ਲੁਧਿਆਣਾ (ਰਾਜ): ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਯਾਤਰੀਆਂ ਨੇ ਇਕ ਸ਼ਾਤਰ ਜੇਬਕਤਰੇ ਨੂੰ ਰੰਗੇ ਹੱਥੀਂ ਫੜ ਲਿਆ ਤੇ ਫਿਰ ਮੌਕੇ 'ਤੇ ਹੀ ਉਸ ਦੀ ਜੰਮ ਕੇ ਛਿੱਤਰਪਰੇਡ ਕਰ ਦਿੱਤੀ। ਇਹ ਵਾਰਦਾਤ ਕਰੀਬ ਦੋ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ।
ਘਟਨਾਕ੍ਰਮ ਅਨੁਸਾਰ, ਪਲੇਟਫਾਰਮ 'ਤੇ ਖੜ੍ਹੇ ਇਕ ਯਾਤਰੀ ਦੀ ਜੇਬ ਕੱਟਦੇ ਹੀ ਉਸ ਨੂੰ ਫ਼ੌਰਨ ਅਹਿਸਾਸ ਹੋ ਗਿਆ ਅਤੇ ਉਸ ਨੇ ਰੌਲ਼ਾ ਪਾ ਦਿੱਤਾ। ਰੌਲ਼ਾ ਸੁਣਦੇ ਹੀ ਭੀੜ ਦੇ ਵਿਚਕਾਰੋਂ ਇਕ ਨੌਜਵਾਨ ਨੇ ਦੌੜਣ ਦੀ ਕੋਸ਼ਿਸ਼ ਕੀਤੀ, ਪਰ ਯਾਤਰੀਆਂ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਸ਼ਾਤਰ ਚੋਰ ਨੇ ਚੋਰੀ ਕੀਤੇ ਹੋਏ ਪੈਸੇ ਤੁਰੰਤ ਟ੍ਰੇਨ ਦੇ ਹੇਠਾਂ ਟਰੈਕ 'ਤੇ ਸੁੱਟ ਦਿੱਤੇ ਤਾਂ ਜੋ ਉਸ ਕੋਲੋਂ ਕੁਝ ਬਰਾਮਦ ਨਾ ਹੋ ਸਕੇ। ਜਦੋਂ ਭੀੜ ਨੇ ਉਸ ਦੀ ਕੁੱਟਮਾਰ ਸ਼ੁਰੂ ਕੀਤੀ, ਤਾਂ ਮੁਲਜ਼ਮ ਹੱਥ-ਪੈਰ ਜੋੜ ਕੇ ਸੱਟ ਲੱਗਣ ਦਾ ਨਾਟਕ ਕਰਨ ਲੱਗਾ। ਪਰ ਗੁੱਸੇ ਵਿਚ ਆਏ ਯਾਤਰੀਆਂ ਨੇ ਉਸ ਦੀ ਇਕ ਨਾ ਸੁਣੀ ਅਤੇ ਜੰਮ ਕੇ ਛਿੱਤਰਪਰੇਡ ਕੀਤੀ।
ਉੱਥੇ ਹੀ, ਐਸ.ਐਚ.ਓ. ਜਤਿੰਦਰ ਸਿੰਘ ਨੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਫਿਲਹਾਲ ਪਿਛਲੇ ਦੋ ਦਿਨਾਂ ਵਿਚ ਚੋਰ ਫੜੇ ਜਾਣ ਦੀ ਕੋਈ ਲਿਖਤੀ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਆਈ ਹੈ, ਪਰ ਵਾਇਰਲ ਵੀਡੀਓ ਦੇ ਆਧਾਰ 'ਤੇ ਮਾਮਲੇ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਅਤੇ ਵੀਡੀਓ ਵਿਚ ਦਿਖ ਰਹੇ ਸ਼ਖ਼ਸ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਰੇਲਵੇ ਪੁਲਸ (GRP) ਦੀ ਸੁਰੱਖਿਆ ਵਿਵਸਥਾ 'ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਮੌਕੇ 'ਤੇ ਮੌਜੂਦ ਲੋਕਾਂ ਦਾ ਦੋਸ਼ ਹੈ ਕਿ ਲੁਧਿਆਣਾ ਸਟੇਸ਼ਨ ਤੋਂ ਲੈ ਕੇ ਢੰਡਾਰੀ ਸਟੇਸ਼ਨ ਤੱਕ ਦਾ ਟਰੈਕ ਬਦਮਾਸ਼ਾਂ ਲਈ ਸੌਫਟ ਟਾਰਗੇਟ ਬਣ ਗਿਆ ਹੈ ਅਤੇ ਪੁਲਸ ਦੀ ਗਸ਼ਤ ਨਾ ਦੇ ਬਰਾਬਰ ਹੋਣ ਦੇ ਕਾਰਨ ਜੇਬਕਤਰਿਆਂ ਦੇ ਹੌਸਲੇ ਬੁਲੰਦ ਹਨ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਸਟੇਸ਼ਨ 'ਤੇ ਸੁਰੱਖਿਆ ਵਧਾਈ ਜਾਵੇ ਤਾਂ ਜੋ ਮੁਸਾਫਿਰ ਬੇਖੌਫ਼ ਹੋ ਕੇ ਸਫ਼ਰ ਕਰ ਸਕਣ।
ਪਹਿਲਾਂ ਤੋਂ ਵਿਆਹੇ ਮੁੰਡੇ ਨੇ ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਰੋਲ਼ੀ ਪੱਤ
NEXT STORY