ਲੁਧਿਆਣਾ, 21 ਅਪ੍ਰੈਲ (ਹਿਤੇਸ਼)- ਲੋਕ ਸਭਾ ਚੋਣ ਤੋਂ ਪਹਿਲਾਂ ਅਕਾਲੀ ਦਲ ਵਿਚ ਸ਼ੁਰੂ ਹੋਈ ਘਰ ਵਾਪਸੀ ਦੀ ਮੁਹਿੰਮ ’ਚ ਲੁਧਿਆਣਾ ਤੋਂ ਮਦਨ ਲਾਲ ਬੱਗਾ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਦਾ ਐਤਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ’ਚ ਸਵਾਗਤ ਕੀਤਾ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਬੱਗਾ ਨੇ ਆਪਣਾ ਸਿਆਸੀ ਕੈਰੀਅਰ ਵੈਸੇ ਤਾਂ ਕਾਂਗਰਸ ’ਚ ਸ਼ੁਰੂ ਕੀਤਾ ਸੀ ਤੇ ਤਿੰਨ ਵਾਰ ਕੌਂਸਲਰ ਰਹੇ ਪਰ ਟਿਕਟ ਨਾ ਮਿਲਣ ਦੀ ਵਜ੍ਹਾ ਨਾਲ 2007 ਵਿਚ ਆਜ਼ਾਦ ਚੋਣ ਲਡ਼ਿਆ ਅਤੇ 22 ਹਜ਼ਾਰ ਤੋਂ ਜ਼ਿਆਦਾ ਵੋਟ ਲੈ ਕੇ ਲਗਾਤਾਰ ਜਿੱਤਦੇ ਆ ਰਹੇ ਰਾਕੇਸ਼ ਪਾਂਡੇ ਦੀ ਹਾਰ ਦੀ ਵਜ੍ਹਾ ਬਣੇ। ਉਸ ਤੋਂ ਬਾਅਦ ਬੱਗਾ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜ਼ਾ ਦੇ ਕੇ ਵਾਪਾਰੀ ਬੋਰਡ ਦਾ ਵਾਈਸ ਚੇਅਰਮੈਨ ਬਣਾਇਆ ਗਿਆ। ਉਹ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਰਹੇ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਫਿਰ ਅਾਜ਼ਾਦ ਚੋਣ ਲਡ਼ੇ ਅਤੇ ਭਾਜਪਾ ਦੀ ਹਾਰ ਦੀ ਵਜ੍ਹਾ ਬਣੇ। ਜਿਸ ਤੋਂ ਬਾਅਦ ਤੋਂ ਬੱਗਾ ਸਰਗਰਮ ਰਾਜਨੀਤੀ ਤੋਂ ਦੂਰ ਚਲੇ ਆ ਰਹੇ ਸਨ ਪਰ ਲੋਕ ਸਭਾ ਚੋਣ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਪੁਰਾਣੇ ਨੇਤਾਵਾਂ ਦੀ ਘਰ ਵਾਪਸੀ ਦੇ ਰੂਪ ਵਿਚ ਜੋ ਮੁਹਿੰਮ ਸ਼ੁਰੂ ਕੀਤੀ ਹੈ, ਉਸ ਦੇ ਤਹਿਤ ਆਪਣੇ ਕਰੀਬੀ ਰਹੇ ਬੱਗਾ ਨੂੰ ਵੀ ਸ਼ਾਮਲ ਕਰ ਲਿਆ ਹੈ। ਬੱਗਾ ਵਿਧਾਨ ਸਭਾ ਚੋਣ ਦੌਰਾਨ ਟਿਕਟ ਲੈਣ ਲਈ ਕਾਂਗਰਸ ਦੇ ਸੰਪਰਕ ਵਿਚ ਰਹਿ ਚੁੱਕੇ ਹਨ ਪਰ ਬਾਅਦ ਵਿਚ ਉਨ੍ਹਾਂ ਦਾ ਅਕਾਲੀ ਦਲ ਨਾਲੋਂ ਰਿਸ਼ਤਾ ਟੁੱਟ ਗਿਆ ਅਤੇ ਕਾਂਗਰਸ ਵਿਚ ਸ਼ਾਮਲ ਹੋਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਾਈਕਮਾਨ ਦੀ ਹਰੀ ਝੰਡੀ ਹੋਣ ਦੇ ਬਾਵਜੂਦ ਉਤਰੀ ਵਿਧਾਇਕ ਰਾਕੇਸ਼ ਪਾਂਡੇ ਦੀ ਨਾਰਾਜ਼ਗੀ ਦੇ ਡਰੋਂ ਰਵਨੀਤ ਬਿੱਟੂ ਨੇ ਹਾਮੀ ਨਹੀਂ ਭਰੀ। ਦੱਸਿਆ ਜਾ ਰਿਹਾ ਹੈ ਕਿ ਟਿਕਟ ਮਿਲਣ ਤੋਂ ਪਹਿਲਾਂ ਖੁਲ੍ਹੇਆਮ ਬਿੱਟੂ ਦਾ ਵਿਰੋਧ ਕਰ ਰਹੇ ਪਾਂਡੇ ਨੇ ਬੱਗਾ ਨੂੰ ਸ਼ਾਮਲ ਨਾ ਕਰਨ ਦੀ ਸ਼ਰਤ ’ਤੇ ਹੀ ਬਿੱਟੂ ਦਾ ਸਮਰਥਨ ਦਿੱਤਾ ਹੈ।
ਜਲਾਲਾਬਾਦ ਤੋਂ ਅਗਵਾ ਹੋਏ ਵਾਪਰੀ ਸੁਮਨ ਦੀ ਲਾਸ਼ ਬਰਾਮਦ
NEXT STORY