ਮੋਹਾਲੀ (ਰਾਣਾ) : ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ। ਇੱਥੇ ਹੁਣ ਤੱਕ ਕੁੱਲ 1042 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 949 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਕੋਰੋਨਾ ਪੀੜਤਾਂ ਦੇ ਸੰਪਰਕਾਂ ਦਾ ਪਤਾ ਲਗਾਉਣ ਤੋਂ ਬਾਅਦ ਨਮੂਨੇ ਲੈਣ ਦੀ ਮੁਹਿੰਮ 'ਚ ਕੋਈ ਕਸਰ ਨਾ ਛੱਡੀ ਜਾਵੇ। ਇਹ ਪ੍ਰਗਟਾਵਾ ਇੱਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 1042 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 949 ਨੈਗਟਿਵ ਪਾਏ ਗਏ ਹਨ, ਜਦਕਿ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 62 ਹੈ ਅਤੇ 34 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਕੁਆਰੰਟਾਈਨ 'ਚ ਰੱਖੇ ਵਿਅਕਤੀਆਂ ਦੀ ਸਥਿਤੀ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ 2208 ਵਿਅਕਤੀਆਂ ਦੀ ਕੁਆਰੰਟਾਈਨ ਦੀ ਮਿਆਦ ਪੂਰੀ ਹੋ ਚੁੱਕੀ ਹੈ, ਜਦਕਿ ਇਸ ਸਮੇਂ 449 ਵਿਅਕਤੀ ਕੁਆਰੰਟਾਈਨ ਮਿਆਦ ਅਧੀਨ ਹਨ।
ਅਖਬਾਰਾਂ ਦੇ ਏਜੰਟਾਂ, ਫੜ੍ਹੀ ਵਾਲਿਆਂ ਦੀ ਹੋਵੇਗੀ ਸਕਰੀਨਿੰਗ
ਜ਼ਿਲ੍ਹਾ ਪ੍ਰਸ਼ਾਸਨ ਪੂਰੇ ਜ਼ਿਲ੍ਹੇ 'ਚ ਅਖਬਾਰਾਂ, ਫੇਰੀ ਵਾਲਿਆਂ, ਏਜੰਟਾਂ ਅਤੇ ਵਿਕਰੇਤਾਵਾਂ ਦੀ ਜਾਂਚ ਕਰਵਾਏਗਾ ਤਾਂ ਜੋ ਲੋਕਾਂ ਦੇ ਮਨਾਂ 'ਚ ਪਏ ਡਰ ਨੂੰ ਦੂਰ ਕਰਨ ਦੇ ਨਾਲ-ਨਾਲ ਫੇਰੀ ਵਾਲਿਆਂ, ਏਜੰਟਾਂ ਦੀ ਸੁਰੱਖਿਆ ਵੀ ਕੀਤੀ ਜਾ ਸਕੇ। ਇਸ ਬਾਰੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਇਹ ਪ੍ਰਕਿਰਿਆ ਇਕ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਪਹਿਲਾ ਪੜਾਅ 23 ਅਪ੍ਰੈਲ, ਨੂੰ ਮੋਹਾਲੀ ਵਿਖੇ ਫੇਜ਼ -2 ਅਤੇ ਫੇਜ਼ -7 ਤੋਂ ਇੱਕੋ ਸਮੇਂ ਸ਼ੁਰੂ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਫੇਜ਼ -2 'ਚ ਤਕਰੀਬਨ 150 ਫੇਰੀ ਵਾਲੇ ਹਨ ਅਤੇ ਇੰਨੇ ਹੀ ਫੇਜ਼-7 'ਚ ਹਨ। ਇਸ ਲਈ ਕੁੱਲ 300 ਵਿਅਕਤੀਆਂ ਦੀ ਸਵੇਰੇ 8 ਵਜੇ ਤੋਂ ਜਾਂਚ ਕੀਤੀ ਜਾਵੇਗੀ। ਇਸ ਉਪਰੰਤ ਇਹ ਮੁਹਿੰਮ ਪੂਰੇ ਜ਼ਿਲ੍ਹੇ 'ਚ ਚਲਾਈ ਜਾਵੇਗੀ, ਜਦੋਂ ਕਿ ਇਹੋ ਮੁਹਿੰਮ ਜ਼ੀਰਕਪੁਰ 'ਚ 24 ਅਪ੍ਰੈਲ ਨੂੰ ਚਲਾਈ ਜਾਵੇਗੀ।
'ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਅਣਥੱਕ ਮਿਹਨਤ ਸਦਕਾ ਪੰਜਾਬ 'ਚ ਕੋਰੋਨਾ ਮੁਕਤ ਹੋਇਆ ਇਹ ਜ਼ਿਲ੍ਹਾ'
NEXT STORY