ਜਲੰਧਰ (ਖੁਰਾਣਾ)— ਸ਼ਹਿਰ ਦੀ ਕਾਂਗਰਸੀ ਲੀਡਰਸ਼ਿਪ ਨੇ ਸ਼ਹਿਰ ਦੀ ਦਸ਼ਾ ਸੁਧਾਰਣ ਅਤੇ ਨਾਜਾਇਜ਼ ਕਬਜ਼ਿਆਂ ਨਾਲ ਨਜਿੱਠਣ ਲਈ ਇਕ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦੇ ਤਹਿਤ ਆਉਣ ਵਾਲੇ ਸਮੇਂ 'ਚ ਨਾਜਾਇਜ਼ ਕਬਜ਼ਿਆਂ 'ਤੇ ਉਸੇ ਤਰ੍ਹਾਂ ਐਕਸ਼ਨ ਹੋਵੇਗਾ, ਜਿਵੇਂ ਕਿ ਰੈਣਕ ਬਾਜ਼ਾਰ ਦੇ ਟਿੱਕੀਆਂ ਵਾਲੇ ਚੌਕ 'ਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟਿੱਕੀਆਂ ਵਾਲੇ ਚੌਕ 'ਚ ਰੇਹੜੀ, ਫੜ੍ਹੀ ਲਾਉਣ ਵਾਲੇ ਦੁਕਾਨਦਾਰ ਕਈ ਸਾਲਾਂ ਤੋਂ ਕਾਰੋਬਾਰ ਕਰ ਰਹੇ ਸਨ ਪਰ ਦਿਨ-ਬ-ਦਿਨ ਸੜਕ 'ਤੇ ਕਬਜ਼ਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਪੈਦਲ ਲੰਘਣਾ ਮੁਸ਼ਕਲ ਹੋ ਗਿਆ ਸੀ। ਅੰਦਰੂਨੀ ਬਾਜ਼ਾਰ 'ਚ ਅੱਗ ਲੱਗਣ ਦੀ ਸਥਿਤੀ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਥਾਂ-ਥਾਂ ਫਸ ਜਾਂਦੀਆਂ ਸਨ, ਜਿਸ ਕਾਰਨ ਅਜਿਹਾ ਐਕਸ਼ਨ ਪਲਾਨ ਕੀਤਾ ਗਿਆ ਅਤੇ ਸ਼ਨੀਵਾਰ ਰਾਤ 3 ਵਜੇ ਡਿੱਚ ਮਸ਼ੀਨਾਂ ਚਲਾ ਕੇ ਟਿੱਕੀਆਂ ਵਾਲੇ ਚੌਕ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ।
ਹੁਣ ਪਤਾ ਲੱਗਾ ਹੈ ਕਿ ਨਗਰ ਨਿਗਮ ਆਉਣ ਵਾਲੇ ਦਿਨਾਂ 'ਚ ਅਜਿਹੇ ਹੀ ਕੁਝ ਹੋਰ ਐਕਸ਼ਨ ਪਲਾਨ ਕਰਨ ਜਾ ਰਿਹਾ ਹੈ, ਜਿੱਥੇ ਪੱਕੇ ਤੌਰ 'ਤੇ ਨਾਜਾਇਜ਼ ਕਬਜ਼ੇ ਹੋਏ ਹਨ ਅਤੇ ਆਵਾਜਾਈ 'ਚ ਰੁਕਾਵਟ ਪੈ ਰਹੀ ਹੈ। ਇਨ੍ਹੀਂ ਦਿਨੀਂ ਟ੍ਰੈਫਿਕ ਪੁਲਸ ਅਤੇ ਨਿਗਮ ਨੇ ਲਾਡੋਵਾਲੀ ਰੋਡ ਦੀ ਕਬਾੜ ਮਾਰਕੀਟ ਨੂੰ ਆਪਣੇ ਕਬਜ਼ੇ ਹਟਾਉਣ ਲਈ ਕੁਝ ਦਿਨਾਂ ਦਾ ਸਮਾਂ ਦਿੱਤਾ ਹੈ।
ਮੰਨਿਆ ਜਾਂਦਾ ਹੈ ਕਿ ਜੇਕਰ ਦੁਕਾਨਦਾਰਾਂ ਨੇ ਕਬਜ਼ੇ ਨਾ ਹਟਾਏ ਤਾਂ ਉਥੇ ਵੀ ਰਾਤ ਨੂੰ ਡਿੱਚ ਮਸ਼ੀਨ ਭੇਜੀ ਜਾਵੇਗੀ। ਇਸ ਤੋਂ ਇਲਾਵਾ ਓਲਡ ਜੀ. ਟੀ. ਰੋਡ ਅਤੇ ਸਾਈਂਦਾਸ ਸਕੂਲ ਤੋਂ ਗੋਪਾਲ ਨਗਰ ਵੱਲ ਜਾਂਦੀ ਸੜਕ ਦੇ ਕਬਜ਼ੇ ਵੀ ਹਟਾਉਣ ਦੀ ਯੋਜਨਾ ਹੈ। ਸ਼ਹਿਰ 'ਚ ਕਈ ਹੋਰ ਥਾਵਾਂ 'ਤੇ ਵੀ ਕਬਜ਼ਿਆਂ 'ਤੇ ਕਾਰਵਾਈ ਦੀ ਯੋਜਨਾ ਬਣ ਰਹੀ ਹੈ, ਜਿਸ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਇਸ ਯੋਜਨਾ ਵਿਚ ਜਲੰਧਰ ਪੁਲਸ ਦਾ ਵੀ ਸਹਿਯੋਗ ਹੋਵੇਗਾ।
ਸਾਰਾ ਦਿਨ ਧਰਨੇ 'ਤੇ ਬੈਠੇ ਰਹੇ ਫੜ੍ਹੀ ਵਾਲੇ
ਨਿਗਮ ਨੇ ਅੱਧੀ ਰਾਤ ਨੂੰ ਕਾਰਵਾਈ ਕਰਦਿਆਂ ਟਿੱਕੀਆਂ ਵਾਲਾ ਚੌਕ 'ਚ ਫੜ੍ਹੀਆਂ ਲਾਉਣ ਵਾਲੇ ਜਿਨ੍ਹਾਂ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਸੀ, ਉਨ੍ਹਾਂ ਨੇ ਬੀਤੇ ਦਿਨ ਵੀ ਮੌਕੇ 'ਤੇ ਧਰਨਾ ਦਿੱਤਾ ਅਤੇ ਸਰਕਾਰ ਨੂੰ ਕੋਸਿਆ। ਇਹ ਦੁਕਾਨਦਾਰ ਮੰਗ ਕਰ ਰਹੇ ਹਨ ਕਿ ਨਿਗਮ ਨੇ ਉਨ੍ਹਾਂ ਦੀ ਰੋਜ਼ੀ-ਰੋਟੀ ਖਤਮ ਕਰ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਕਿਤੇ ਹੋਰ ਥਾਂ ਦਿੱਤੀ ਜਾਵੇ।
ਚੰਦਨ ਗਰੇਵਾਲ ਨੂੰ ਮਿਲੇ ਦੁਕਾਨਦਾਰ
ਟਿੱਕੀਆਂ ਵਾਲੇ ਚੌਕ 'ਚ ਨਿਗਮ ਦੀ ਕਾਰਵਾਈ ਦਾ ਸ਼ਿਕਾਰ ਬਣੇ ਦੁਕਾਨਦਾਰਾਂ ਨੇ ਬੀਤੇ ਦਿਨ ਨਿਗਮ ਜਾ ਕੇ ਯੂਨੀਅਨ ਆਗੂ ਚੰਦਨ ਗਰੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੋਲੋਂ ਮਦਦ ਮੰਗੀ। ਦੁਕਾਨਦਾਰਾਂ ਦੀ ਮੰਗ ਸੀ ਕਿ ਨਿਗਮ ਉਨ੍ਹਾਂ ਨੂੰ ਕਾਰੋਬਾਰ ਲਈ ਜਗ੍ਹਾ ਮੁਹੱਈਆ ਕਰਵਾਏ। ਚੰਦਨ ਗਰੇਵਾਲ ਨੇ ਇਸ ਮਾਮਲੇ ਵਿਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਜੱਦੀ ਪਿੰਡ ਵਾਲਿਆਂ ਨੂੰ ਵੀ ਖੁਸ਼ ਨਹੀਂ ਕਰ ਸਕੇ ਕੈਪਟਨ
NEXT STORY