ਹੁਸ਼ਿਆਰਪੁਰ (ਅਮਰਿੰਦਰ)— ਪੁਰਾਣੀ ਰੰਜਿਸ਼ ਤਹਿਤ ਸ਼ਨੀਵਾਰ ਸ਼ਾਮ ਕਰੀਬ 5 ਵਜੇ ਸ਼ਹਿਰ ਦੇ ਮੁਹੱਲਾ ਬਸੰਤ ਨਗਰ 'ਚ ਸੀਮਾ ਰਾਣੀ (47) ਪਤਨੀ ਰਜਿੰਦਰ ਸ਼ਰਮਾ ਅਤੇ ਉਸ ਦੇ ਪੁੱਤਰ ਹਰਸ਼ ਸ਼ਰਮਾ (15) ਨੂੰ ਚਾਕੂ ਨਾਲ ਕੋਹ-ਕੋਹ ਕੇ ਕਤਲ ਕਰਨ ਉਪਰੰਤ ਬੇਰਹਿਮ ਕਾਤਲ ਮੌਕੇ ਤੋਂ ਫਰਾਰ ਹੋ ਗਏ। ਕਾਤਲਾਂ ਨੇ ਪਹਿਲਾਂ ਨਾਬਾਲਗਾ ਹਿਨਾ ਸ਼ਰਮਾ 'ਤੇ ਹਮਲਾ ਕਰਨ ਦਾ ਯਤਨ ਕੀਤਾ ਪਰ ਉਸ ਨੇ ਤੇਜ਼ੀ ਨਾਲ ਕਮਰੇ ਅੰਦਰ ਵੜ ਕੇ ਅੰਦਰੋਂ ਕੁੰਡੀ ਲਾ ਕੇ ਆਪਣੀ ਅਤੇ ਅੰਦਰ ਬੈਠੀ ਆਪਣੀ ਦਾਦੀ ਕਾਂਤਾ ਰਾਣੀ ਦੀ ਜਾਨ ਬਚਾ ਲਈ। ਹਿਨਾ ਨੇ ਹੀ ਕਮਰੇ ਅੰਦਰੋਂ ਮੋਬਾਇਲ 'ਤੇ ਉਕਤ ਘਟਨਾ ਦੀ ਜਾਣਕਾਰੀ ਆਪਣੇ ਪਿਤਾ ਰਜਿੰਦਰ ਸ਼ਰਮਾ ਅਤੇ ਵੱਡੇ ਭਰਾ ਹਰਵਿੰਦਰ ਨੂੰ ਦਿੱਤੀ।
ਦੋਹਰੇ ਕਤਲਕਾਂਡ ਨਾਲ ਸੁੰਨ ਹੋ ਗਏ ਬਸੰਤ ਨਗਰ ਵਾਸੀ: ਵਰਣਨਯੋਗ ਹੈ ਕਿ ਵਾਰਡ ਨੰ. 16 ਅਧੀਨ ਮੁਹੱਲਾ ਬਸੰਤ ਨਗਰ 'ਚ ਦਿਨ-ਦਿਹਾੜੇ ਮਾਂ-ਪੁੱਤਰ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਖਬਰ ਜਿਉਂ ਹੀ ਮੁਹੱਲਾ ਵਾਸੀਆਂ ਨੂੰ ਮਿਲੀ ਤਾਂ ਉਹ ਸੁੰਨ ਹੋ ਗਏ। ਲੋਕਾਂ ਵੱਲੋਂ ਸੂਚਿਤ ਕਰਨ 'ਤੇ ਮਾਡਲ ਟਾਊਨ ਅਤੇ ਸਿਟੀ ਥਾਣਿਆਂ ਦੇ ਐੱਸ. ਐੱਚ. ਓ, ਡੀ. ਐੱਸ. ਪੀ. (ਸਿਟੀ) ਸੁਖਵਿੰਦਰ ਸਿੰਘ ਅਤੇ ਡੀ. ਐੱਸ. ਪੀ. ਗੁਰਜੀਤਪਾਲ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ 108 ਨੰ. ਐਂਬੂਲੈਂਸ ਦੀ ਸਹਾਇਤਾ ਨਾਲ ਮਾਂ-ਪੁੱਤਰ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਨਿਆਂ ਕਰਦੀ ਤਾਂ ਨਾ ਦੇਖਣਾ ਪੈਂਦਾ ਇਹ ਦਿਨ: ਆਪਣੀ ਪਤਨੀ ਅਤੇ ਬੇਟੇ ਦੀ ਮੌਤ ਨਾਲ ਟੁੱਟ ਚੁੱਕੇ ਰਜਿੰਦਰ ਸ਼ਰਮਾ ਨੇ ਸਿਵਲ ਹਸਪਤਾਲ 'ਚ ਕਿਹਾ ਕਿ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਕੀਤੀ ਝੂਠੀ ਸ਼ਿਕਾਇਤ ਸਬੰਧੀ ਪੁਲਸ ਕੋਲ ਕਈ ਵਾਰ ਗਏ ਪਰ ਜਾਂਚ ਦੇ ਨਾਂ 'ਤੇ ਹਰ ਵਾਰ ਅਧਿਕਾਰੀ ਉਸ ਨੂੰ ਟਰਕਾਉਂਦੇ ਰਹੇ। ਉਨ੍ਹਾਂ ਨੇ ਕਿਹਾ ਜੇਕਰ ਪੁਲਸ ਨਿਆਂ ਕਰਦੀ ਤਾਂ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ।
ਨਾਬਾਲਗਾ ਨੇ ਦਿੱਤੀ ਐੱਸ. ਐੱਸ. ਪੀ. ਨੂੰ ਦੁਖਦਾਈ ਘਟਨਾ ਬਾਰੇ ਜਾਣਕਾਰੀ : ਮਾਂ ਅਤੇ ਭਰਾ ਦੇ ਬੇਰਹਿਮ ਕਤਲਾਂ ਦੀ ਚਸ਼ਮਦੀਦ ਨਾਬਾਲਗਾ ਹਿਨਾ ਸ਼ਰਮਾ ਨੇ ਸਿਵਲ ਹਸਪਤਾਲ ਵਿਚ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੂੰ ਉਕਤ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਕਰੀਬ 5 ਵਜੇ ਹੱਥ ਵਿਚ ਚਾਕੂ ਲੈ ਕੇ ਨਸ਼ੇ ਵਿਚ ਟੱਲੀ ਸਾਡਾ ਨਜ਼ਦੀਕੀ ਰਿਸ਼ਤੇਦਾਰ ਨੌਜਵਾਨ ਘਰ ਅੰਦਰ ਆਇਆ ਅਤੇ ਆਉਂਦਿਆਂ ਹੀ ਗਾਲ੍ਹਾਂ ਕੱਢਦਿਆਂ ਧਮਕੀਆਂ ਦੇਣ ਲੱਗਾ ਕਿ ਆਪਣੀ ਸ਼ਿਕਾਇਤ ਵਾਪਸ ਲੈ ਲਵੋ, ਨਹੀਂ ਤਾਂ ਸਾਰੇ ਪਰਿਵਾਰ ਨੂੰ ਮਾਰ ਦਿਆਂਗੇ। ਉਹ ਪਹਿਲਾਂ ਮੇਰੇ ਵੱਲ ਵਧਿਆ ਤਾਂ ਮੈਂ ਦੌੜ ਕੇ ਕਮਰੇ ਅੰਦਰ ਜਾ ਕੇ ਅੰਦਰੋਂ ਕੁੰਡੀ ਲਾ ਲਈ। ਬਾਅਦ ਵਿਚ ਉਸ ਨੇ ਮੇਰੇ 15 ਸਾਲਾ ਭਰਾ ਹਰਸ਼ ਦੇ ਢਿੱਡ 'ਚ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ। ਹਰਸ਼ ਦੀਆਂ ਚੀਕਾਂ ਸੁਣ ਕੇ ਜਦੋਂ ਮੇਰੀ ਮਾਂ ਸੀਮਾ ਰਾਣੀ ਉਸ ਨੂੰ ਬਚਾਉਣ ਆਈ ਤਾਂ ਕਾਤਲ ਨੇ ਮੇਰੀ ਮਾਂ ਨੂੰ ਵੀ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਕੀ ਹੈ ਪੁਰਾਣੀ ਰੰਜਿਸ਼ : ਵਰਣਨਯੋਗ ਹੈ ਕਿ 22 ਜਨਵਰੀ ਨੂੰ ਰਜਿੰਦਰ ਸ਼ਰਮਾ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਖਿਲਾਫ ਪ੍ਰੈੱਸ ਕਲੱਬ 'ਚ ਮੀਡੀਆ ਨੂੰ ਸੰਬੋਧਨ ਕਰਕੇ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ ਸੀ। ਰਜਿੰਦਰ ਸ਼ਰਮਾ ਨੇ ਕਿਹਾ ਸੀ ਕਿ ਮੇਰੇ ਕਰੀਬੀ ਰਿਸ਼ਤੇਦਾਰ ਦੇ ਬੇਟੇ ਨੇ ਮੇਰੀ ਬੇਟੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਹੁਣ ਮੈਂ ਉਨ੍ਹਾਂ ਖਿਲਾਫ ਕਾਰਵਾਈ ਲਈ ਪੁਲਸ ਵਿਭਾਗ ਕੋਲ ਸ਼ਿਕਾਇਤ ਕੀਤੀ ਤਾਂ ਦੋਸ਼ੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਝੂਠੇ ਮਾਮਲੇ ਵਿਚ ਫਸਾਉਣ ਲਈ ਸ਼ਿਕਾਇਤ ਪੁਲਸ ਨੂੰ ਦੇ ਕੇ ਉਸ 'ਤੇ ਰਾਜ਼ੀਨਾਮੇ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪੁਲਸ ਅਤੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਉਹ ਅਦਾਲਤ ਦੀ ਸ਼ਰਨ ਵਿਚ ਗਿਆ, ਫਿਰ ਵੀ ਪੁਲਸ ਮੇਰੇ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ, ਜਦਕਿ ਉਸ ਨੇ ਆਪਣੀ ਸ਼ਿਕਾਇਤ ਐੱਸ. ਐੱਸ. ਪੀ. ਤੱਕ ਨੂੰ ਦਿੱਤੀ ਹੋਈ ਹੈ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਕਿਹਾ ਕਿ ਪੀੜਤ ਪਰਿਵਾਰ ਕੁਝ ਦਿਨ ਪਹਿਲਾਂ ਮੇਰੇ ਕੋਲ ਸ਼ਿਕਾਇਤ ਲੈ ਕੇ ਆਇਆ ਸੀ। ਉਨ੍ਹਾਂ ਮਾਮਲੇ ਦੀ ਜਾਂਚ ਲਈ ਡੀ. ਐੱਸ. ਪੀ. ਨੂੰ ਰਿਪੋਰਟ ਦੇਣ ਵਾਸਤੇ ਕਿਹਾ ਸੀ। ਸ਼ਨੀਵਾਰ ਜਿਸ ਤਰ੍ਹਾਂ ਕਾਤਲ ਨੇ ਵਾਰਦਾਤ ਕੀਤੀ ਹੈ, ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।
ਲਲਕਾਰ ਰੈਲੀ ਦੀ ਤਿਆਰੀ ਲਈ ਪਿੰਡਾਂ ’ਚ ਕੱਢਿਆ ਢੋਲ ਮਾਰਚ
NEXT STORY