ਜਲੰਧਰ (ਮਹੇਸ਼) – 4 ਜਨਵਰੀ ਨੂੰ ਲੰਮਾ ਪਿੰਡ ਚੌਕ ਕੋਲ ਸਲਾਣੀ ਮਾਤਾ ਮੰਦਰ ਦੇ ਪਿੱਛੇ ਪੈਂਦੇ ਇਲਾਕੇ ਸ਼ਹੀਦ ਊਧਮ ਨਗਰ ਵਿਚ 2 ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਮੁਲਜ਼ਮ ਮਨੀਸ਼ ਕੁਮਾਰ ਉਰਫ ਮਨੀ ਮਿੱਠਾਪੁਰੀਆ ਪੁੱਤਰ ਸ਼ੀਸ਼ਨ ਕੁਮਾਰ ਵਾਸੀ ਪਿੰਡ ਮਿੱਠਾਪੁਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਕਿਸੇ ਵੀ ਅਧਿਕਾਰੀ ਨੇ ਇਸਦਾ ਖੁਲਾਸਾ ਨਹੀਂ ਕੀਤਾ।
ਮਨੀ ਮਿੱਠਾਪੁਰੀਆ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਕਮਿਸ਼ਨਰੇਟ ਪੁਲਸ ਅਧਿਕਾਰੀ ਪ੍ਰੈੱਸ ਕਾਨਫਰੰਸ ਵਿਚ ਵਿਸਥਾਰ ਨਾਲ ਖੁਲਾਸਾ ਕਰ ਸਕਦੇ ਹਨ। ਮਨੀ ਮਿੱਠਾਪੁਰੀਆ ਨੂੰ ਕਾਬੂ ਕਰਨ ਲਈ ਕਮਿਸ਼ਨਰੇਟ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਰੇਡ ਕੀਤੀ ਜਾ ਰਹੀ ਸੀ। ਮਨੀ ਮਿੱਠਾਪੁਰੀਆ ਨੇ ਸ਼ਿਵਮ ਕੁਮਾਰ ਉਰਫ ਸ਼ਿਵੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 556-ਬੀ ਮੋਤਾ ਸਿੰਘ ਨਗਰ ਨੇੜੇ ਬੱਸ ਅੱਡਾ ਜਲੰਧਰ ਅਤੇ ਵਿਨੈ ਕੁਮਾਰ ਤਿਵਾੜੀ ਪੁੱਤਰ ਸ਼ਿਪਾਹੀਆ ਤਿਵਾੜੀ ਵਾਸੀ ਬਸਤੀ ਸ਼ੇਖ ਥਾਣਾ ਡਵੀਜ਼ਨ ਨੰਬਰ 5 ਜਲੰਧਰ ਨੂੰ 9 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਤਿਵਾੜੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤੀ ਸੀ ਅਤੇ ਸ਼ਿਵੀ ਨੂੰ ਜਦੋਂ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਰਸਤੇ ਵਿਚ ਹੀ ਮਨੀ ਵਾਲੀਆ ਨੂੰ ਦੱਸਿਆ ਸੀ ਕਿ ਉਨ੍ਹਾਂ ’ਤੇ ਗੋਲੀਆਂ ਮਨੀ ਮਿੱਠਾਪੁਰੀਆ ਨੇ ਹੀ ਚਲਾਈਆਂ ਹਨ, ਜਿਸ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮਨੀ ਵਾਲੀਆ ਦੇ ਬਿਆਨਾਂ ’ਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਨੀ ਮਿੱਠਾਪੁਰੀਆ ਖਿਲਾਫ਼ 3 ਨੰਬਰ ਐੱਫ. ਆਈ. ਆਰ. ਦਰਜ ਕਰਦਿਆਂ ਮੌਕੇ ਤੋਂ ਦਿੱਲੀ ਨੰਬਰੀ ਇਕ ਸਵਿਫਟ ਕਾਰ, ਇਕ ਪਿਸਤੌਲ, 2 ਮੈਗਜ਼ੀਨਾਂ, 11 ਜ਼ਿੰਦਾ ਕਾਰਤੂਸ ਅਤੇ ਮਨੀ ਮਿੱਠਾਪੁਰੀਆ ਵੱਲੋਂ ਸ਼ਿਵੀ ਅਤੇ ਤਿਵਾੜੀ ’ਤੇ ਚਲਾਈਆਂ ਗਈਆਂ 9 ਗੋਲੀਆਂ ਦੇ ਖੋਲ ਬਰਾਮਦ ਕੀਤੇ ਸਨ।
ਸ਼ਹੀਦ ਊਧਮ ਸਿੰਘ ਵਾਸੀ ਮਨੀ ਵਾਲੀਆ ਅਨੁਸਾਰ ਸ਼ਿਵੀ, ਤਿਵਾੜੀ ਅਤੇ ਮਨੀ ਮਿੱਠਾਪੁਰੀਆ ਇਕ ਹੀ ਕਾਰ ਵਿਚ ਸਵਾਰ ਹੋ ਕੇ 3 ਜਨਵਰੀ ਦੀ ਰਾਤ ਨੂੰ 12.15 ਵਜੇ ਉਸਦੇ ਘਰ ਆਏ ਸਨ ਅਤੇ ਤਿੰਨਾਂ ਨੇ 4 ਜਨਵਰੀ ਨੂੰ ਸਵੇਰੇ 5 ਵਜੇ ਉਸਦੇ ਘਰੋਂ ਚਲੇ ਜਾਣ ਦੀ ਗੱਲ ਕਹੀ ਸੀ। ਗ੍ਰਿਫ਼ਤਾਰ ਮੁਲਜ਼ਮ ਮਨੀ ਮਿੱਠਾਪੁਰੀਆ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਸਦੀ ਸ਼ਿਵੀ ਅਤੇ ਤਿਵਾੜੀ ਨਾਲ ਕੋਈ ਪੁਰਾਣੀ ਰੰਜਿਸ਼ ਸੀ। ਫਿਰ ਉਹ ਜਲੰਧਰ ਤੋਂ ਚੰਡੀਗੜ੍ਹ ਚਲਾ ਗਿਆ ਅਤੇ ਉਥੇ ਹੀ ਕੰਮ ਕਰਨ ਲੱਗਾ ਸੀ।
ਜਦੋਂ ਕੰਮ ਨਾ ਮਿਲਿਆ ਤਾਂ ਉਹ ਵਾਪਸ ਜਲੰਧਰ ਆ ਗਿਆ ਅਤੇ ਪੁਰਾਣੀ ਦੁਸ਼ਮਣੀ ਭੁੱਲ ਕੇ ਉਹ ਸ਼ਿਵੀ ਅਤੇ ਤਿਵਾੜੀ ਨਾਲ ਜੁੜ ਗਿਆ ਪਰ ਉਸ ਨੇ ਦੁਸ਼ਮਣੀ ਨੂੰ ਆਪਣੇ ਦਿਮਾਗ ਵਿਚ ਰੱਖਿਆ ਹੋਇਆ ਸੀ ਅਤੇ ਇਸੇ ਕਾਰਨ ਉਸਨੇ ਆਪਣੇ ਨਾਲ ਹੀ ਮਨੀ ਵਾਲੀਆ ਦੇ ਘਰ ਸੌਂ ਰਹੇ ਸ਼ਿਵੀ ਅਤੇ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਕਈ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ।
ਤਰੁਣ ਚੁੱਘ ਨੇ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨਾਲ ਕੀਤੀ ਮੁਲਾਕਾਤ
NEXT STORY