ਲੁਧਿਆਣਾ (ਨਰਿੰਦਰ) : 23 ਮਾਰਚ, 1931 ਦੇ ਦਿਨ ਨੂੰ ਕੋਈ ਨਹੀਂ ਭੁਲਾ ਸਕਦਾ ਕਿਉਂਕਿ ਇਸ ਦਿਨ ਸਾਡੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ ਸੀ। ਅੱਜ ਦੇ ਦਿਨ ਪੂਰੇ ਦੇਸ਼ ਭਰ ਵਿੱਚ ਇਨ੍ਹਾਂ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਘਰਾਂ ਵਿਚ ਸਥਿਤ ਹੈ, ਜਿੱਥੇ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਪਹੁੰਚੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਜੱਦੀ ਰਿਹਾਇਸ਼ ਤੱਕ ਲੋਕਾਂ ਦੀ ਪਹੁੰਚ ਕਰਵਾਉਣ ਲਈ ਰਸਤਾ ਚੌੜਾ ਕੀਤਾ ਜਾਵੇਗਾ। ਇਸ ਮੌਕੇ 'ਜਗਬਾਣੀ' ਦੀ ਟੀਮ ਵੱਲੋਂ ਉਨ੍ਹਾਂ ਦੇ ਜੱਦੀ ਘਰ ਦਾ ਜਾਇਜ਼ਾ ਲਿਆ ਗਿਆ, ਜਿਸ ਨੂੰ ਪੁਰਾਤੱਤਵ ਮਹਿਕਮੇ ਵੱਲੋਂ ਸਾਂਭਿਆ ਗਿਆ ਹੈ ਅਤੇ ਉਸ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਇਹ ਉਹ ਸਥਾਨ ਹੈ, ਜਿੱਥੇ ਸ਼ਹੀਦ ਸੁਖਦੇਵ ਥਾਪਰ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਪੰਜ ਸਾਲ ਬਿਤਾਏ ਸਨ।
ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੀ ਮਾਤਾ ਦੇ ਨਾਲ ਲਾਇਲਪੁਰ ਚਲੇ ਗਏ, ਜਿਥੇ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਫਿਰ ਭਗਤ ਸਿੰਘ ਹੁਰਾਂ ਦੇ ਸੰਪਰਕ 'ਚ ਆਏ ਅਤੇ ਉਨ੍ਹਾਂ ਤਿੰਨਾਂ ਵੱਲੋਂ ਜੋ ਦੇਸ਼ ਲਈ ਕੀਤਾ ਗਿਆ, ਉਸ ਤੋਂ ਸਾਰੇ ਵਾਕਫ਼ ਹਨ। ਇਨ੍ਹਾਂ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਪੂਰਾ ਦੇਸ਼ ਅੱਜ ਨਮਨ ਕਰ ਰਿਹਾ ਹੈ। ਉਨ੍ਹਾਂ ਦੇ ਦੂਰ ਦੇ ਪਰਿਵਾਰਕ ਮੈਂਬਰ ਗੋਰਾ ਥਾਪਰ ਨੇ ਦੱਸਿਆ ਕਿ ਕਿਵੇਂ ਅਤੇ ਕਿੰਨਾ ਸਮਾਂ ਸੁਖਦੇਵ ਥਾਪਰ ਇੱਥੇ ਆਪਣੀ ਮਾਤਾ ਨਾਲ ਰਹੇ ਅਤੇ ਕਿਹੋ ਜਿਹਾ ਜੀਵਨ ਉਨ੍ਹਾਂ ਨੇ ਬਤੀਤ ਕੀਤਾ।
ਸ਼ਹੀਦੀ ਦਿਹਾੜੇ ’ਤੇ ਟਰੈਕਟਰ ਮਾਰਚ ਕੱਢ ਕੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ
NEXT STORY