ਫ਼ਿਰੋਜ਼ਪੁਰ (ਸੋਨੂੰ ਚੋਪੜਾ) : ਜ਼ਿਲ੍ਹਾ ਮੈਜਿਸਟ੍ਰੇਟ, ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ. ਏ. ਐੱਸ. ਨੇ ਬੀ. ਐੱਨ. ਐੱਸ. ਐੱਸ. 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਸ਼ਾਮ 6:00 ਵਜੇ ਤੋਂ ਲੈ ਕੇ ਸਵੇਰੇ 10:00 ਵਜੇ 'ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ 'ਤੇ ਪੂਰਨ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਝੋਨੇ ਦੀ ਕਟਾਈ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਕੋਈ ਵੀ ਕੰਬਾਈਨ ਹਾਰਵੈਸਟਰ ਸੁਪਰ ਐੱਸ.ਐੱਮ.ਐੱਸ. ਲਗਾਏ ਬਗੈਰ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਾਲ 2026 ਦੀ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ।
ਆਮ ਤੌਰ 'ਤੇ ਵੇਖਣ 'ਚ ਆਇਆ ਹੈ ਕਿ ਝੋਨਾ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਸਵੇਰੇ 10:00 ਵਜੇ ਤੋਂ ਪਹਿਲਾਂ ਝੋਨੇ ਦੀ ਫ਼ਸਲ 'ਤੇ ਤਰੇਲ ਕਾਫੀ ਜ਼ਿਆਦਾ ਹੁੰਦੀ ਹੈ। ਤਰੇਲ ਕਾਰਨ ਜਿੱਥੇ ਮੁੰਜਰਾਂ ਨਾਲੋਂ ਦਾਣੇ ਝੜਦੇ ਨਹੀਂ, ਉੱਥ ਵੱਧ ਨਮੀ ਕਾਰਨ ਫ਼ਸਲ ਦੇ ਦਾਣੇ ਕਾਲੇ ਹੋ ਜਾਂਦੇ ਹਨ ਅਤੇ ਫ਼ਸਲ ਦੀ ਕੁਆਲਟੀ 'ਚ ਗਿਰਾਵਟ ਆ ਜਾਂਦੀ ਹੈ। ਇਸਦੇ ਨਾਲ ਹੀ ਸ਼ਾਮ 6:00 ਵਜੇ ਤੋਂ ਬਾਅਦ ਦੀ ਤਰੇਲ ਪੈਣ ਕਾਰਨ ਅਤੇ ਦੇਰ ਰਾਤ ਫ਼ਸਲ ਦੀ ਕਟਾਈ ਕਰਨ ਕਾਰਨ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਹਨ।
ਅਜਿਹੇ ਝੋਨੇ ਨੂੰ ਜਦੋਂ ਜ਼ਿਮੀਦਾਰਾਂ ਵੱਲੋਂ ਮੰਡੀਆਂ 'ਚ ਲਿਆਂਦਾ ਜਾਂਦਾ ਹੈ ਤਾਂ ਨਮੀ ਨਿਰਧਾਰਿਤ ਮਾਪਦੰਡਾਂ ਮੁਤਾਬਕ ਨਾ ਹੋਣ ਕਰਕੇ ਖਰੀਦ ਏਜੰਸੀਆਂ ਅਜਿਹੀ ਫ਼ਸਲ ਖਰੀਦਣ ਤੋਂ ਸੰਕੋਚ ਕਰਦੀਆਂ ਹਨ ਅਤੇ ਖਰੀਦ ਏਜੰਸੀਆਂ ਵੱਲੋਂ ਅਜਿਹੇ ਵੱਧ ਨਮੀ ਵਾਲੇ ਝੋਨੇ ਦੀ ਖਰੀਦ ਨਹੀਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਮੀਦਾਰਾਂ ਵੱਲੋਂ ਮੰਡੀਆਂ ਵਿੱਚ ਵੱਧ ਨਮੀ ਵਾਲਾ ਝੋਨਾ ਲਿਆਉਣ ਕਰਕੇ ਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ ਅਤੇ ਮੰਡੀਆਂ 'ਚ ਝੋਨੇ ਦੀ ਭਰਮਾਰ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਤਰਾ ਪੈਦਾ ਹੁੰਦਾ ਹੈ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ ਦੋ ਮਹੀਨੇ ਤੱਕ ਜ਼ਿਲ੍ਹਾ ਫਿਰੋਜਪੁਰ ਅੰਦਰ ਲਾਗੂ ਰਹੇਗਾ।
ਮਿਹਨਤ ਦੇ ਪੈਸੇ ਨਾ ਮਿਲਣ 'ਤੇ ਦਿਹਾੜੀਦਾਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ!
NEXT STORY