ਗਿੱਦਡ਼ਬਾਹਾ, (ਕੁਲਭੂਸ਼ਨ)- ਗਿੱਦਡ਼ਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਦੇ 3 ਪਰਿਵਾਰਾਂ ਨੇ ਉਨ੍ਹਾਂ ਦੀ ਜ਼ਮੀਨ ’ਤੇ ਮਾਣਯੋਗ ਅਦਾਲਤ ਵੱਲੋਂ ਸਟੇਟਸ-ਕੋ ਹੋਣ ਦੇ ਬਾਵਜੂਦ ਪਿੰਡ ਫੂਲੇਵਾਲਾ ਦੇ ਕੁਝ ਵਿਅਕਤੀਆਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਅਜਿਹਾ ਹੋਣ ਦੀ ਸੂਰਤ ’ਚ ਸਮੂਹਿਕ ਤੌਰ ’ਤੇ ਆਤਮ-ਹੱਤਿਆ ਕਰਨ ਦੀ ਗੱਲ ਵੀ ਕੀਤੀ ਹੈ।
ਜਾਣਕਾਰੀ ਦਿੰਦਿਆਂ ਪਿੰਡ ਸਾਹਿਬ ਚੰਦ ਦੇ ਜਗਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ-ਦਾਦਾ ਪਿਛਲੇ 70 ਸਾਲਾਂ ਤੋਂ ਉਕਤ ਜ਼ਮੀਨ ’ਤੇ ਕਾਬਜ਼ ਹਨ ਅਤੇ ਖੇਤੀਬਾਡ਼ੀ ਕਰ ਕੇ ਆਪਣੇ ਪਰਿਵਾਰ ਪਾਲਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਕਤ ਸਾਂਝੀ ਜ਼ਮੀਨ ਵਿਚੋਂ, ਜੋ ਕਿ ਕਰੀਬ 48 ਕਿਲੇ ਹੈ, ਦੀ ਇਕ ਹਿੱਸੇਦਾਰ ਨਿਹਾਲ ਕੌਰ ਆਪਣੇ ਹਿੱਸੇ ਦੀ 24 ਕਿਲੇ ਜ਼ਮੀਨ, ਜੋ ਕਿ ਤਕਸੀਮ ਤਹਿਤ ਉਸ ਨੂੰ ਹਿੱਸੇ ਆਈ ਸੀ, ਆਪਣੇ ਨਾਂ ਕਰਵਾਉਣ ਉਪਰੰਤ ਵੇਚ ਕੇ ਪਿੰਡ ਸਾਹਿਬ ਚੰਦ ਛੱਡ ਪਿੰਡ ਬੋਦੀਵਾਲਾ ਚਲੀ ਗਈ ਸੀ, ਜਦਕਿ ਉਕਤ ਪਰਿਵਾਰਾਂ ਵੱਲੋਂ ਆਪਣੇ ਉਕਤ ਹਿੱਸੇ ਦੀ 24 ਕਿਲੇ ਜ਼ਮੀਨ ਤਕਸੀਮ ਉਪਰੰਤ ਆਪਣੇ ਪਿਤਾ-ਦਾਦਾ ਤੋਂ ਆਪਣੇ ਨਾਂ ਨਹੀਂ ਕਰਵਾਈ।
ਇਸ ਦੌਰਾਨ ਨਿਹਾਲ ਕੌਰ ਵੱਲੋਂ ਆਪਣੇ ਹਿੱਸੇ ਦੀ ਵੇਚੀ ਗਈ 24 ਕਿਲੇ ਜ਼ਮੀਨ ਵਿਚ ਉਕਤ 3 ਪਰਿਵਾਰਾਂ ਦੀ ਜ਼ਮੀਨ ਦੇ ਨੰਬਰ ਵੀ ਤਕਸੀਮ ਵਿਚ ਵਿਚ ਆ ਗਏ, ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ। ਇਸ ਦਾਇਰ ਕੀਤੇ ਕੇਸ ਦੀ ਲਡ਼ੀ ’ਚ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਸਟੇਟਸ-ਕੋ ਦਿੱਤਾ ਗਿਆ ਹੈ ਅਤੇ ਹੁਣ ਉਕਤ ਕੇਸ ਦੀ ਅਗਲੀ ਤਰੀਕ (ਪੇਸ਼ੀ) 6 ਜੁਲਾਈ ਰੱਖੀ ਗਈ ਹੈ ਪਰ ਹੁਣ ਪ੍ਰਸ਼ਾਸਨ ਸਟੇਟਸ-ਕੋ ਦੇ ਬਾਵਜੂਦ ਦੂਜੀ ਧਿਰ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਜ਼ਮੀਨ ਦੀ ਸਾਰੀ ਤਕਸੀਮ ਸਬੰਧੀ 2 ਜੁਲਾਈ, 2018 ਲਈ ਇਕ ਰਿੱਟ ਪਟੀਸ਼ਨ ਨੰਬਰ ਸੀ. ਡਬਲਯੂ. ਟੀ. 15416/2018 ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੰਬਿਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਜ਼ਮੀਨ ਦਾ ਕਬਜ਼ਾ ਦੂਜੀ ਧਿਰ ਨੂੰ ਦਿਵਾ ਦਿੱਤਾ ਤਾਂ ਅਜਿਹੇ ਵਿਚ ਉਨ੍ਹਾਂ ਪਾਸ ਕਮਾਈ ਦਾ ਕੋਈ ਵੀ ਜ਼ਰੀਆ ਨਹੀਂ ਰਹਿ ਜਾਵੇਗਾ ਅਤੇ ਉਨ੍ਹਾਂ ਕੋਲ ਸਿਵਾਏ ਸਮੂਹਿਕ ਆਤਮ-ਹੱਤਿਆ ਕਰਨ ਦਾ ਹੋਰ ਕੋਈ ਚਾਰਾ ਬਾਕੀ ਨਹੀਂ ਰਹੇਗਾ।
ਕੀ ਕਹਿੰਦੇ ਨੇ ਤਹਿਸੀਲਦਾਰ ਗੁਰਮੇਲ ਸਿੰਘ : ਤਹਿਸੀਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਕਾਫੀ ਪੁਰਾਣਾ ਹੈ ਅਤੇ ਇਸ ਸਬੰਧੀ ਤਕਸੀਮ ਸਬੰਧੀ ਇਕ ਰਿੱਟ ਐੱਸ. ਡੀ. ਐੱਮ. ਗਿੱਦਡ਼ਬਾਹਾ ਦੀ ਅਦਾਲਤ ’ਚ ਦਾਇਰ ਹੋਈ ਸੀ, ਜੋ ਵਿੱਤ ਕਮਿਸ਼ਨਰ ਪਾਸ ਹੁੰਦੀ ਹੋਈ ਸਾਡੇ ਕੋਲ ਵਾਪਸ ਆਈ ਹੈ, ਜਿਸ ਤਹਿਤ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ’ਚ ਦਫ਼ਤਰ ਵੱਲੋਂ ਜ਼ਮੀਨ ਦਾ ਕਬਜ਼ਾ ਪਿੰਡ ਫੂਲੇਵਾਲਾ ਧਿਰ ਨੂੰ ਦਿਵਾਉਣ ਸਬੰਧੀ ਬੀਤੇ ਸ਼ੁੱਕਰਵਾਰ ਨੂੰ ਲਿਖਤੀ ਤੌਰ ’ਤੇ ਸਾਹਿਬ ਚੰਦ ਧਿਰ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਅੱਜ ਉਕਤ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਣਾ ਸੀ ਪਰ ਮੌਕੇ ’ਤੇ ਕਿਸੇ ਵੀ ਪੀ. ਸੀ. ਐੱਸ. ਅਧਿਕਾਰੀ ਦੀ ਮੌਜੂਦਗੀ ਨਾ ਹੋਣ ਕਾਰਨ ਉਕਤ ਕਾਰਵਾਈ ਨੂੰ ਫਿਲਹਾਲ ਪੈਂਡਿੰਗ ਕਰ ਦਿੱਤਾ ਗਿਆ ਹੈ।
ਸਟੇਟਸ-ਕੋ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਸਬੰਧੀ ਮਾਣਯੋਗ ਅਦਾਲਤ ਵੱਲੋਂ ਸਟੇਟਸ-ਕੋ ਕੀਤਾ ਗਿਆ ਹੈ। ਜ਼ਮੀਨ ਦਾ ਕਬਜ਼ਾ ਦਿਵਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।
ਚੱਕਾ ਜਾਮ ਨਾਲ ਭਿਆਨਕ ਗਰਮੀ ’ਚ ਯਾਤਰੀ ਹੁੰਦੇ ਰਹੇ ਬੇਹਾਲ
NEXT STORY