ਚੰਡੀਗੜ੍ਹ (ਮਨਪ੍ਰੀਤ) : ਭਾਰਤ-ਪਾਕਿ ਵਿਚਾਲੇ ਤਣਾਅ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸ਼ਹਿਰ ’ਚ ਕਈ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੰਗਲਵਾਰ ਦੁਪਹਿਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਬੰਦੀਆਂ ਲਾਈਆਂ ਹਨ। ਫ਼ੌਜ, ਪੁਲਸ, ਅਰਧ ਸੈਨਿਕ ਬਲਾਂ ਤੇ ਪੈਰਾ ਮਿਲਟਰੀ ਫੋਰਸ ਦੀਆਂ ਵਰਦੀਆਂ ਸਮੇਤ ਇਨ੍ਹਾਂ ਸਾਰੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਗੋ, ਝੰਡੇ ਤੇ ਸਟਿੱਕਰਾਂ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਸਾਰਿਆਂ ਨੂੰ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਸ਼ਹਿਰ ਅੰਦਰ ਕੋਈ ਵੀ ਦੁਕਾਨਦਾਰ ਨਾ ਤਾਂ ਇਸ ਤਰ੍ਹਾਂ ਦਾ ਸਮਾਨ ਵੇਚਦਾ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਨਿੱਜੀ ਵਾਹਨ ’ਤੇ ਫ਼ੌਜ ਜਾਂ ਪੈਰਾ ਮਿਲਟਰੀ ਫੋਰਸ ਨਾਲ ਸਬੰਧਿਤ ਕੋਈ ਵੀ ਸਟਿੱਕਰ, ਲੋਗੋ ਜਾਂ ਝੰਡਾ ਲਾਇਆ ਜਾ ਸਕਦਾ ਹੈ। ਇਹ ਹੁਕਮ ਫਿਲਹਾਲ 3 ਜੁਲਾਈ ਤੱਕ ਲਾਗੂ ਕੀਤੇ ਗਏ ਹਨ।
ਬੀ. ਪੀ. ਓ., ਕਾਲ ਸੈਂਟਰ ਦੇਣ ਪੂਰੀ ਜਾਣਕਾਰੀ
ਸ਼ਹਿਰ ਅੰਦਰ ਚੱਲ ਰਹੇ ਬੀ. ਪੀ. ਓ. ਕਾਲ ਸੈਂਟਰ, ਕਾਰਪੋਰੇਟ ਹਾਊਸੈਸ, ਨਿੱਜੀ ਕੰਪਨੀਆਂ ’ਚ ਦਿਨ ਅਤੇ ਰਾਤ ਸਮੇਂ ਮੁਲਾਜ਼ਮਾਂ ਨੂੰ ਛੱਡਣ ਲਈ ਰੱਖੇ ਚਾਲਕਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ। 24 ਘੰਟੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਕਿਓਰਿਟੀ ਗਾਰਡਾਂ ਤੇ ਪਿਕ ਐਂਡ ਡਰਾਪ ਲਈ ਹਾਇਰ ਕੀਤੀਆਂ ਜਾਣ ਵਾਲੀਆਂ ਗੱਡੀਆਂ ਦੇ ਚਾਲਕਾਂ ਬਾਰੇ ਵੀ ਪੂਰੀ ਜਾਣਕਾਰੀ ਆਪਣੇ ਕੋਲ ਰੱਖਣੀ ਜ਼ਰੂਰੀ ਹੈ।
ਵੀਜ਼ਾ ਏਜੰਟ ਐੱਸ. ਡੀ. ਐੱਮ. ਨੂੰ ਦੇਣ ਪੂਰੀ ਜਾਣਕਾਰੀ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦੱਸਿਆ ਗਿਆ ਹੈ ਕਿ ਸ਼ਹਿਰ ’ਚ ਕਈ ਟ੍ਰੈਵਲ ਏਜੰਟ ਗਲਤ ਤਰੀਕਿਆਂ ਨਾਲ ਵੀਜ਼ਾ ਹਾਸਲ ਕਰਨ ਦੀਆਂ ਗਤੀਵਿਧੀਆਂ ’ਚ ਸ਼ਾਮਲ ਹਨ। ਅਜਿਹੇ ਲੋਕ ਝੂਠੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਲੋਕਾਂ ਨੂੰ ਅਜਿਹੀ ਕਿਸੇ ਵੀ ਧੋਖਾਧੜੀ ਤੋਂ ਬਚਾਉਣ ਲਈ ਸਾਰੇ ਏਜੰਟਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ 4 ਹਫ਼ਤਿਆਂ ਅੰਦਰ ਪੂਰੀ ਜਾਣਕਾਰੀ ਸਬੰਧਿਤ ਖੇਤਰ ਦੇ ਐੱਸ. ਡੀ. ਐੱਮ. ਨੂੰ ਦੇਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਡਾਕਟਰਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਿਹਤ ਮੰਤਰੀ ਨੇ ਕੀਤਾ ਐਲਾਨ
ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਦਿਓ ਕਮਰੇ : ਡੀ. ਸੀ.
ਸਮਾਜ ਵਿਰੋਧੀ ਅਨਸਰਾਂ ਦੇ ਹੋਟਲਾਂ, ਰੈਸਟੋਰੈਂਟਾਂ, ਸਰਾਵਾਂ ਜਾਂ ਗੈਸਟ ਹਾਊਸਾਂ ’ਚ ਲੁਕੇ ਹੋਣ ਦੀ ਸੰਭਾਵਨਾ ਹੈ, ਜੋ ਲੋਕਾਂ ਦੀ ਸੁਰੱਖਿਆ ਤੇ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਇਸ ਲਈ ਇਨ੍ਹਾਂ ਸਾਰੀਆਂ ਥਾਵਾਂ ’ਤੇ ਕਿਸੇ ਨੂੰ ਵੀ ਕਿਰਾਏ ’ਤੇ ਜਗ੍ਹਾਂ ਦਿੰਦੇ ਸਮੇਂ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਤੋਂ ਬਾਅਦ ਹੀ ਕਮਰੇ ਦਿਓ। ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਨੂੰ ਰੋਕਣ ਤੇ ਸ਼ਾਂਤੀ ਬਣਾਈ ਰੱਖਣ ਲਈ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ। ਸਾਰੀਆਂ ਥਾਵਾਂ ’ਤੇ ਠਹਿਰਣ ਵਾਲੇ ਲੋਕਾਂ ਤੋਂ ਪੂਰੀ ਪਛਾਣ ਦਾ ਸਬੂਤ ਲੈਣ ਤੋਂ ਬਾਅਦ ਹੀ ਜਗ੍ਹਾ ਕਿਰਾਏ ’ਤੇ ਦੇਣ। ਆਉਣ ਵਾਲੇ ਆਈ. ਡੀ. ਪਰੂਫ ਲੈ ਕੇ ਰਜਿਸਟਰ ਹਰ ਹਾਲਤ ’ਚ ਮੈਂਟੇਨ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੰਜਾਬ ਸਰਕਾਰ ਦਾ ਵੱਡਾ ਐਲਾਨ, CM ਮਾਨ ਨੇ ਆਖੀ ਵੱਡੀ ਗੱਲ (ਵੀਡੀਓ)
ਹਰੇਕ ਕਿਰਾਏਦਾਰ ਦੀ ਵੈਰੀਫਿਕੇਸ਼ਨ ਥਾਣੇ ’ਚ ਦੇਣਾ ਜ਼ਰੂਰੀ
ਪਹਿਲਾਂ ਤੋਂ ਹੀ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੇ ਪੀ. ਜੀ., ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਇਲਾਕੇ ’ਚ ਰਹਿਣ ਜਾਂ ਰੁਕਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਹਰ ਹਾਲਤ ’ਚ ਜ਼ਰੂਰੀ ਹੈ। ਮਕਾਨ ਮਾਲਕਾਂ, ਹੋਟਲਾਂ, ਗੈਸਟ ਹਾਊਸਾਂ ਤੇ ਕਮਰਸ਼ੀਅਲ ਕੰਪਲੈਕਸ ਨੂੰ ਕਿਰਾਏ ’ਤੇ ਦੇਣ ਤੋਂ ਪਹਿਲਾਂ ਅਕੋਮੋਡੇਸ਼ਨ ਲੈਣ ਵਾਲੇ ਦੀ ਪੂਰੀ ਜਾਣਕਾਰੀ ਸਥਾਨਕ ਸਟੇਸ਼ਨ ਨੂੰ ਮੁਹੱਈਆ ਕਰਵਾਉਣੀ ਜ਼ਰੂਰੀ ਹੈ। ਸਮਾਜ ਵਿਰੋਧੀ ਅਨਸਰਾਂ ਦੇ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਏਰੀਏ ’ਚ ਲੁਕੇ ਹੋਣ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਹੁਕਮ ਦਿੱਤੇ ਗਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੈਕਟਰ 25 ’ਚ ਰੈਲੀ ਲਈ ਇਜਾਜ਼ਤ ਜ਼ਰੂਰੀ
ਸ਼ਹਿਰ ’ਚ ਸੈਕਟਰ-25 ਨੂੰ ਛੱਡ ਕੇ ਕਿਤੇ ਵੀ 5 ਤੋਂ ਵੱਧ ਲੋਕਾਂ ਦੇ ਪ੍ਰਦਰਸ਼ਨ, ਰੈਲੀਆਂ ਜਾਂ ਧਰਨਿਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਸੈਕਟਰ-25 ’ਚ ਵੀ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਹੀ ਪ੍ਰਦਰਸ਼ਨ ਕੀਤੇ ਜਾ ਸਕਣਗੇ। ਸਮਾਜ ਵਿਰੋਧੀ ਅਨਸਰਾਂ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਫ਼ੈਸਲਾ ਲਿਆ ਗਿਆ ਹੈ। ਸੈਕਟਰ-25 ਨੂੰ ਛੱਡ ਕੇ ਸ਼ਹਿਰ ’ਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਰੈਲੀ, ਪ੍ਰਦਰਸ਼ਨ ਤੇ ਧਰਨੇ ਤੋਂ ਇਲਾਵਾ 5 ਤੋਂ ਵੱਧ ਲੋਕਾਂ ਦੇ ਅਜਿਹੇ ਕਿਸੇ ਪ੍ਰਦਰਸ਼ਨ ’ਤੇ ਪਾਬੰਦੀ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰਾਂ ਨੇ ਪਿੰਡ ਸਿੰਘੋਵਾਲ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ
NEXT STORY