ਕੁਰਾਲੀ,(ਬਠਲਾ): ਪਿੰਡ ਸਲੇਮਪੁਰ ਖੁਰਦ 'ਚ ਇਕ ਵਿਆਹੁਤਾ ਦੀ ਭੇਤਭਰੀ ਹਾਲਤ 'ਚ ਮੌਤ ਹੋਣ 'ਤੇ ਪੁਲਸ ਨੇ ਮ੍ਰਿਤਕਾ ਦੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ ਕੇਸ ਦਰਜ ਕੀਤਾ ਹੈ। ਮਾਜਰੀ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕਾ ਕੁਲਵਿੰਦਰ ਕੌਰ ਦੇ ਭਰਾ ਗੁਰਪ੍ਰੀਤ ਸਿੰਘ ਵਾਸੀ ਸੰਗਤਪੁਰਾ ਨੇ ਕਿਹਾ ਕਿ ਉਸ ਦੀ ਭੈਣ ਕੁਲਵਿੰਦਰ ਕੌਰ ਦਾ ਵਿਆਹ ਸਲੇਮਪੁਰ ਖੁਰਦ ਦੇ ਰਣਧੀਰ ਸਿੰਘ ਨਾਲ ਹੋਇਆ ਸੀ। ਉਸ ਨੇ ਕਿਹਾ ਕਿ ਰਣਧੀਰ ਸਿੰਘ ਤੇ ਉਸ ਦੇ ਪਰਿਵਾਰ ਵਲੋਂ ਮਕਾਨ ਬਣਾਇਆ ਜਾ ਰਿਹਾ ਹੈ ਤੇ ਸਹੁਰਾ ਪਰਿਵਾਰ ਕੁਲਵਿੰਦਰ ਕੌਰ ਤੋਂ ਮਕਾਨ ਲਈ ਪੈਸੇ ਲਿਆਉਣ ਨੂੰ ਮਜ਼ਬੂਰ ਕਰ ਰਿਹਾ ਸੀ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਹੁਰਾ ਪਰਿਵਾਰ 25 ਲੱਖ ਰੁਪਏ ਲਿਆਉਣ ਨੂੰ ਕਹਿ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਵੇਰੇ ਕੁਲਵਿੰਦਰ ਕੌਰ ਨੇ ਉਨ੍ਹਾਂ ਨੂੰ ਫੋਨ 'ਤੇ ਸਹੁਰਾ ਪਰਿਵਾਰ ਵਲੋਂ ਕੁੱਟ-ਮਾਰ ਕਰਨ ਸਬੰਧੀ ਦੱਸਿਆ ਤੇ ਕੁਝ ਸਮੇਂ ਬਾਅਦ ਹੀ ਕੁਲਵਿੰਦਰ ਦੇ ਪਤੀ ਰਣਧੀਰ ਸਿੰਘ ਦਾ ਫੋਨ ਆਇਆ ਕਿ ਕੁਲਵਿੰਦਰ ਕੌਰ ਦੀ ਹਾਲਤ ਖ਼ਰਾਬ ਹੈ ਤੇ ਕੁਰਾਲੀ ਹਸਪਤਾਲ ਲੈ ਕੇ ਆ ਰਹੇ ਹਨ। ਉਸ ਨੇ ਕਿਹਾ ਕਿ ਉਸ ਨੇ ਖੁਦ ਕੁਲਵਿੰਦਰ ਕੌਰ ਨੂੰ ਗੱਡੀ ਵਿਚ ਚੁੱਕ ਕੇ ਡਾਕਟਰਾਂ ਦੇ ਕੋਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਗੁਰਪ੍ਰੀਤ ਨੇ ਕਿਹਾ ਕਿ ਸਹੁਰਾ ਪਰਿਵਾਰ ਉਸ ਦੀ ਭੈਣ ਦੀ ਮੌਤ ਲਈ ਜ਼ਿੰਮੇਵਾਰ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੇ ਪਤੀ ਰਣਧੀਰ ਸਿੰਘ, ਸਹੁਰਾ ਜਗੀਰ ਸਿੰਘ, ਸੱਸ ਹਰਮੀਤ ਕੌਰ ਤੋਂ ਇਲਾਵਾ ਘਰ ਦੇ ਹੋਰ ਦੋ ਮੈਂਬਰਾਂ ਦਲਜੀਤ ਸਿੰਘ ਤੇ ਹਰਦੀਪ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਸਟਿਨ ਵੈਲਬੀ ਕਰਨਗੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ
NEXT STORY