ਲੁਧਿਆਣਾ (ਰਾਜ): ਮਹਾਨਗਰ ਦੇ ਸਭ ਤੋਂ ਵਿਅਸਤ ਅਤੇ ਭੀੜੇ ਵਪਾਰਕ ਖੇਤਰ ਦਾਲ ਬਾਜ਼ਾਰ ਵਿਚ ਅੱਜ ਸਵੇਰੇ ਉਸ ਵੇਲੇ ਚੀਕ-ਚਿਹਾੜਾ ਮੱਚ ਗਿਆ ਜਦੋਂ ਇਕ ਰਿਹਾਇਸ਼ੀ ਮਕਾਨ ਦੇ ਅੰਦਰ ਚੱਲ ਰਹੀ ਛੋਟੀ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਸਵੇਰੇ ਕਰੀਬ 10 ਵਜੇ ਜਦੋਂ ਬਾਜ਼ਾਰ ਵਿਚ ਹਲਚਲ ਸ਼ੁਰੂ ਹੀ ਹੋਈ ਸੀ, ਤਾਂ ਇਕ ਘਰ ਵਿਚੋਂ ਧੂੰਏਂ ਦੇ ਕਾਲੇ ਗੁਬਾਰ ਉੱਠਦੇ ਦੇਖ ਕੇ ਆਸ-ਪਾਸ ਦੇ ਲੋਕਾਂ ਨੂੰ ਭਾਜੜਾਂ ਪੈ ਗਈਆੰ। ਇਸ ਦਰਦਨਾਕ ਹਾਦਸੇ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀ ਇਸ ਯੂਨਿਟ ਵਿਚ ਜਲਣਸ਼ੀਲ ਸਮੱਗਰੀ ਹੋਣ ਕਾਰਨ ਅੱਗ ਨੇ ਕੁਝ ਹੀ ਮਿੰਟਾਂ ਵਿਚ ਵਿਕਰਾਲ ਰੂਪ ਧਾਰਨ ਕਰ ਲਿਆ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਤਾਂ ਪਹੁੰਚੀਆਂ, ਪਰ ਦਾਲ ਬਾਜ਼ਾਰ ਦੀਆਂ ਬੇਹੱਦ ਭੀੜੀਆਂ ਗਲੀਆਂ ਨੇ ਬਚਾਅ ਕਾਰਜ ਵਿਚ ਅੜਿੱਕਾ ਪਾਇਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁੱਖ ਸੜਕ 'ਤੇ ਹੀ ਫਸ ਗਈਆਂ, ਜਿਸ ਤੋਂ ਬਾਅਦ ਮੁਲਾਜ਼ਮਾਂ ਨੂੰ ਕਰੀਬ 12 ਲੰਬੀਆਂ ਪਾਈਪਾਂ ਇਕ ਦੂਜੇ ਨਾਲ ਜੋੜ ਕੇ ਮੌਕੇ ਤੱਕ ਪਾਣੀ ਪਹੁੰਚਾਉਣ ਲਈ ਸਖ਼ਤ ਮਿਹਨਤ ਕਰਨੀ ਪਈ।
ਜਿਉਂਦਾ ਸੜਿਆ ਵਿਅਕਤੀ
ਸਖ਼ਤ ਮਿਹਨਤ ਅਤੇ ਘੰਟਿਆਂ ਬੱਧੀ ਚੱਲੇ ਆਪ੍ਰੇਸ਼ਨ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ ਅਤੇ ਮਲਬੇ ਵਿਚ ਤਲਾਸ਼ੀ ਸ਼ੁਰੂ ਕੀਤੀ, ਤਾਂ ਉੱਥੋਂ ਇਕ ਝੁਲਸੀ ਹੋਈ ਲਾਸ਼ ਬਰਾਮਦ ਹੋਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਧੂੰਏਂ ਅਤੇ ਅੱਗ ਦੇ ਵਿਚਕਾਰ ਫਸੇ ਹੋਣ ਕਾਰਨ ਵਿਅਕਤੀ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਅਗਨੀਕਾਂਡ ਨੇ ਇਕ ਵਾਰ ਫਿਰ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੀਆਂ ਨਾਜਾਇਜ਼ ਫੈਕਟਰੀਆਂ ਅਤੇ ਉੱਥੇ ਸੁਰੱਖਿਆ ਪ੍ਰਬੰਧਾਂ ਦੀ ਘਾਟ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਰਕਾਰ ਦੀ ਡਰਾਮੇਬਾਜ਼ੀ ਬੇਨਕਾਬ! ਵਪਾਰੀਆਂ ਨੇ ਮੀਟਿੰਗ ਦਾ ਕੀਤਾ ਪੂਰਾ ਬਾਇਕਾਟ : ਢੀਂਡਸਾ
NEXT STORY