ਮੋਗਾ (ਆਜ਼ਾਦ) - ਫਿਰੋਜ਼ਪੁਰ ਜ਼ਿਲੇ ਦੇ ਪਿੰਡ ਮੱਲਵਾਲ ਖਦੀਮ ਨਿਵਾਸੀ ਅਮਰਜੀਤ ਸਿੰਘ ਹਾਲ ਮੈਨੇਜਰ ਗੁਰਦੁਆਰਾ ਸ੍ਰੀ ਗੋਬਿੰਦਵਾਲ ਸਾਹਿਬ ਸੰਤ ਗੁਲਾਬ ਸਿੰਘ ਨਗਰ ਨੇੜੇ ਚੜਿੱਕ ਮੋਗਾ ਨੇ ਅਮਰਦਾਸ ਕੈਨੇਡੀਅਨ ਪਬਲਿਕ ਸਕੂਲ ਗੋਇੰਦਵਾਲ ਸਾਹਿਬ (ਤਰਨਤਾਰਨ) 'ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਾਵਾ ਉਨ੍ਹਾਂ ਦੇ ਸਕੂਲ 'ਚ ਪੜ੍ਹਦੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਕੀ ਹੈ ਸਾਰਾ ਮਾਮਲਾ
ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਅਮਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਕਿਹਾ ਕਿ ਉਸ ਨੇ ਗੁਰੂ ਅਮਰਦਾਸ ਕੈਨੇਡੀਅਨ ਪਬਲਿਕ ਸਕੂਲ ਗੋਇੰਦਵਾਲ ਸਾਹਿਬ (ਤਰਨਤਾਰਨ) 'ਚ ਆਪਣੇ ਬੇਟੇ ਗੁਰਲਵਲੀਨ ਸਿੰਘ ਨੂੰ 10ਵੀਂ ਕਲਾਸ 'ਚ ਦਾਖਲ ਕਰਵਾਇਆ, ਜਦਕਿ ਆਪਣੇ ਭਤੀਜੇ ਨੂੰ 12ਵੀਂ ਕਲਾਸ 'ਚ ਦਾਖਲ ਕਰਵਾਇਆ ਸੀ। ਉਕਤ ਦੋਵਾਂ ਨੂੰ ਦਾਖਲ ਕਰਵਾਉਂਦੇ ਸਮੇਂ ਸਕੂਲ ਦੇ ਚੇਅਰਮੈਨ ਕਸ਼ਮੀਰ ਸਿੰਘ ਰੰਧਾਵਾ ਨੇ ਸਾਨੂੰ ਕਿਹਾ ਕਿ ਉਨ੍ਹਾਂ ਦਾ ਸਕੂਲ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਸਕੂਲ 'ਚ ਲੜਕੇ ਅਤੇ ਲੜਕੀਆਂ ਦਾ ਵੱਖ-ਵੱਖ ਹੋਸਟਲ ਵੀ ਹੈ। ਸਕੂਲ 'ਚ ਸਾਰੀਆਂ ਸਹੂਲਤਾਂ ਮੌਜੂਦ ਹਨ ਪਰ ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਸਕੂਲ ਦਾ ਪ੍ਰਬੰਧ ਬਿਲਕੁੱਲ ਠੀਕ ਨਹੀਂ। ਇਥੇ ਇਕ ਵਾਰ ਹੀ ਖਾਣਾ ਬਣਦਾ ਹੈ, ਜੋ ਦਿਨ ਤੇ ਰਾਤ ਨੂੰ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਇਕ ਹੀ ਕਮਰੇ 'ਚ 50 ਬੱਚੇ ਰਹਿੰਦੇ ਹਨ, ਹੋਸਟਲ 'ਚ ਕੋਈ ਵਾਰਡਨ ਅਤੇ ਸਕਿਓਰਿਟੀ ਗਾਰਡ ਨਹੀਂ ਅਤੇ ਨਾ ਹੀ ਲੜਕੀਆਂ ਲਈ ਕੋਈ ਵੱਖਰਾ ਹੋਸਟਲ ਜਾਂ ਮਹਿਲਾ ਵਾਰਡਨ ਹੈ। ਕਥਿਤ ਦੋਸ਼ੀ ਚੇਅਰਮੈਨ ਲੜਕੀਆਂ ਦੇ ਕਮਰੇ 'ਚ ਅੰਦਰੋਂ ਕੁੰਡੀ ਲਾ ਕੇ ਸੋਂਦਾ ਹੈ, ਜਿਸ 'ਤੇ ਮੈਂ ਜਦ ਉਸ ਨੂੰ ਬੱਚਿਆਂ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਦਿੱਤੀ ਤਾਂ ਉਹ ਮੇਰੇ ਨਾਲ ਝਗੜਾ ਕਰਨ ਲੱਗਾ ਤੇ ਧਮਕੀ ਦਿੱਤੀ ਕਿ ਤੇਰੀ ਇੱਜ਼ਤ ਮਿੱਟੀ ਵਿਚ ਮਿਲਾ ਦੇਵਾਂਗਾ। ਇਸ ਤੋਂ ਬਾਅਦ ਮੈਨੂੰ ਕਥਿਤ ਦੋਸ਼ੀ ਨੇ ਵੀਡੀਓ ਕਲਿੱਪ ਮੇਰੇ ਵਟਸਐਪ 'ਤੇ ਤੇ ਕੁੱਝ ਹੋਰ ਲੋਕਾਂ ਨੂੰ ਭੇਜੀ, ਜਿਸ ਵਿਚ ਮੇਰੇ ਤੇ ਮੇਰੀ ਪਤਨੀ ਦੇ ਚਾਲ-ਚੱਲਣ 'ਤੇ ਦੋਸ਼ ਲਾਏ ਸਨ, ਜਦਕਿ ਮੈਂ ਇਕ ਧਾਰਮਿਕ ਵਿਅਕਤੀ ਹਾਂ। ਉਸ ਨੇ ਸਾਡੇ 'ਤੇ ਚਿੱਕੜ ਉਛਾਲ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੇ ਇਲਾਵਾ ਮੇਰੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਬੱਚਿਆਂ ਦੇ ਨਾਲ ਵੀ ਧੋਖਾਦੇਹੀ ਕੀਤੀ ਅਤੇ ਉਸ ਨੇ ਇਸ ਰੰਜਿਸ਼ ਕਾਰਨ ਮੇਰੇ ਬੱਚਿਆਂ ਨੂੰ ਸਕੂਲ ਤੋਂ ਵੀ ਕੱਢ ਦਿੱਤਾ। ਇਸ ਤਰ੍ਹਾਂ ਕਥਿਤ ਦੋਸ਼ੀ ਨੇ ਗਲਤ ਇਸ਼ਤਿਹਾਰਬਾਜ਼ੀ ਕਰ ਕੇ ਧੋਖੇ ਨਾਲ ਬੇਈਮਾਨੀ ਨਾਲ ਮੇਰੇ ਤੇ ਮੇਰੇ ਪਰਿਵਾਰ ਦੇ ਇਲਾਵਾ ਹੋਰ ਲੋਕਾਂ ਵੱਲੋਂ ਕੀਤੀ ਗਈ ਮਿਹਨਤ ਦੇ ਪੈਸੇ ਹੜੱਪੇ ਹਨ।
ਕੀ ਹੋਈ ਅਗਲੇਰੀ ਕਾਰਵਾਈ
ਮਾਣਯੋਗ ਅਦਾਲਤ ਵੱਲੋਂ ਜ਼ਿਲਾ ਪੁਲਸ ਮੁਖੀ ਮੋਗਾ, ਥਾਣਾ ਸਿਟੀ ਸਾਊਥ ਦੇ ਇੰਚਾਰਜ ਨੂੰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਥਿਤ ਦੋਸ਼ੀ ਦੇ ਖਿਲਾਫ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ ਅਤੇ ਗਲਤ ਦੋਸ਼ ਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਦੇ ਤਹਿਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ, ਜਿਸ 'ਤੇ ਕਥਿਤ ਦੋਸ਼ੀ ਖਿਲਾਫ ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਦੀ ਸ਼ਿਕਾਇਤ 'ਤੇ ਕਸ਼ਮੀਰ ਸਿੰਘ ਰੰਧਾਵਾ ਚੇਅਰਮੈਨ ਗੁਰੂ ਅਮਰਦਾਸ ਕੈਨੇਡੀਅਨ ਪਬਲਿਕ ਸਕੂਲ ਗੋਇੰਦਵਾਲ ਸਾਹਿਬ ਦੇ ਖਿਲਾਫ ਧੋਖਾਦੇਹੀ, ਧਮਕੀਆਂ ਦੇਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਹੋਰ ਧਾਰਾਵਾਂ ਤਹਿਤ ਥਾਣਾ ਸਿਟੀ ਸਾਊਥ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਹੌਲਦਾਰ ਸੁਖਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜਿਸ ਨੂੰ ਅੱਜ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਕਥਿਤ ਦੋਸ਼ੀ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਅੰਮ੍ਰਿਤਸਰ 'ਚ ਮਾਂ-ਧੀ ਨੂੰ ਜ਼ਿੰਦਾ ਸਾੜਨ ਦਾ ਮਾਮਲਾ, 2 ਵੱਡੇ ਆਗੂ ਨਿਸ਼ਾਨੇ 'ਤੇ
NEXT STORY