ਮੋਗਾ (ਆਜ਼ਾਦ,ਵਿਪਨ)– ਅੱਜ ਦਿਨ-ਦਿਹਾਡ਼ੇ ਜੀ. ਟੀ. ਰੋਡ ਮੋਗਾ ’ਤੇ ਜ਼ਿਲਾ ਕਚਹਿਰੀ ਕੋਲ ਡੇਢ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਕਾਰਣ ਆਪਣੀ ਵਿਰੋਧੀ ਧਿਰ ’ਤੇ ਜੋ ਜ਼ਿਲਾ ਕਚਹਿਰੀ ’ਚ ਪੇਸ਼ੀ ਭੁਗਤਣ ਆਈ ਸੀ, ਜਾਨਲੇਵਾ ਹਮਲਾ ਕਰਦਿਆਂ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਇਲਾਵਾ ਇੱਟਾਂ-ਪੱਥਰ ਮਾਰ ਕੇ ਗੱਡੀਆਂ ਦੀ ਭੰਨ-ਤੋਡ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਸਰਕੂਲਰ ਰੋਡ ਨੇਡ਼ੇ ਗਿੱਲ ਪੈਲੇਸ ਮੋਗਾ ਨੇ ਕਿਹਾ ਕਿ ਉਹ ਡੀ. ਜੇ. ਦਾ ਕੰਮ ਕਰਦਾ ਹੈ। ਬੀਤੇ ਸਾਲ 2017 ’ਚ ਅਕਾਲਸਰ ਰੋਡ ’ਤੇ ਗੋਲੀ ਚੱਲਣ ’ਤੇ ਮੋਗਾ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ’ਚ ਅੱਜ ਮੈਂ ਜ਼ਿਲਾ ਕਚਹਿਰੀ ’ਚ ਪੇਸ਼ੀ ਭੁਗਤਣ ਲਈ ਆਪਣੇ ਸਾਥੀਆਂ ਵਿਕਾਸ ਜਿੰਦਲ, ਤਮਨ ਗਾਂਧੀ, ਸਾਹਿਲ ਜਿੰਦਲ ਨਿਵਾਸੀ ਮੋਗਾ ਨਾਲ ਆਇਆ ਸੀ। ਅਸੀਂ ਆਪਣੀ ਗੱਡੀ ਜਿਸ ਨੂੰ ਹਰਪਿੰਦਰ ਸਿੰਘ ਚਲਾ ਕੇ ਲਿਆਇਆ ਸੀ, ਪਾਰਕਿੰਗ ’ਚ ਖਡ਼੍ਹੀ ਕਰ ਦਿੱਤੀ ਅਤੇ ਉਹ ਗੱਡੀ ’ਚ ਬੈਠਾ ਰਿਹਾ, ਜਦ ਅਸੀਂ ਕਚਹਿਰੀ ਅੰਦਰ ਪੇਸ਼ੀ ’ਤੇ ਜਾਣ ਲੱਗੇ ਤਾਂ ਉਥੇ ਪਹਿਲਾਂ ਹੀ ਰਾਹੁਲ, ਟੋਨੀ, ਗੁਰਲਾਭ ਸਿੰਘ, ਕਰਨ ਖਹਿਰਾ, ਮਤਵਾਲ ਸਿੰਘ, ਮੰਗੂ, ਮਨੀ ਜਿਨ੍ਹਾਂ ਨਾਲ ਕਈ ਅਣਪਛਾਤੇ ਹਥਿਆਰਬੰਦ ਵਿਅਕਤੀ ਵੀ ਸਨ, ਸਾਡੀ ਉਡੀਕ ਕਰ ਰਹੇ ਸਨ। ਜਦ ਅਸੀਂ ਅੰਦਰ ਜਾਣ ਲੱਗੇ ਤਾਂ ਉਕਤ ਵਿਅਕਤੀਆਂ ਨੇ ਸਾਡੀ ਗੱਡੀ ’ਤੇ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਣ ਗੱਡੀ ਦੇ ਸ਼ੀਸ਼ੇ ਟੁੱਟ ਗਏ, ਜਿਸ ’ਤੇ ਚਾਲਕ ਨੇ ਗੱਡੀ ਭਜਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਆਪਣੇ ਹਥਿਆਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਹਮਲਾਵਰਾਂ ਨੂੰ ਸ਼ੱਕ ਸੀ ਕਿ ਅਸੀਂ ਵੀ ਗੱਡੀ ਦੇ ਅੰਦਰ ਹਾਂ, ਜਦਕਿ ਅਸੀਂ ਪੇਸ਼ੀ ’ਤੇ ਚਲੇ ਗਏ ਸਨ। ਮੇਰੇ ਮਾਮੇ ਦਾ ਲਡ਼ਕਾ ਅਤੇ ਗੱਡੀ ’ਚ ਬੈਠਾ ਇਕ ਲਡ਼ਕਾ ਵਾਲ-ਵਾਲ ਬਚ ਗਏ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਸਾਰੇ ਬਾਹਰ ਆ ਗਏ ਅਤੇ ਅਸੀਂ ਆ ਕੇ ਰੌਲਾ ਪਾਇਆ ਤਾਂ ਸਾਰੇ ਹਮਲਾਵਰ ਹਥਿਆਰਾਂ ਸਮੇਤ ਭੱਜ ਗਏ। ਹਮਲਾਵਰਾਂ ਵੱਲੋਂ ਇੱਟਾਂ-ਪੱਥਰਾਂ ਮਾਰਨ ’ਤੇ ਉਥੇ ਮੌਜੂਦ ਕਈ ਗੱਡੀਆਂ ਨੁਕਸਾਨੀਆਂ ਗਈਆਂ।
ਰੰਜਿਸ਼ ਕਾਰਣ ਕੀਤਾ ਹਮਲਾ
ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪੀਰਾਂ ਵਾਲੀ ਗਲੀ ਬੇਦੀ ਨਗਰ ਵਿਚ 9 ਅਕਤੂਬਰ, 2019 ਨੂੰ ਮੇਰੇ ਭਰਾ ਚਮਕੌਰ ਸਿੰਘ ਦੀ ਗੋਲੀਆਂ ਮਾਰ ਕੇ ਗੱਬਰ ਸਿੰਘ ਸਿੰਘ, ਉਸ ਦੇ ਭਰਾ ਬਿੱਟੂ ਸਿੰਘ ਅਤੇ ਲਵਲੀ ਨੇ ਹੱਤਿਆ ਕਰ ਦਿੱਤੀ ਸੀ। ਉਕਤ ਮਾਮਲੇ ’ਚ ਮੇਰੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮੋਗਾ ’ਚ ਮਾਮਲਾ ਦਰਜ ਹੈ। ਕਥਿਤ ਦੋਸ਼ੀ ਲਵਲੀ ਅਜੇ ਬਾਹਰ ਹੈ ਅਤੇ ਸਾਡੇ ’ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੇ ਉਨ੍ਹਾਂ ਨਾਲ ਸਬੰਧ ਹਨ। ਉਨ੍ਹਾਂ ਸਾਨੂੰ ਧਮਕਾਉਣ ਲਈ ਹੀ ਕਿ ਮੈਂ ਉਕਤ ਮਾਮਲੇ ’ਚ ਉਨ੍ਹਾਂ ਖਿਲਾਫ ਗਵਾਹੀ ਨਾ ਦੇਵਾਂ, ਗੋਲੀਆਂ ਮਾਰੀਆਂ ਗਈਆਂ ਅਤੇ ਇੱਟਾਂ-ਪੱਥਰ ਮਾਰੇ।
ਕੀ ਹੋਈ ਪੁਲਸ ਕਾਰਵਾਈ
ਜਦ ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਲਛਮਣ ਸਿੰਘ ਨੇ ਕਿਹਾ ਕਿ ਵਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਾਹੁਲ, ਟੋਨੀ, ਗੁਰਲਾਭ ਸਿੰਘ, ਕਰਨ ਖਹਿਰਾ, ਮਤਵਾਲ ਸਿੰਘ, ਮੰਗੂ, ਮਨੀ ਅਤੇ ਕਈ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਾਵਧਾਨ ! ਹੈਲਮੇਟ ਤੋਂ ਬਿਨਾ ਮੌਤ ਦੇ ਮੂੰਹ ’ਚ ਚਲੇ ਜਾਂਦੀਆਂ ਨੇ ਸੈਂਕੜੇ ਜਾਨਾਂ
NEXT STORY