ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ ਲੁਧਿਆਣਾ 'ਚ ਸਿਰਫ ਉਧਾਰ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ 'ਚ ਇਕ ਵਿਅਕਤੀ ਵੱਲੋਂ ਆਪਣੇ ਹੀ ਸਾਥੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਆਪਣੇ ਨਾਲ ਕੰਮ ਕਰਨ ਵਾਲੇ ਵਿਅਕਤੀ ਤੋਂ ਆਪਣੇ ਉਧਾਰ ਦਿੱਤੇ ਪੈਸੇ ਵਾਪਸ ਮੰਗੇ ਸਨ। ਬੀਤੀ 22 ਨਵੰਬਰ ਨੂੰ ਹੋਏ ਝਗੜੇ ਦੌਰਾਨ ਦੋਸ਼ੀ ਨੇ ਗੁੱਸੇ 'ਚ ਆ ਕੇ 39 ਸਾਲਾ ਪਵਨ ਕੁਮਾਰ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਜੀਜਾ ਪਾਰਸ ਨਾਥ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਿਤ ਥਾਣਾ ਪੁਲਸ ਨੇ ਕਤਲ ਦਾ ਕੇਸ ਦਰਜ ਕਰਦਿਆਂ ਤੁਰੰਤ ਕਾਰਵਾਈ ਕਰਕੇ ਦੋਸ਼ੀ ਆਫ਼ਤਾਬ ਉਰਫ਼ ਤਾਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਪਾਰਸ ਨਾਥ ਨੇ ਦੱਸਿਆ ਕਿ ਉਸ ਦਾ ਸਾਲਾ ਪਵਨ ਕੁਮਾਰ (39 ਸਾਲ) ਅਤੇ ਦੋਸ਼ੀ ਆਫ਼ਤਾਬ ਉਰਫ਼ ਤਾਰਾ ਇਕੱਠੇ ਕੰਮ ਕਰਦੇ ਸਨ।
ਉਸ ਦੇ ਸਾਲੇ ਪਵਨ ਕੁਮਾਰ ਨੇ ਦੋਸ਼ੀ ਆਫ਼ਤਾਬ ਉਰਫ਼ ਤਾਰਾ ਤੋਂ ਆਪਣੇ ਪੈਸੇ ਲੈਣੇ ਸਨ। ਪਵਨ ਕੁਮਾਰ ਨੇ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਵੀ ਉਹ ਆਫ਼ਤਾਬ ਤੋਂ ਆਪਣੇ ਪੈਸੇ ਮੰਗਦਾ ਸੀ ਤਾਂ ਆਫ਼ਤਾਬ ਉਸ ਨਾਲ ਲੜਾਈ-ਝਗੜਾ ਕਰਦਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਇਸੇ ਪੈਸਿਆਂ ਦੇ ਲੈਣ-ਦੇਣ ਦੀ ਰੰਜਿਸ਼ ਦੇ ਚੱਲਦਿਆਂ ਬੀਤੀ 22 ਨਵੰਬਰ ਨੂੰ ਪਵਨ ਕੁਮਾਰ ਅਤੇ ਉਸ ਦੇ ਸਾਥੀ ਆਫ਼ਤਾਬ ਉਰਫ਼ ਤਾਰਾ ਵਿਚਾਲੇ ਫਿਰ ਤੋਂ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਗੁੱਸੇ 'ਚ ਆ ਕੇ ਦੋਸ਼ੀ ਆਫ਼ਤਾਬ ਉਰਫ਼ ਤਾਰਾ ਨੇ ਪਵਨ ਕੁਮਾਰ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਸ਼ਿਕਾਇਤਕਰਤਾ ਪਾਰਸ ਨਾਥ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਦੋਸ਼ੀ ਆਫ਼ਤਾਬ ਉਰਫ਼ ਤਾਰਾ ਦੇ ਖ਼ਿਲਾਫ਼ ਕਤਲ ਦੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਤਫ਼ਤੀਸ਼ ਦੌਰਾਨ ਪੁਲਸ ਟੀਮ ਨੇ ਛਾਪੇਮਾਰੀ ਕਰਕੇ ਦੋਸ਼ੀ ਆਫ਼ਤਾਬ ਉਰਫ਼ ਤਾਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੁਧਿਆਣਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ
NEXT STORY