ਜਲੰਧਰ (ਚਾਵਲਾ) : 'ਜਾਗੋ ਪਾਰਟੀ' ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੋਦੀ ਸਰਕਾਰ ਵਲੋਂ ਨਗਰ ਕੀਰਤਨ ਨੂੰ ਨਨਕਾਣਾ ਸਾਹਿਬ ਜਾਣ ਸਬੰਧੀ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਨੂੰ ਰੋਕਣ ਲਈ ਕਈ ਸਾਜ਼ਿਸ਼ਾਂ ਰਚੀਆਂ ਅਤੇ ਬਥੇਰੇ ਯਤਨ ਕੀਤੇ ਕਿ ਨਗਰ ਕੀਰਤਨ ਨੂੰ ਰੋਕਿਆ ਜਾ ਸਕੇ। ਜਲੰਧਰ ਵਿਖੇ ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਧਾਰਮਿਕ ਸਮਾਗਮਾਂ 'ਚ ਵਿਘਨ ਪਾ ਕੇ ਗੰਦੀ ਰਾਜਨੀਤੀ ਕਰ ਰਹੇ ਹਨ, ਜੋ ਕਿ ਆਉਣ ਵਾਲੇ ਸਮੇਂ 'ਚ ਸਮੁੱਚੀ ਕੌਮ ਨੂੰ ਜਵਾਬਦੇਹ ਹੋਣਗੇ।
ਉਨ੍ਹਾਂ ਕਿਹਾ ਕਿ ਜਾਗੋ ਪਾਰਟੀ ਦਾ ਮੁੱਖ ਏਜੰਡਾ ਧਾਰਮਿਕ ਖੇਤਰ 'ਚ ਸਰਗਰਮ ਰਹਿਣਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸਾਡੀ ਪਾਰਟੀ ਦਾ ਕੋਈ ਅਹੁਦੇਦਾਰ ਸਿਆਸੀ ਚੋਣ ਨਹੀਂ ਲੜੇਗਾ, ਸਗੋਂ ਜਾਗੋ ਪਾਰਟੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਚ ਹਿੱਸਾ ਜ਼ਰੂਰ ਲਵੇਗੀ ਅਤੇ ਆਪਣੇ ਉਮੀਦਵਾਰ ਵੀ ਖੜ੍ਹੇ ਕਰੇਗੀ। ਉਨ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਕਈ ਲੜਾਈਆਂ ਲੜੀਆਂ ਅਤੇ ਪਾਰਦਰਸ਼ੀ ਢੰਗ ਨਾਲ ਕਈ ਫੈਸਲੇ ਲਏ ਗਏ, ਜਿਵੇਂ ਸੱਚ ਦੀ ਦੀਵਾਰ ਉਸਾਰੀ ਗਈ ਅਤੇ 2017 'ਚ ਦਿੱਲੀ ਕਮੇਟੀ ਚੋਣਾਂ ਵੀ ਜਿੱਤੀਆਂ। ਉਨ੍ਹਾਂ ਨੇ ਦਿੱਲੀ ਕਮੇਟੀ 'ਤੇ ਵਰ੍ਹਦਿਆਂ ਕਿਹਾ ਕਿ ਪਾਲਕੀ ਸਾਹਿਬ ਵਾਲੀ ਗੱਡੀ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਦਰ ਜਾਣ ਤੋਂ ਰੋਕ ਕੇ ਤਾਨਾਸ਼ਾਹੀ ਰਵੱਈਏ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਬਾਦਲ ਦਲ ਆਪਣੀ ਸਾਖ ਗਵਾ ਚੁੱਕਿਆ ਹੈ ਅਤੇ ਉਸ ਦੀ ਭਾਈਵਾਲ ਪਾਰਟੀ ਬੀ. ਜੇ. ਪੀ. ਨੂੰ ਵੀ ਸਮਝ ਆ ਚੁੱਕੀ ਹੈ ਕਿ ਸੁਖਬੀਰ ਬਾਦਲ ਜਲਾਲਾਬਾਦ ਹਲਕੇ ਦੀ ਸੀਟ ਨਹੀਂ ਬਚਾ ਸਕਿਆ ਅਤੇ ਹੁਣ ਉਸ ਦਾ ਪੰਜਾਬ ਵਿਚ ਕੋਈ ਅਧਾਰ ਨਹੀਂ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਸਮੀਕਰਨ ਜ਼ਰੂਰ ਬਦਲਣਗੇ।
ਜੀ.ਕੇ. ਨੇ 20 ਡਾਲਰ ਫੀਸ ਲਾਏ ਜਾਣ ਸਬੰਧੀ ਕਿਹਾ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਤਰੂਆਂ ਨੂੰ ਭੇਟਾ ਰਹਿਤ ਕਮਰੇ ਦੇਣ ਦੀ ਸਹੂਲਤ ਮੁਹੱਈਆ ਕਰਵਾਵੇ ਤੇ ਜਿਹੜੀ ਪਾਕਿਸਤਾਨ ਸਰਕਾਰ ਨੇ 20 ਡਾਲਰ ਫੀਸ ਲਾਈ ਹੈ, ਉਹ ਜਾਇਜ਼ ਹੈ ਅਤੇ ਇਸ 'ਤੇ ਸਿੱਖ ਕੌਮ ਨੂੰ ਕੋਈ ਇਤਰਾਜ਼ ਨਹੀਂ। ਇਸ ਮੌਕੇ ਭੁਪਿੰਦਰ ਸਿੰਘ ਖਾਲਸਾ ਤੇ ਗੁਰਮੀਤ ਸਿੰਘ ਸ਼ਾਂਤ ਨੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਰਪੰਚ ਨੇ ਦਿਵਾਏ ਮੁਫਤ 'ਹਵਾਈ ਝੂਟੇ'
NEXT STORY