ਨਵੀਂ ਦਿੱਲੀ (ਸੁਨੀਲ ਪਾਂਡੇ)— 1984 ਸਿੱਖ ਦੰਗਿਆਂ ਦੇ ਇਕ ਮਾਮਲੇ ਵਿਚ ਦੋਸ਼ੀ ਵਿਅਕਤੀ ਅਦਾਲਤ ਕੰਪਲੈਕਸ 'ਚ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵਲੋਂ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਦਿੱਲੀ ਵਿਚ ਇਕ ਵਾਰ ਫਿਰ ਸਿਆਸਤ ਗਰਮਾ ਗਈ ਹੈ। ਸਿੱਖਾਂ ਨੇ 34 ਸਾਲ ਤੋਂ 1984 ਦੀ ਲੜਾਈ ਲੜ ਰਹੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਦੇ ਰਵੱਈਏ 'ਤੇ ਵੀ ਸਵਾਲ ਉਠਾ ਦਿੱਤਾ ਹੈ। ਖੁਦ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਫੂਲਕਾ 'ਤੇ ਪਲਟਵਾਰ ਕੀਤਾ ਹੈ। ਨਾਲ ਹੀ ਉਨ੍ਹਾਂ ਵਲੋਂ ਘਟਨਾ ਦੀ ਨਿੰਦਾ ਕਰਨਾ ਰਾਸ ਨਹੀਂ ਆਇਆ ਹੈ, ਨਤੀਜੇ ਵਜੋਂ ਫੂਲਕਾ ਦੇ ਵਿਵੇਕ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਨਾਲ ਕੋਈ ਕਥਿਤ ਬਦਸਲੂਕੀ ਅਤੇ ਕੁੱਟਮਾਰ ਦੀ ਘਟਨਾ ਦੀ ਨਿੰਦਾ ਕਰਨ ਨੂੰ ਲੈ ਕੇ ਫੂਲਕਾ ਨੂੰ ਇਕ ਤਰੀਕੇ ਨਾਲ ਦੋਸ਼ੀਆਂ ਦਾ ਹਮਦਰਦ ਦੱਸ ਦਿੱਤਾ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਨਲ ਦੇਵੇਂਦਰ ਸਿੰਘ ਸਹਰਾਵਤ 'ਤੇ ਵੀ ਦੋਸ਼ੀਆਂ ਦੇ ਪੱਖ ਵਿਚ ਬਿਆਨ ਦੇਣ ਨੂੰ ਗਲਤ ਠਹਿਰਾਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ (ਦੋਸ਼ੀਆਂ ਨੂੰ) ਨਾਜਾਇਜ਼ ਫਸਾਇਆ ਗਿਆ ਹੈ। ਕਾਹਲੀ-ਕਾਹਲੀ ਵਿਚ ਬੁਲਾਈ ਪ੍ਰੈੱਸ ਕਾਨਫਰੰਸ ਵਿਚ ਸਿਰਸਾ ਨੇ ਫੂਲਕਾ ਅਤੇ ਸਹਰਾਵਤ ਦੀ ਬੋਲੀ ਨੂੰ ਇਕੋ ਜਿਹਾ ਦੱਸ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ ਵਿਚ ਬੋਲਣ ਦੀ ਨਸੀਹਤ ਦੇ ਦਿੱਤੀ ਜਦਕਿ ਫੂਲਕਾ ਬਾਰੇ ਸਿੱਖਾਂ ਵਿਚ ਪ੍ਰਚੱਲਿਤ ਹੈ ਕਿ ਫੂਲਕਾ ਨੇ 34 ਸਾਲ ਬਾਅਦ ਵੀ ਕੌਮ ਦੀ ਲੜਾਈ ਨੂੰ ਅਦਾਲਤਾਂ ਵਿਚ ਜ਼ਿੰਦਾ ਰੱਖਿਆ ਹੈ। ਨਾਲ ਹੀ ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਬਣਨ ਦੇ ਬਾਵਜੂਦ ਫੂਲਕਾ ਨੇ 1984 ਦਾ ਕੇਸ ਲੜਨ ਲਈ ਆਪਣੀ ਮਰਜ਼ੀ ਨਾਲ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੇ ਨਾ ਫੜੇ ਜਾਣ ਵਿਰੁੱਧ ਵਿਧਾਇਕੀ ਤੋਂ ਵੀ ਅਸਤੀਫਾ ਦਿੱਤਾ ਹੈ। ਲਿਹਾਜ਼ਾ, ਸਿਰਸਾ ਵਲੋਂ ਫੂਲਕਾ ਨੂੰ ਘੇਰਨ ਦੀ ਹੋਈ ਕੋਸ਼ਿਸ਼ ਸਿੱਖ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਦੋਸ਼ੀ ਨੂੰ ਸਿਰਸਾ ਵਲੋਂ ਥੱਪੜ ਮਾਰੇ ਜਾਣ ਦੀ ਘਟਨਾ ਦੀ ਫੂਲਕਾ ਨੇ ਨਿੰਦਾ ਕੀਤੀ ਸੀ। ਨਾਲ ਹੀ ਫੂਲਕਾ ਨੇ ਇਸ ਮਾਮਲੇ ਦੇ ਕਾਰਨ ਅਦਾਲਤ ਦੇ ਆਉਣ ਵਾਲੇ ਫੈਸਲੇ ਵਿਚ ਖਦਸ਼ਾ ਵੀ ਜਤਾਇਆ ਸੀ।
ਕੈਪਟਨ, ਕੇਜਰੀਵਾਲ, ਸਿੱਧੂ ਦੇ ਸਿੱਖ ਪ੍ਰੇਮ 'ਤੇ ਉਠਾਏ ਸਵਾਲ:
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ 'ਆਪ' ਦੇ ਵਿਧਾਇਕ ਦੇਵੇਂਦਰ ਸਹਰਾਵਤ ਦੇ ਕਥਿਤ ਸਿੱਖ ਪ੍ਰੇਮ 'ਤੇ ਵੀ ਸਵਾਲ ਉਠਾਏ ਹਨ। ਨਾਲ ਹੀ ਕਿਹਾ ਕਿ 1984 ਯਾਦ ਕਰਵਾਉਣ ਦੇ ਬਹਾਨੇ ਸਿਰਸਾ ਨੂੰ ਚਿੜਾਉਣ ਦੀ ਹੋਈ ਕੋਸ਼ਿਸ਼ ਦੀ ਉਹ ਨਿੰਦਾ ਕਰਦੇ ਹਨ। 2 ਸਿੱਖਾਂ ਦੇ ਕਤਲ ਦੇ ਦੋਸ਼ੀ ਅਦਾਲਤ ਵਲੋਂ ਕਰਾਰ ਦਿੱਤੇ ਗਏ ਨਰੇਸ਼ ਸਹਰਾਵਤ ਅਤੇ ਜਸਪਾਲ ਸਿੰਘ ਨੂੰ ਗਲਤ ਫਸਾਉਣ ਬਾਰੇ ਸਹਰਾਵਤ ਵਲੋਂ ਦਿੱਤੇ ਗਏ ਬਿਆਨ 'ਤੇ ਕੇਜਰੀਵਾਲ ਨੂੰ ਬੋਲਣ ਦੀ ਨਸੀਹਤ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਸਹਰਾਵਤ ਨੇ ਜਾਤੀ ਕਾਰਡ ਸੁੱਟ ਕੇ ਕਾਤਲਾਂ ਨੂੰ ਸੁਰੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ 'ਤੇ ਕੇਜਰੀਵਾਲ ਦਾ ਕੀ ਸਟੈਂਡ ਹੈ, ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।
ਥੱਪੜ ਮਾਰਨ 'ਤੇ ਕੋਈ ਪਛਤਾਵਾ ਨਹੀਂ: ਸਿਰਸਾ
ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਜੇਕਰ ਉਨ੍ਹਾਂ ਨੂੰ 8 ਹਜ਼ਾਰ ਸਿੱਖਾਂ ਨੂੰ ਮਾਰਨ ਦਾ ਪਛਤਾਵਾ ਨਹੀਂ ਹੈ ਤਾਂ ਮੈਨੂੰ ਵੀ ਦੋਸ਼ੀ ਨੂੰ ਥੱਪੜ ਮਾਰਨ ਦਾ ਕੋਈ ਅਫਸੋਸ ਨਹੀਂ ਹੈ। ਸਿਰਸਾ ਨੇ ਕਿਹਾ ਕਿ ਇਹ ਲੜਾਈ ਅਸੀਂ ਦੇਸ਼ ਅਤੇ ਕੌਮ ਲਈ ਲੜ ਰਹੇ ਹਾਂ। ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਕਥਿਤ ਲੋਕਾਂ ਨੇ ਮਾਂ-ਭੈਣ ਦੀਆਂ ਗਾਲ੍ਹਾਂ ਮੈਨੂੰ ਨਹੀਂ ਕੱਢੀਆਂ, ਸਗੋਂ ਸਾਰੇ ਸਿੱਖਾਂ ਨੂੰ ਕੱਢੀਆਂ ਹਨ। ਸਿਰਸਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਦੇ ਲੋਕ ਇਹੀ ਵਤੀਰਾ ਜਾਰੀ ਰੱਖਣਗੇ ਤਾਂ ਅਸੀਂ ਹਜ਼ਾਰ ਵਾਰ ਸੰਜਮ ਗੁਆ ਦੇਵਾਂਗੇ।
ਮੇਰੀ ਜ਼ਿੰਦਗੀ ਦੀ ਲੜਾਈ ਹੈ 1984: ਫੂਲਕਾ
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ 1984 ਮਾਮਲੇ ਦੀ 34 ਸਾਲ ਤੋਂ ਲੜਾਈ ਲੜ ਰਹੇ ਐੱਚ. ਐੱਸ. ਫੂਲਕਾ ਨੇ ਕਿਹਾ ਕਿ 1984 ਦੀ ਲੜਾਈ ਮੇਰੀ ਜ਼ਿੰਦਗੀ ਦੀ ਲੜਾਈ ਹੈ। ਮੇਰਾ ਮਕਸਦ ਸਿਰਫ 1984 ਵਿਚ ਨਿਆਂ ਦਿਵਾਉਣਾ ਹੈ। ਇਸ ਦੇ ਲਈ ਜੋ ਕਰਨਾ ਪਏਗਾ, ਉਹ ਕਰਾਂਗਾ।
ਪੰਜਾਬ ਨੂੰ ਨਿਵੇਸ਼ ਦੇ ਨਜ਼ਰੀਏ ਤੋਂ ਮੋਹਰੀ ਸੂਬਿਆਂ ਦੇ ਰੂਪ 'ਚ ਵਿਕਸਿਤ ਕਰਾਂਗੇ : ਅਮਰਿੰਦਰ
NEXT STORY