ਪੰਚਕੂਲਾ (ਚੰਦਨ) - ਸੈਕਟਰ-7 ਵਾਸੀ ਵਿਅਕਤੀ ਖਿਲਾਫ ਉਸ ਦੇ ਸਹੁਰੇ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਦਾਜ ਲਈ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪਟਿਆਲਾ ਦੀ ਰਾਬੀਆ (27) ਦਾ ਵਿਆਹ 2016 'ਚ ਪੰਚਕੂਲਾ ਸੈਕਟਰ-7 ਵਾਸੀ ਵਿਸ਼ਾਲ ਗੁਪਤਾ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਹੀ ਰਾਬੀਆ ਤੋਂ ਉਸਦੇ ਸਹੁਰਾ ਪਰਿਵਾਰ ਵਾਲੇ ਦਾਜ ਦੀ ਮੰਗ ਕਰਨ ਲੱਗੇ। ਉਹ ਕਦੇ ਲੱਖਾਂ ਰੁਪਏ ਮੰਗਦੇ ਤਾਂ ਕਦੇ ਬੀ. ਐੱਮ. ਡਬਲਿਊ. ਕਾਰ। ਰਾਬੀਆ ਨੇ ਪਰਿਵਾਰਕ ਮੈਂਬਰਾਂ ਨੂੰ ਦੋ ਦਿਨ ਪਹਿਲਾਂ ਹੀ ਕਾਲ ਕਰਕੇ ਜਾਣਕਾਰੀ ਦਿੱਤੀ ਕਿ ਉਸ ਨੂੰ ਧੋਖੇ ਨਾਲ ਕੋਈ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਗਿਆ ਹੈ। ਫਿਰ ਉਸੇ ਦੌਰਾਨ ਰਾਬੀਆ ਦੇ ਪਤੀ ਨੇ ਸਹੁਰੇ ਨੂੰ ਕਾਲ ਕਰਕੇ ਕਿਹਾ ਕਿ ਰਾਬੀਆ ਦੀ ਤਬੀਅਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੂੰ ਉਹ ਪੀ. ਜੀ. ਆਈ. ਲੈ ਕੇ ਜਾ ਰਹੇ ਹਨ।
ਜਿਵੇਂ ਹੀ ਰਾਬੀਆ ਦੇ ਪਰਿਵਾਰਕ ਮੈਂਬਰ ਪੀ. ਜੀ. ਆਈ. ਪਹੁੰਚੇ ਤਾਂ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ। ਇਸ ਦੇ ਬਾਅਦ ਰਾਬੀਆ ਦੇ ਪਿਤਾ ਪਟਿਆਲਾ ਵਾਸੀ ਸੁੰਦਰ ਗਰਗ ਨੇ ਮੁਲਜ਼ਮ ਜਵਾਈ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ। ਉਸ ਨੂੰ ਸ਼ਨੀਵਾਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਕੁੱਟਮਾਰ ਕਰਕੇ ਕੱਢ ਦਿੱਤਾ ਸੀ ਘਰੋਂ
8 ਨਵੰਬਰ 2016 ਨੂੰ ਪਟਿਆਲਾ ਦੀ ਰਾਬੀਆ ਦਾ ਵਿਆਹ ਪੰਚਕੂਲਾ ਦੇ ਵਿਸ਼ਾਲ ਗੁਪਤਾ ਨਾਲ ਹੋਇਆ ਸੀ। ਪੁਲਸ ਸ਼ਿਕਾਇਤ 'ਚ ਦੱਸਿਆ ਗਿਆ ਕਿ ਰਾਬੀਆ ਨੂੰ ਸਹੁਰਾ ਪਰਿਵਾਰ ਵਾਲੇ ਦਾਜ ਲਈ ਪ੍ਰੇਸ਼ਾਨ ਕਰਦੇ ਸਨ, ਉਥੇ ਹੀ ਵਿਸ਼ਾਲ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਰਾਬੀਆ ਨਾਲ ਕੁੱਟਮਾਰ ਕਰਨ ਲੱਗਾ ਸੀ ਤੇ ਫਿਰ ਉਸ ਤੋਂ ਦਾਜ ਦੇ ਰੂਪ 'ਚ 10 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਤੇ ਉਸ ਨੂੰ ਘਰੋਂ ਵੀ ਕੱਢ ਦਿੱਤਾ ਗਿਆ ਸੀ।
ਪੀੜਤ ਪਿਤਾ ਸੁਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ 4 ਲੱਖ ਰੁਪਏ ਇਕੱਠੇ ਕਰ ਕੇ ਦਿੱਤੇ। ਇਸਦੇ ਬਾਅਦ ਵੀ ਵਿਸ਼ਾਲ ਨੇ ਬੀ. ਐੱਮ. ਡਬਲਿਊ. ਕਾਰ ਲਈ 15 ਲੱਖ ਰੁਪਏ ਮੰਗੇ ਤਾਂ ਉਨ੍ਹਾਂ ਨੇ 7 ਲੱਖ ਰੁਪਏ ਦਿੱਤੇ। ਪਿਤਾ ਮੁਤਾਬਿਕ ਇੰਨਾ ਸਭ ਕੁਝ ਕਰਨ ਦੇ ਬਾਅਦ ਵੀ ਵਿਸ਼ਾਲ ਨੇ ਉਨ੍ਹਾਂ ਦੀ ਬੇਟੀ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਘਰੋਂ ਕੱਢ ਦਿੱਤਾ। ਉਨ੍ਹਾਂ ਦੀ ਬੇਟੀ ਪਟਿਆਲਾ ਆਈ ਤਾਂ ਉਹ ਵਿਸ਼ਾਲ ਦੇ ਘਰ ਉਸ ਨੂੰ ਸਮਝਾਉਣ ਲਈ ਗਏ। ਉਨ੍ਹਾਂ ਵਿਸ਼ਾਲ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਅਗਲੇ ਦਿਨ ਰਾਬੀਆ ਨੂੰ ਵਾਪਸ ਭੇਜ ਦੇਣਾ। ਉਨ੍ਹਾਂ ਅਗਲੇ ਦਿਨ ਰਾਬੀਆ ਨੂੰ ਪੰਚਕੂਲਾ ਛੱਡਿਆ ਤੇ ਫਿਰ ਉਸ ਨੂੰ ਥੋੜ੍ਹੀ ਦੇਰ ਬਾਅਦ ਕਾਲ ਆਈ ਕਿ ਰਾਬੀਆ ਦੀ ਤਬੀਅਤ ਕਾਫੀ ਖਰਾਬ ਹੈ। ਜਦੋਂ ਉਨ੍ਹਾਂ ਦਾ ਪਰਿਵਾਰ ਪੰਚਕੂਲਾ ਪਹੁੰਚਿਆ ਤਾਂ ਪਤਾ ਲੱਗਾ ਕਿ ਰਾਬੀਆ ਨੂੰ ਪੀ. ਜੀ. ਆਈ. ਲੈ ਗਏ ਹਨ।
ਕਰੋੜਾਂ ਦੀ ਲਾਗਤ ਨਾਲ ਬਣਿਆ ਬੱਸ ਅੱਡਾ ਅਜੇ ਵੀ ਸੁੰਨਾ
NEXT STORY