ਮਾਛੀਵਾੜਾ ਸਾਹਿਬ (ਟੱਕਰ) : ਸ਼ੁੱਕਰਵਾਰ ਸਵੇਰੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਕਾਰਨ ਵਾਪਸੇ ਹਾਦਸੇ 'ਚ ਮਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਜਾ ਰਹੀ ਸੁਖਵਿੰਦਰ ਕੌਰ (62) ਵਾਸੀ ਜਿਉਂਦ ਥਾਣਾ ਰਾਮਪੁਰ ਫੂਲ ਜ਼ਿਲਾ ਬਠਿੰਡਾ ਦੀ ਮੌਤ ਹੋ ਗਈ। ਹਾਦਸੇ 'ਚ ਪਰਿਵਾਰ ਦੇ 4 ਹੋਰ ਮੈਂਬਰ ਮਨਦੀਪ ਸਿੰਘ, ਰਨਦੀਪ ਸਿੰਘ, ਗੁਰਪਿੰਦਰ ਸਿੰਘ ਤੇ ਮਨਦੀਪ ਸਿੰਘ ਸਾਰੇ ਵਾਸੀ ਮਾਨਸਾ ਅਤੇ ਦੂਜੀ ਕਾਰ ਦਾ ਚਾਲਕ ਦਵਿੰਦਰ ਸਿੰਘ ਵਾਸੀ ਮਾਣਕਵਾਲ ਜ਼ਿਲਾ ਲੁਧਿਆਣਾ ਜ਼ਖ਼ਮੀ ਹੋ ਗਏ।

ਹਸਪਤਾਲ 'ਚ ਇਲਾਜ ਅਧੀਨ ਸਵਿਫਟ ਡਿਜ਼ਾਇਰ ਕਾਰ ਚਾਲਕ ਰਨਦੀਪ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੀ ਪੜਦਾਦੀ ਤੇਜ ਕੌਰ ਦੀ ਮੌਤ 29-10-2019 ਨੂੰ ਹੋਈ ਸੀ ਅਤੇ ਅੱਜ ਉਹ ਸਵੇਰੇ ਪਿੰਡ ਮਾਨਸਾ ਖੁਰਦ ਤੋਂ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਲਈ ਰਵਾਨਾ ਹੋਏ। ਇਸ ਕਾਰ ਵਿਚ ਉਨ੍ਹਾਂ ਦੀ ਪੜਦਾਦੀ ਦੀ ਲੜਕੀ ਸੁਖਵਿੰਦਰ ਕੌਰ, ਉਸਦਾ ਭਰਾ ਮਨਦੀਪ ਸਿੰਘ, ਚਾਚਾ ਗੁਰਪਿੰਦਰ ਸਿੰਘ, ਚਾਚਾ ਮਨਦੀਪ ਸਿੰਘ ਸਵਾਰ ਸਨ ਅਤੇ ਸ਼ੁੱਕਰਵਾਰ ਉਹ ਕਰੀਬ 8.30 ਵਜੇ ਸਰਹਿੰਦ ਨਹਿਰ ਦਾ ਨੀਲੋਂ ਪੁਲ ਲੰਘ ਗੜ੍ਹੀ ਪੁਲ ਨੇੜ੍ਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇਕ ਇੰਡੀਕਾ ਕਾਰ ਦੇ ਚਾਲਕ ਨੇ ਟਰੱਕ ਨੂੰ ਓਵਰਟੇਕ ਕਰਦੇ ਹੋਏ ਅਣਗਹਿਲੀ ਵਰਤਦਿਆਂ ਸਾਡੀਕਾਰ ਵਿਚ ਸਿੱਧੀ ਟੱਕਰ ਮਾਰੀ ਜਿਸ ਕਾਰਨ ਉਹ ਸਾਰੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਇਸ ਦੌਰਾਨ ਐਂਬੂਲੈਸ ਰਾਹੀਂ ਜਦੋਂ ਉਨ੍ਹਾਂ ਨੂੰ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਉਨ੍ਹਾਂ ਦੀ ਭੂਆ ਸੁਖਵਿੰਦਰ ਕੌਰ ਦੀ ਮੌਤ ਹੋ ਗਈ। ਇਸ ਸੜਕ ਹਾਦਸੇ 'ਚ ਇੰਡੀਕਾ ਕਾਰ ਦਾ ਚਾਲਕ ਦਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ ਜੋ ਕਿ ਸਾਰੇ ਇਸ ਸਮੇਂ ਸਮਰਾਲਾ ਹਸਪਤਾਲ 'ਚ ਇਲਾਜ ਅਧੀਨ ਹਨ। ਮਾਛੀਵਾੜਾ ਪੁਲਸ ਵਲੋਂ ਰਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਇੰਡੀਕਾ ਕਾਰ ਚਾਲਕ ਦਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਸੁਖਵਿੰਦਰ ਕੌਰ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਖੰਨਾ ਨੇੜਲੇ ਪਿੰਡ 'ਚ ਧੂੰ-ਧੂੰ ਕਰਕੇ ਸੜੀ 'ਮਰਸੀਡੀਜ਼', ਮਸਾਂ ਬਚੀਆਂ 3 ਜਾਨਾਂ
NEXT STORY