ਲੁਧਿਆਣਾ (ਰਾਜ)- ਕਸ਼ਮੀਰ ਨਗਰ ਇਲਾਕੇ ਤੋਂ ਲੰਘਦੇ ਬੁੱਢੇ ਦਰਿਆ ਵਿਚ ਐਤਵਾਰ ਨੂੰ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਤੈਰਦੀ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸਥਾਨਕ ਲੋਕਾਂ ਦੀ ਸੂਚਨਾ ’ਤੇ ਪਹੁੰਚੀ ਪੁਲਸ ਨੇ ਰਾਹਗੀਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਮ੍ਰਿਤਕ ਦੀ ਤਲਾਸ਼ੀ ਲੈਣ ’ਤੇ ਉਸ ਦੀ ਜੇਬ ’ਚੋਂ ਨਸ਼ੇ ਦੇ ਟੀਕੇ ਲਗਾਉਣ ਵਾਲੀਆਂ ਸਰਿੰਜਾਂ ਤੇ ਪਾਈਪਾਂ ਬਰਾਮਦ ਹੋਈਆਂ ਹਨ, ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਜਾਂ ਨਸ਼ੇ ਦੀ ਹਾਲਤ ਵਿੱਚ ਨਾਲੇ ਵਿੱਚ ਡਿੱਗਣ ਕਾਰਨ ਹੋਈ ਹੋ ਸਕਦੀ ਹੈ। ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਪਛਾਣ ਵਾਸਤੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਕਸ਼ਮੀਰ ਨਗਰ ਨੇੜੇ ਨਾਲੇ ਦੇ ਕੰਢਿਓਂ ਲੰਘ ਰਹੇ ਰਾਹਗੀਰਾਂ ਤੇ ਸਥਾਨਕ ਲੋਕਾਂ ਨੇ ਪਾਣੀ ਵਿਚ ਇੱਕ ਲਾਸ਼ ਨੂੰ ਵਹਿੰਦੇ ਦੇਖਿਆ। ਘਟਨਾ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ। ਲਾਸ਼ ਡੂੰਘੇ ਪਾਣੀ ਤੇ ਵਹਾਅ ਦੇ ਵਿਚਕਾਰ ਫਸੀ ਹੋਣ ਕਾਰਨ ਪੁਲਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਨਾਲੇ ’ਚੋਂ ਬਾਹਰ ਕੱਢਿਆ।
ਪੁਲਸ ਮੁਤਾਬਕ ਮ੍ਰਿਤਕ ਕੋਲੋਂ ਕੋਈ ਅਜਿਹਾ ਪਛਾਣ ਪੱਤਰ ਨਹੀਂ ਮਿਲਿਆ, ਜਿਸ ਨਾਲ ਉਸ ਦੀ ਸ਼ਨਾਖ਼ਤ ਹੋ ਸਕੇ। ਜਦੋਂ ਲਾਸ਼ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਸਰਿੰਜਾਂ ਅਤੇ ਪਾਈਪਾਂ ਮਿਲੀਆਂ। ਪੁਲਸ ਆਲੇ ਦੁਆਲੇ ਦੇ ਇਲਾਕਿਆਂ, ਫੈਕਟਰੀਆਂ ਤੇ ਬਸਤੀਆਂ ਵਿਚ ਮ੍ਰਿਤਕ ਦਾ ਹੁਲੀਆ ਦਿਖਾ ਕੇ ਉਸ ਦੀ ਪਛਾਣ ਕਰਵਾਉਣ ਦਾ ਯਤਨ ਕਰ ਰਹੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਪੁਲਸ ਵਲੋਂ ਆਲੇ ਦੁਆਲੇ ਦੇ ਥਾਣਿਆਂ ਵਿਚ ਦਰਜ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
11 ਦਿਨ ਪਹਿਲਾਂ ਵੀ ਇਸੇ ਜਗ੍ਹਾ ਤੋਂ ਮਿਲੀ ਸੀ ਇਕ ਹੋਰ ਲਾਸ਼
ਲੋਕਾਂ ਅਨੁਸਾਰ ਕਰੀਬ 11 ਦਿਨ ਪਹਿਲਾਂ ਵੀ ਠੀਕ ਇਸੇ ਜਗ੍ਹਾ ਤੋਂ ਇੱਕ ਹੋਰ ਅਣਪਛਾਤੇ ਵਿਅਕਤੀ ਦੀ ਲਾਸ਼ ਨਾਲੇ ’ਚੋਂ ਬਰਾਮਦ ਹੋਈ ਸੀ। ਉਸ ਸਮੇਂ ਵੀ ਪੁਲਸ ਨੇ ਗੋਤਾਖੋਰਾਂ ਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਕੱਢੀ ਸੀ। ਇੱਕੋ ਜਗ੍ਹਾ ਤੋਂ ਲਗਾਤਾਰ ਦੂਜੀ ਲਾਸ਼ ਮਿਲਣ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ।
ਲੁਧਿਆਣਾ 'ਚ ਭਿਆਨਕ ਹਾਦਸਾ! ਪੁੱਤ ਦੀਆਂ ਅੱਖਾਂ ਮੂਹਰੇ ਮਾਂ ਦੀ ਦਰਦਨਾਕ ਮੌਤ
NEXT STORY