ਭੁੰਨਰਹੇੜੀ/ਪਟਿਆਲਾ (ਕਮਲਜੀਤ ਕੰਬੋਜ, ਨੌਗਾਵਾਂ, ਜ. ਬ.) : ਜ਼ਿਲ੍ਹਾ ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੋਂ ਦੇ ਦੇਵੀਗੜ੍ਹ ਰੋਡ 'ਤੇ ਸਥਿਤ ਪਿੰਡ ਭੁੰਨਰਹੇੜੀ 'ਚ ਹਰਿਆਣਾ ਤੋਂ ਆਈਆਂ ਮਾਂ-ਧੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਕਤਲ ਇੰਨੇ ਭਿਆਨਕ ਤਰੀਕੇ ਨਾਲ ਕੀਤੇ ਗਏ ਕਿ ਦੋਵਾਂ ਦੇ ਗਲ਼ੇ ਵੱਢ ਦਿੱਤੇ ਗਏ। ਫਿਲਹਾਲ ਮੌਕੇ 'ਤੇ ਪੁਲਸ ਪਹੁੰਚ ਚੁੱਕੀ ਹੈ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਕਸਬਾਨੁਮਾ ਪਿੰਡ ਭੁੰਨਰਹੇੜੀ ਵਿਖੇ ਕਿਰਾਏ ’ਤੇ ਰਹਿੰਦੀਆਂ ਮਾਵਾਂ-ਧੀਆਂ ਦਾ ਸੋਮਵਾਰ ਰਾਤ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਘਟਨਾ ਨੂੰ ਔਰਤ ਦੇ ਪਤੀ ਨੇ ਹੀ ਅੰਜਾਮ ਦਿੱਤਾ। ਇਸ ਦਾ ਕਾਰਨ ਔਰਤ ਦੇ ਨਾਂ ’ਤੇ ਮੌਜੂਦ 4 ਏਕੜ ਜ਼ਮੀਨ ਉਸ ਦੇ ਨਾਂ ਨਾ ਕਰਵਾਉਣਾ ਰਿਹਾ। ਇਹ ਪਰਿਵਾਰ ਬੁੱਢਲਾਡਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਇਥੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗਾ ਸੀ।
ਇਹ ਵੀ ਪੜ੍ਹੋ : ਕੀ ਕਾਂਗਰਸ ਪਾਰਟੀ ਆਪਣੇ ਨੌਜਵਾਨ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿਰਪੱਖ ਜਾਂਚ ਕਰਵਾਉਣ 'ਚ ਕਾਮਯਾਬ ਹੋਵੇਗੀ?
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਮੀਨ ਕਾਰਨ ਪਤੀ ਗੁਰਮੁੱਖ ਸਿੰਘ ਨਾਲ ਅਣ-ਬਣ ਹੋਣ ਕਰਕੇ 45 ਸਾਲਾ ਹਰਪ੍ਰੀਤ ਕੌਰ ਆਪਣੀ 18 ਸਾਲਾ ਧੀ ਨਵਦੀਪ ਕੌਰ ਸਮੇਤ ਭੁੰਨਰਹੇੜੀ ਵਿਖੇ ਰਹਿ ਰਹੀ ਸੀ। ਸੋਮਵਾਰ ਦੇਰ ਸ਼ਾਮ ਜਦੋਂ ਉਹ ਬਾਜ਼ਾਰ ’ਚ ਗਈਆਂ ਹੋਈਆਂ ਸਨ ਤਾਂ ਗੁਰਮੁੱਖ ਸਿੰਘ ਵੀ ਇਕ ਸਾਥੀ ਸਮੇਤ ਉਥੇ ਆ ਗਿਆ। ਉਸ ਨੇ ਦੋਵਾਂ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਭਾਵੇਂ ਕਿ ਭੱਜ ਕੇ ਜਾਨ ਵੀ ਬਚਾਉਣੀ ਚਾਹੀ ਪਰ ਅਜਿਹਾ ਨਹੀਂ ਹੋ ਸਕਿਆ। ਗੁਰਮੁੱਖ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਹੋਇਆ ਪੋਸਟਮਾਰਟਮ, ਭਲਕੇ ਕੀਤਾ ਜਾਵੇਗਾ ਅੰਤਿਮ ਸੰਸਕਾਰ (ਵੀਡੀਓ)
ਘਟਨਾ ਸਥਾਨ ’ਤੇ ਪੁੱਜੇ ਐੱਸ. ਐੱਸ. ਪੀ. ਪਟਿਆਲਾ ਦੀਪਕ ਪਾਰਕ, ਐੱਸ. ਪੀ. ਸਿਟੀ ਵਜ਼ੀਰ ਸਿੰਘ ਖਹਿਰਾ, ਡੀ. ਐੱਸ. ਪੀ. (ਰੂਰਲ) ਸੁਖਮਿੰਦਰ ਸਿੰਘ ਚੌਹਾਨ, ਡੀ. ਐੱਸ. ਪੀ. ਦਿਹਾਤੀ ਸਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਅਤੇ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ, ਚੌਕੀ ਇੰਚਾਰਜ ਚੈਨ ਸੁੱਖ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਦੋਹਰੇ ਕਤਲ ਦੀ ਪੁਸ਼ਟੀ ਕੀਤੀ ਪਰ ਨਾਲ ਹੀ ਕਿਹਾ ਕਿ ਕਾਰਨ ਭਾਵੇਂ ਕਿ ਜ਼ਮੀਨ ਸਬੰਧੀ ਵਿਵਾਦ ਦੱਸਿਆ ਜਾ ਰਿਹਾ ਹੈ ਪਰ ਮੁਕੰਮਲ ਜਾਂਚ ਤੋਂ ਹੀ ਸਥਿਤੀ ਸਪੱਸ਼ਟ ਹੋਵੇਗੀ। ਰਾਤ ਸਾਢੇ 9 ਵਜੇ ਤੱਕ ਵੀ ਪੁਲਸ ਭੁੰਨਰਹੇੜੀ ਵਿਖੇ ਹੀ ਜਾਂਚ-ਪੜਤਾਲ ’ਚ ਜੁਟੀ ਹੋਈ ਸੀ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਵੱਲੋਂ ਭੱਜਣ ਲਈ ਵਰਤੀ ਅਲਟੋ ਕਾਰ ਬਰਾਮਦ
NEXT STORY