹ ਜਥੇਬੰਦਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਜਾਰੀ ਸੂਚੀ ਵਿਚ ਵੱਡੀ ਗਿਣਤੀ ਵਿਚ ਪਟਵਾਰੀਆਂ ਅਤੇ ਪੰਚਾਇਤ ਸੈਕਟਰੀਆਂ ਦੇ ਨਾਮ ਸ਼ਾਮਲ ਹਨ, ਜੋ ਵੱਖ-ਵੱਖ ਪਿੰਡਾਂ ਅਤੇ ਹੋਰ ਇਲਾਕਿਆਂ ਵਿਚ ਤਾਇਨਾਤ ਹਨ।
ਪੰਜਾਬ ਸਰਕਾਰ ਦੇ 'ਯੁੱਧ ਨਸ਼ੇ ਵਿਰੁੱਧ' ਦੀ ਖੁੱਲ੍ਹੀ ਪੋਲ! ਪੁਲਸ ਮੁਲਾਜ਼ਮ ਦੇ ਪੁੱਤ ਦੀ ਓਵਰਡੋਜ਼ ਕਾਰਨ ਮੌਤ
NEXT STORY