ਬਨੂੜ (ਗੁਰਪਾਲ) : ਨੌਜਵਾਨ ਲੜਕੀ ਨੂੰ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਦੇ ਕਥਿਤ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਸੋਹਾਣਾ ਥਾਣੇ ਦੇ ਪਿੰਡ ਬਠਲਾਣਾ ਦੇ ਨੌਜਵਾਨ ਸਤਵਿੰਦਰ ਸਿੰਘ ਉਰਫ਼ ਜੋਗਾ ਨੂੰ ਅੱਜ ਬਨੂੜ ਪੁਲਸ ਨੇ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਮਹਿੰਦਰ ਸਿੰਘ ਦੀ ਅਗਵਾਈ ਹੇਠ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਸੌਂਪ ਦਿੱਤਾ। ਪੁਲਸ ਵਲੋਂ ਇਸ ਅਰਸੇ ਦੌਰਾਨ ਕਤਲ ਨਾਲ ਜੁੜੇ ਮਾਮਲੇ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 19 ਅਗਸਤ ਨੂੰ ਬਨੂੜ ਪੁਲਸ ਨੂੰ ਖੇਡ਼ਾ ਗੱਜੂ ਕੋਲੋਂ ਐੱਸ. ਵਾਈ. ਐੱਲ. ਨਹਿਰ ਦੇ ਕਿਨਾਰਿਉਂ ਝਾੜੀਆਂ ਵਿਚ ਇਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ। ਉਸ ਦਾ ਗਲਾ ਚੁੰਨੀ ਨਾਲ ਘੋਟਿਆ ਹੋਇਆ ਸੀ। ਪੁਲਸ ਨੂੰ ਇਸ ਲਾਸ਼ ਦੀ ਸਨਾਖ਼ਤ ਪਵਨਪ੍ਰੀਤ ਕੌਰ ਵਾਸੀ ਮਹਿਤਾਬਗੜ੍ਹ ਵਜੋਂ ਹੋਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਠਲਾਣਾ ਵਿਖੇ ਲੜਕੀ ਦੀ ਭੈਣ ਵਿਆਹੀ ਹੋਈ ਹੈ ਅਤੇ ਇੱਥੇ ਆਉਣ-ਜਾਣ ਸਮੇਂ ਉਹ ਸਤਵਿੰਦਰ ਸਿੰਘ ਦੇ ਸੰਪਰਕ ਵਿਚ ਆਈ ਸੀ। ਉਨ੍ਹਾਂ ਦੋਹਾਂ ਨੇ ਆਪਸ ਵਿਚ ਵਿਆਹ ਵੀ ਕਰਾ ਲਿਆ ਸੀ ਤੇ ਕੁੱਝ ਸਮਾਂ ਇਕੱਠੇ ਵੀ ਰਹਿੰਦੇ ਰਹੇ ਪਰ ਬਾਅਦ ਵਿਚ ਅਲੱਗ-ਅਲੱਗ ਹੋ ਗਏ। ਦੋਵੇਂ ਜਣੇ ਅਲੱਗ-ਅਲੱਗ ਰਹਿਣ ਮਗਰੋਂ ਵੀ ਇਕ ਦੂਜੇ ਦੇ ਸੰਪਰਕ ਵਿਚ ਰਹਿੰਦੇ ਰਹੇ ਤੇ ਘਟਨਾ ਵਾਲੇ ਦਿਨ ਵੀ ਦੋਵੇਂ ਮੋਟਰਸਾਈਕਲ ’ਤੇ ਇਕੱਠੇ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਿਨ ਸਤਵਿੰਦਰ ਲੜਕੀ ਨੂੰ ਆਪਣੇ ਘਰ ਲਿਆਉਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚ ਤਕਰਾਰ ਹੋ ਗਿਆ, ਜਿਸ ਮਗਰੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਨੂੜ ਪੁਲਸ ਨੇ ਸਤਵਿੰਦਰ ਦੇ ਤਿੰਨ ਦਿਨਾਂ ਦੇ ਰਿਮਾਂਡ ਦੀ ਪੁਸ਼ਟੀ ਕੀਤੀ ਹੈ।
ਪੰਜਾਬ ਪੁਲਸ ਵੱਲੋਂ ਇਕ ਹਫ਼ਤੇ 'ਚ 11.73 ਕਿੱਲੋ ਹੈਰੋਇਨ ਤੇ ਹੋਰ ਨਸ਼ਿਆਂ ਸਣੇ 327 ਨਸ਼ਾ ਤਸਕਰ ਕਾਬੂ
NEXT STORY