ਹਰੀਕੇ ਪੱਤਣ, (ਲਵਲੀ)- ਪਿੰਡ ਬੂਹ ਦੀ ਪੰਚਾਇਤੀ ਜ਼ਮੀਨ ਦਾ ਮਤਾ ਪਾਉਣ ’ਤੇ ਹੋਏ ਹੁੰਗਾਮੇ ਕਾਰਨ ਅੱਜ ਪਿੰਡ ਬੂਹ ਵਾਸੀਆਂ ਨੇ ਰੋਸ ਵਜੋਂ ਥਾਣਾ ਹਰੀਕੇ ਅੱਗੇ ਧਰਨਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਦੇ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪਿੰਡ ਬੂਹ ਵਿਖੇ ਨੀਲੀ ਰਾਵੀ ਮੱਝਾਂ ਦਾ ਖੋਜ ਕੇਂਦਰ ਖੋਲ੍ਹਣ ਵਾਸਤੇ ਪੰਜਾਬ ਸਰਕਾਰ ਕੋਲੋਂ ਇਹ ਪ੍ਰਾਜੈਕਟ ਬਡ਼ੀ ਜੱਦੋ-ਜਹਿਦ ਨਾਲ ਪਾਸ ਕਰਵਾ ਕੇ ਲਿਆਂਦਾ ਗਿਆ। ਇਸ ਪ੍ਰਾਜੈਕਟ ਨੂੰ ਲਾਉਣ ਵਾਸਤੇ ਪਿੰਡ ਬੂਹ ਦੀ ਕਰੀਬ 24 ਏਕਡ਼ ਜ਼ਮੀਨ ਦੀ ਜ਼ਰੂਰਤ ਸੀ। ਜਿਸ ਵਿਚੋਂ 17 ਏਕਡ਼ ਪੰਚਾਇਤੀ ਜ਼ਮੀਨ ਦਾ ਪਹਿਲਾਂ ਹੀ ਮਤਾ ਪੈ ਚੁੱਕਾ ਸੀ ਅਤੇ ਬਾਕੀ ਰਹਿੰਦੀ 7 ਏਕਡ਼ ਜ਼ਮੀਨ ਪੰਚਾਇਤੀ ਜ਼ਮੀਨ ਦਾ ਮਤਾ ਪਾਉਣ ਵਾਸਤੇ ਪਿੰਡ ਵਿਚ ਅਨਾਊਂਸਮੈਂਟ ਕਰਵਾਈ ਗਈ ਅਤੇ ਪੰਚਾਇਤ ਵਿਭਾਗ ਅਤੇ ਇਲਾਕੇ ਦੇ ਕਾਂਗਰਸੀ ਆਗੂਆਂ ਵੱਲੋ ਜਿਓਂ ਹੀ ਆਮ ਲੋਕਾਂ ਦੀ ਸਹਿਮਤੀ ਵਾਸਤੇ ਦਸਤਖਤ ਕਰਵਾਉਣੇ ਸ਼ੁਰੂ ਕੀਤੇ ਗਏ ਤਾਂ ਪਿੰਡ ਦੇ ਹੀ ਕੁਝ ਲੋਕਾਂ ਵੱਲੋ ਹੁਲਡ਼ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਤੇ ਕਾਫੀ ਹੰਗਾਮਾ ਹੋਇਆ। ਜਿਸ ਕਾਰਨ ਇਕ ਕਾਰ ਵੀ ਨੁਕਸਾਨੀ ਗਈ। ਮੌਕੇ ’ਤੇ ਪਹੁੰਚੇ ਥਾਣਾ ਮੁਖੀ ਪ੍ਰਭਜੀਤ ਸਿੰਘ ਗਿੱਲ ਜਿਨ੍ਹਾਂ ਨੇ ਇਹ ਭਖਦਾ ਮਾਮਲਾ ਸ਼ਾਂਤ ਕੀਤਾ ਅਤੇ ਇਸ ਤੋਂ ਬਾਅਦ ਇਨ੍ਹਾਂ ਲੋਕਾਂ ਵੱਲੋਂ ਥਾਣਾ ਹਰੀਕੇ ਦੇ ਦਰਵਾਜ਼ੇ ਅੱਗੇ ਜ਼ਮੀਨ ਦਾ ਮਤਾ ਨਾ ਪਾਉਣ ਸਬੰਧੀ ਧਰਨਾ ਲਾਇਆ ਗਿਆ।
ਕਾਫੀ ਸਮੇਂ ਤੱਕ ਥਾਣੇ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿੰਡ ਬੂਹ ਵਿਖੇ ਪਹਿਲਾਂ ਵੀ ਗੁਰੂ ਅੰਗਦ ਦੇਵ ਯੁਨੀਵਰਸਿਟੀ ਲੁਧਿਆਣਾ ਦੇ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਐਨੀਮਲ ਸਾਇੰਸ ਕੇਂਦਰ ਚੱਲ ਰਿਹਾ ਹੈ, ਜਿਸ ਵਿਚੋਂ ਪਹਿਲਾਂ ਹੀ ਇਲਾਕੇ ਦੇ ਕਿਸਾਨ ਅਤੇ ਹੁਨਰਮੰਦ ਲੋਕ ਕਾਫੀ ਲਾਹਾ ਲੈ ਰਹੇ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਅੌਰਤਾਂ ਵੀ ਸ਼ਾਮਲ ਹਨ ਕਿਉਂਕਿ ਕੇਂਦਰ ਵੱਲੋਂ ਲਗਾਤਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਖੇਤੀ ਪ੍ਰਤੀ ਨਵੀਂ ਤਕਨੀਕ ਅਤੇ ਡੰਗਰਾਂ ਤੋਂ ਵੱਧ ਦੁੱਧ ਹਾਸਲ ਕਰਨ ਅਤੇ ਉਨ੍ਹਾਂ ਨੂੰ ਫੀਡ ਆਦਿ ਪਾ ਕੇ ਉਨ੍ਹਾਂ ਦੀ ਤੰਦਰੁਸਤ ਸਿਹਤ ਵਾਸਤੇ ਲਗਾਤਾਰ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਸ ’ਚੋਂ ਕਿਸਾਨ ਅਤੇ ਇਲਾਕੇ ਦੇ ਲੋਕਾਂ ਵਾਸਤੇ ਵਰਦਾਨ ਸਿੱਧ ਹੋ ਰਿਹਾ ਹੈ। ਇਸ ਨੀਲੀ ਰਾਵੀ ਦਾ ਖੋਜ ਕੇਂਦਰ ਬਣਨ ਦੇ ਨਾਲ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਹੈ ਉਸ ਦੇ ਨਾਲ ਹੀ ਦੁੱਧ ਦਾ ਧੰਦਾ ਕਰਨ ਵਾਸਤੇ ਦੁੱਧ ਉਤਪਾਦਕਾਂ ਨੂੰ ਵੱਡਾ ਲਾਭ ਮਿਲਣਾ ਹੈ। ਹੁਣ ਵੇਖਣਾ ਹੋਵੇਗਾ ਇਹ ਮਸਲਾ ਕਿਸ ਤਰੀਕੇ ਨਾਲ ਹੱਲ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ।
ਦਲਿਤ ਬਸਤੀ ਦੇ ਲੋਕਾਂ ਨੇ ਪਾਵਰਕਾਮ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY