ਚੰਡੀਗੜ੍ਹ (ਪਾਲ) : ਆਊਸ਼ ਗ੍ਰਾਮ ਪ੍ਰਾਜੈਕਟ ਤਹਿਤ ਬੁੱਧਵਾਰ ਨੂੰ ਸੈਕਟਰ-56 ਵਿਚ ਸੰਸਦ ਮੈਂਬਰ ਕਿਰਨ ਖੇਰ ਨੇ ਆਊਸ਼ ਮੋਬਾਇਲ ਡਿਸਪੈਂਸਰੀ ਵੈਨ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਚੰਡੀਗੜ੍ਹ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ, ਜਿਥੇ ਆਊਸ਼ ਮੰਤਰਾਲਾ ਵਲੋਂ ਅਜਿਹੀ ਪਹਿਲ ਸ਼ੁਰੂ ਕੀਤੀ ਗਈ ਹੈ। ਇਥੇ ਆਯੂਰਵੈਦ ਤੇ ਹੋਮਿਓਪੈਥੀ ਨਾਲ ਲੋਕਾਂ ਦਾ ਇਲਾਜ ਹੋਵੇਗਾ। ਇਸ ਮੌਕੇ ਕੌਂਸਲਰ ਸਤੀਸ਼ ਕੈਂਥ ਵੀ ਮੌਜੂਦ ਸਨ, ਜਿਨ੍ਹਾਂ ਨੇ ਸੰਸਦ ਮੈਂਬਰ ਤੋਂ ਵੈਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਲਈ ਇਕ ਵੈਨ ਨਾਲ ਲੋਕਾਂ ਨੂੰ ਇਲਾਜ ਨਹੀਂ ਮਿਲ ਸਕੇਗਾ। ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੂੰ ਇਸਦੀ ਖੁਸ਼ੀ ਹੈ ਕਿ ਆਊਸ਼ ਮੰਤਰਾਲਾ ਦੀ ਇਸ ਨਵੀਂ ਪਹਿਲ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋ ਰਹੀ ਹੈ। ਉਨ੍ਹਾਂ ਇਸ ਵੈਨ ਦੀ ਸ਼ੁਰੂਆਤ ਆਪਣੇ ਫੰਡ 'ਚੋਂ ਕੀਤੀ ਹੈ। ਇਹ ਵੈਨ ਪਹਿਲਾਂ ਫੇਜ਼ ਵਿਚ ਸਾਰੰਗਪੁਰ, ਪਲਸੌਰਾ ਤੇ ਫੈਦਾ ਪਿੰਡ ਦੇ ਇਲਾਕੇ ਵਿਚ ਮੌਜੂਦ ਰਹੇਗੀ। ਅਲਟਰਨੇਟ ਦਿਨਾਂ 'ਚ ਡਾਕਟਰ ਇਸ ਵੈਨ ਵਿਚ ਜਾਣਗੇ, ਜਿਸ ਵਿਚ ਇਕ ਦਿਨ ਆਯੂਰਵੈਦਿਕ ਡਾਕਟਰ ਤੇ ਦੂਜੇ ਦਿਨ ਹੋਮਿਓਪੈਥਿਕ ਡਾਕਟਰ ਹੋਣਗੇ। ਵੈਨ ਵਿਚ ਚੈੱਕਅਪ ਦੇ ਨਾਲ ਹੀ ਲੋਕਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤੇ ਜਾਂਚ ਵਿਚ ਜੇਕਰ ਕੋਈ ਜ਼ਿਆਦਾ ਗੰਭੀਰ ਪਾਇਆ ਗਿਆ ਤਾਂ ਉਸਨੂੰ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਜਾਵੇਗਾ।
ਇਕ ਹੋਰ ਵੈਨ ਦੇਣ ਦਾ ਭਰੋਸਾ
ਸੰਸਦ ਮੈਂਬਰ ਨੇ ਕਿਹਾ ਕਿ ਅਜੇ ਵੀ ਚੰਡੀਗੜ੍ਹ ਦੇ ਆਸ-ਪਾਸ ਕਈ ਅਜਿਹੇ ਇਲਾਕੇ ਹਨ, ਜਿਥੇ ਹੈਲਥ ਸਹੂਲਤਾਂ ਲੋਕਾਂ ਦੀ ਪਹੁੰਚ ਵਿਚ ਨਹੀਂ ਹਨ। ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਬੀਮਾਰੀਆਂ ਲਈ ਵੀ ਵੱਡੇ ਹਸਪਤਾਲਾਂ 'ਚ ਜਾਣਾ ਪੈਂਦਾ ਹੈ। ਅਜਿਹੇ ਵਿਚ ਇਹ ਵੈਨ ਉਨ੍ਹਾਂ ਨੂੰ ਆਸਾਨ ਇਲਾਜ ਮੁਹੱਈਆ ਕਰਵਾ ਸਕੇਗੀ।
ਇਸਦੇ ਨਾਲ ਹੀ ਉਨ੍ਹਾਂ ਹੋਮੀਓਪੈਥੀ, ਯੂਨਾਨੀ, ਆਯੂਰਵੈਦ ਤੇ ਯੋਗਾ ਦੇ ਮਹੱਤਵ ਬਾਰੇ ਦੱਸਿਆ। ਲੋਕਾਂ ਦੀ ਮੰਗ ਨੂੰ ਵੇਖਦਿਆਂ ਉਹ ਛੇਤੀ ਹੀ ਐੱਮ. ਪੀ. ਲੈਡ ਫੰਡ 'ਚੋਂ ਸ਼ਹਿਰ ਨੂੰ ਇਕ ਹੋਰ ਮੋਬਾਇਲ ਵੈਨ ਮੁਹੱਈਆ ਕਰਵਾਉਣਗੇ। ਇਹ ਵੈਨ ਸ਼ਹਿਰ ਦੇ ਪੇਂਡੂ ਇਲਾਕਿਆਂ ਤੋਂ ਇਲਾਵਾ ਉਥੇ ਜਾਏਗੀ, ਜਿਥੇ ਡਿਸਪੈਂਸਰੀ ਨਹੀਂ ਹੈ। ਇਸ ਮੌਕੇ ਹੈਲਥ ਡਾਇਰੈਕਟਰ ਜੀ. ਦੀਵਾਨ, ਜੀ. ਐੱਮ. ਐੱਮ. ਐੱਚ. ਮੈਡੀਕਲ ਸੁਪਰਡੈਂਟ ਡਾ. ਵੰਦਨਾ ਗੁਪਤਾ ਸਮੇਤ ਕਈ ਵਿਭਾਗਾਂ ਦੇ ਡਾਕਟਰ ਮੌਜੂਦ ਹਨ। ਇਸ ਦੌਰਾਨ ਸੰਸਦ ਮੈਂਬਰ ਨੇ ਸਥਾਨਕ ਲੋਕਾਂ ਨੂੰ ਦਵਾਈਆਂ ਵਾਲੇ ਬੂਟੇ ਵੀ ਵੰਡੇ।
ਕਾਗਜ਼ ਦੇ ਲਿਫਾਫੇ ਵੇਚਣ ਵਾਲੇ ਰੇਹੜੀ ਮਾਲਕ ਨੂੰ ਕੀਤਾ ਸਨਮਾਨਿਤ
NEXT STORY