ਲੁਧਿਆਣਾ (ਰਾਜ)- ਟਿੱਬਾ ਰੋਡ ਇਲਾਕੇ ਤੋਂ ਤਿੰਨ ਨਾਬਾਲਗ ਬੱਚਿਆਂ ਦੇ ਸ਼ੱਕੀ ਹਾਲਾਤ ਵਿਚ ਇਕੱਠੇ ਲਾਪਤਾ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਤਿੰਨੋ ਬੱਚੇ ਘਰੋਂ ਬਾਹਰ ਗਲੀ ਵਿਚ ਖੇਡਣ ਲਈ ਨਿਕਲੇ ਸਨ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵਾਪਸ ਘਰ ਨਹੀਂ ਮੁੜੇ।
ਪਰਿਵਾਰ ਵਾਲਿਆਂ ਅਤੇ ਸਥਾਨਕ ਲੋਕਾਂ ਵੱਲੋਂ ਸੰਭਾਵਿਤ ਟਿਕਾਣਿਆਂ ਅਤੇ ਰਿਸ਼ਤੇਦਾਰਾਂ ਦੇ ਦਿਨ-ਰਾਤ ਭਾਲ ਕਰਨ ਦੇ ਬਾਵਜੂਦ ਜਦੋਂ ਕੋਈ ਸੁਰਾਗ ਨਾਲ ਲੱਗਾ ਤਾਂ ਇਲਾਕੇ ਵਿਚ ਹਫੜਾ ਦਫੜੀ ਮਚ ਗਈ। ਪਰਿਵਾਰ ਵਾਲਿਆਂ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੱਚਿਆਂ ਦੇ ਅਗਵਾ ਦਾ ਸ਼ੱਕ ਜਤਾਇਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਨੇ ਅਣਪਛਾਤੇ ’ਤੇ ਕੇਸ ਦਰਜ ਕਰਕੇ ਭਾਲ ਲਈ ਵਿਸ਼ੇਸ਼ ਟੀਮਾਂ ਬਣਾ ਦਿੱਤੀਆਂ ਹਨ।
ਪੁਲਸ ਨੂੰ ਦਿੱਤੀ ਗਈ ਅਧਿਕਾਰਤ ਸ਼ਿਕਾਇਤ ਵਿਚ ਨਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਬੱਚੇ 22 ਸਤੰਬਰ ਦੀ ਦੁਪਹਿਰ ਨੂੰ ਕਰੀਬ ਡੇਢ ਵਜੇ ਰੋਜਾਨਾ ਦੀ ਤਰ੍ਹਾਂ ਘਰ ਦੇ ਬਾਹਰ ਗਲੀ ਵਿਚ ਖੇਡਣ ਗਏ ਸਨ। ਲਾਪਤਾ ਹੋਣ ਵਾਲੇ ਬੱਚਿਆਂ ਵਿਚ ਸ਼ਿਕਾਇਤਕਰਤਾ ਦੀ 12 ਸਾਲ ਦੀ ਬੇਟੀ ਪ੍ਰਭਦੀਪ ਕੌਰ, 11 ਸਾਲ ਦਾ ਬੇਟਾ ਅਰਸ਼ਦੀਪ ਸਿੰਘ ਅਤੇ ਗੁਆਂਢ ਵਿਚ ਰਹਿਣ ਵਾਲੇ ਜਸਵਿੰਦਰ ਵਰਮਾ ਦੀ 16 ਸਾਲ ਦੀ ਬੇਟੀ ਰਾਧਿਕਾ ਸ਼ਾਮਲ ਹਨ।
ਜਦੋਂ ਕਾਫੀ ਦੇਰ ਤੱਕ ਬੱਚੇ ਘਰ ਨਾ ਮੁੜੇ ਤਾਂ ਪਰਿਵਾਰ ਵਾਲਿਆਂ ਨੇ ਗਲੀ ਅਤੇ ਆਸ ਪਾਸ ਦੀਆਂ ਪਾਰਕਾਂ ਵਿਚ ਜਾ ਕੇ ਦੇਖਿਆ ਪਰ ਬੱਚੇ ਉਥੇ ਨਹੀਂ ਸਨ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੰਭੀਰ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਅਣਪਛਾਤੇ ਸ਼ਾਤਰ ਵਿਅਕਤੀ ਨੇ ਆਪਣੇ ਨਿਜੀ ਸਵਾਰਥ ਲਈ ਬੱਚਿਆਂ ਨੂੰ ਵਰਗਲਾ ਕੇ ਆਪਣੀ ਨਾਜਾਇਜ਼ ਹਿਰਾਸਤ ਵਿਚ ਲੁਕੋ ਕੇ ਰੱਖਿਆ ਹੋ ਸਕਦਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਥਾਣਾ ਟਿੱਬਾ ਦੀ ਪੁਲਸ ਨੇ ਤੁਰੰਤ ਵਿਸ਼ੇਸ਼ ਜਾਂਚ ਸ਼ੁਰੂ ਕੀਤੀ। ਪੁਲਸ ਟੀਮਾਂ ਨੇ ਬੱਚਿਆਂ ਦੇ ਘਰ ਤੋਂ ਨਿਕਲਣ ਵਾਲ ਰਸਤਿਆਂ ’ਤੇ ਲੱਗੇ 25 ਤੋਂ ਵੱਧ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ।
ਸੀ.ਸੀ.ਟੀਵੀ ਫੁਟੇਜ ਦੀ ਜਾਂਚ ਦੌਰਾਨ ਤਿੰਨੋ ਬੱਚੇ ਮੇਹਰਬਾਨ ਇਲਾਕੇ ਵੱਲ ਪੈਦਲ ਜਾਂਦੇ ਦਿਖਾਈ ਦਿੱਤੇ ਹਨ। ਪਹਿਲੀ ਫੁਟੇਜ ਵਿਚ ਬੱਚਿਆਂ ਦੇ ਨਾਲ ਕੋਈ ਸ਼ੱਕੀ ਜਾਂ ਅਣਪਛਾਤਾ ਵਿਅਕਤੀ ਨਹੀਂ ਦਿਖਿਆ ਹੈ ਤੇ ਉਹ ਇਕੱਲੇ ਹੀ ਅੱਗੇ ਵਧਦੇ ਨਜ਼ਰ ਆ ਰਹੇ ਹਨ। ਪੁਲਸ ਹੁਣ ਉਸ ਇਲਾਕੇ ਦੇ ਅੱਗੇ ਦੇ ਕੈਮਰਿਆਂ ਦੀ ਫੁਟੇਜ ਟ੍ਰੇਸ ਕਰਕੇ ਉਨ੍ਹਾਂ ਦੀ ਸਟੀਕ ਲੋਕੇਸ਼ਨ ਦਾ ਪਤਾ ਲਗਾਉਣ ਵਿਚ ਜੁਟੀ ਹੈ।
ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਤਿੰਨੋ ਬੱਚਿਆਂ ਦੀਆਂ ਤਸਵੀਰਾਂ ਤੇ ਵੇਰਵੇ ਮਹਾਨਗਰ ਦੇ ਸਾਰੇ ਥਾਣਿਆਂ, ਪੁਲਸ ਚੌਕੀਆਂ, ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੀ ਪੁਲਸ ਨੂੰ ਭੇਜ ਕੇ ਹਾਈ ਅਲਰਟ ਜਾਰੀ ਕਰੀ ਦਿੱਤਾ ਹੈ ਤੇ ਜਲਦ ਹੀ ਬੱਚਿਆਂ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਜਾਵੇਗਾ।
Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ ਤੂਫ਼ਾਨ
NEXT STORY