ਮਾਨਸਾ,(ਸੰਦੀਪ ਮਿੱਤਲ)- ਪੰਜਾਬ ਭਰ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਨਿਰੰਤਰ ਜਾਰੀ ਹੈ। ਮਾਨਸਾ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ 2 ਹੋਰ ਮਰੀਜ਼ਾਂ ਦੀ ਮੌਤ ਹੋਣ 'ਤੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਇਸ ਮੌਕੇ ਮਾਨਸਾ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਗੁਰਵਿੰਦਰਵੀਰ ਸਿੰਘ ਅਤੇ ਕੋਰੋਨਾ ਸੈਂਪਲਿੰਗ ਦੇ ਜ਼ਿਲ੍ਹਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ 'ਚ ਅੱਜ 23 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਕਰੀਬ 23,926 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 447 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ਵਿਚੋਂ 266 ਮਰੀਜ਼ਾਂ ਨੂੰ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ ਅਤੇ 10 ਮਰੀਜ਼ਾਂ ਦੀ ਮੌਤ ਹੋਣ ਉਪਰੰਤ ਹੁਣ ਕੁੱਲ 171 ਕੋਰੋਨਾ ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।
ਕੋਵਿਡ ਦੇ ਲੱਛਣ ਹੋਣ 'ਤੇ ਕਿਸੇ ਵੀ ਤਰ੍ਹਾਂ ਦੀ ਦੇਰੀ ਖਤਰਨਾਕ : ਸਿਵਲ ਸਰਜਨ
ਕੋਵਿਡ ਦੇ ਲੱਛਣ ਹੋਣ 'ਤੇ ਕਿਸੇ ਵੀ ਤਰ੍ਹਾਂ ਦੀ ਦੇਰੀ ਖਤਰਨਾਕ ਸਿੱਧ ਹੋ ਸਕਦੀ ਹੈ। ਜਿਸ ਨੂੰ ਮੁੱਖ ਰੱਖਦਿਆਂ ਖੰਘ, ਗਲਾ ਖਰਾਬ, ਖਾਂਸੀ, ਸਾਹ ਲੈਣ 'ਚ ਦਿੱਕਤ, ਸਰੀਰ 'ਚ ਦਰਦ, ਵਗਦਾ ਨੱਕ ਜਾਂ ਜੇਕਰ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਏ ਹੋ ਤਾਂ ਕੋਵਿਡ ਦਾ ਟੈਸਟ ਜ਼ਰੂਰ ਕਰਵਾਇਆ ਜਾਵੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਕਿਹਾ ਕਿ 60 ਸਾਲ ਤੋਂ ਉਪਰ ਵਾਲੇ ਬਜ਼ੁਰਗ ਜਾਂ ਕਿਡਨੀ, ਦਿਲ ਦੀ ਬੀਮਾਰੀ, ਡਾਈਬੀਟੀਜ਼, ਕੈਂਸਰ, ਹਾਈਪਰਟੈਂਸ਼ਨ ਨਾਲ ਪੀੜਤ ਮਰੀਜ਼ ਕੋਵਿਡ ਦੀ ਚਪੇਟ ਵਿਚ ਜਿਆਦਾ ਆ ਰਹੇ ਹਨ। ਅਜਿਹੇ 'ਚ ਬਜ਼ੁਰਗਾਂ ਤੇ ਉਕਤ ਬੀਮਾਰੀ ਨਾਲ ਪੀੜਤ ਮਰੀਜ਼ਾਂ ਦਾ ਕੋਵਿਡ ਟੈਸਟ ਸਮਾਂ ਰਹਿੰਦਿਆਂ ਕਰਵਾਉਣਾ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਇਸ ਮੌਕੇ ਪੰਜਾਬ ਸਰਕਾਰ ਵਲੋਂ 'ਮਿਸ਼ਨ ਫਤਿਹ' ਤਹਿਤ ਰਾਤ ਸਮੇਂ ਦਾ ਕਰਫਿਊ ਜਾਰੀ ਹੈ। ਪੰਜਾਬ ਸਰਕਾਰ ਦੇ ਹੁਕਮਾਂ ਤੇ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਲੋੜੀਂਦੇ ਨਿਯਮਾਂ ਨੂੰ ਲਾਗੂ ਕਰਨ ਲਈ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਵੱਡੀ ਗਿਣਤੀ 'ਚ ਲਗਾਤਾਰ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਜਿਹੜੇ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਬਚਾਅ ਲਈ ਸਿਵਲ ਹਸਪਤਾਲ 'ਚ ਦਾਖਲ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਸ਼ੱਕੀ ਕੋਰੋਨਾ ਮਰੀਜ਼ਾਂ ਨੂੰ ਇਕਾਂਤਵਾਸ ਰੱਖਿਆ ਜਾ ਰਿਹਾ ਹੈ।
ਟ੍ਰਾਈਸਿਟੀ ਚੰਡੀਗੜ੍ਹ 'ਚ ਕੋਰੋਨਾ ਕਾਰਨ 16 ਮੌਤਾਂ, 174 ਨਵੇਂ ਕੇਸਾਂ ਦੀ ਪੁਸ਼ਟੀ
NEXT STORY