ਨਾਭਾ— ਨਾਭਾ ਦੀ ਜੇਲ ਵਿਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਦੇ ਕਤਲ ਤੋਂ ਬਾਅਦ ਸਹਾਇਕ ਜੇਲ ਸੁਪਰੀਡੈਂਟ ਅਜਮੇਰ ਸਿੰਘ ਤੇ ਸੈੱਲ ਇੰਚਾਰਜ ਸਣੇ 4 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਨਵੀਂ ਜੇਲ ਦੇ ਸੁਪਰੀਡੈਂਟ ਬਲਕਾਰ ਸਿੰਘ ਭੁੱਲਰ ਵਿਰੁੱਧ ਵੀ ਕਾਰਵਾਈ ਲਈ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ 'ਚ ਹੋਰ ਵੀ ਜੇਲ ਅਧਿਕਾਰੀਆਂ ਦੀ ਸਸਪੈਂਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਏ.ਡੀ.ਜੀ.ਪੀ. ਜੇਲ ਰੋਹਿਤ ਚੌਧਰੀ ਨੂੰ ਇਸ ਮਾਮਲੇ ਸਬੰਧੀ ਜਾਂਚ ਲਈ ਤੱਥ ਖੋਜ ਕਮੇਟੀ ਦਾ ਮੁਖੀ ਨਿਯੁਕਤ ਕਰਦਿਆਂ ਤਿੰਨ ਦਿਨਾਂ 'ਚ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਡੇਰਾ ਪ੍ਰੇਮੀ ਦੀ ਹੱਤਿਆ ਤੋਂ ਬਾਅਦ ਪੂਰੇ ਸੂਬੇ 'ਚ ਸੁਰੱਖਿਆ ਵਧਾਉਣ ਦੇ ਹੁਕਮ ਵੀ ਦਿੱਤੇ ਹਨ। ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਲਈ ਕਹਿੰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਜਿਹੜੇ ਲੋਕ ਇਸ ਹੱਤਿਆ ਦੇ ਮਾਮਲੇ 'ਚ ਸ਼ਾਮਲ ਹੋਣਗੇ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਪਟਨ ਨੇ ਇਸ ਸਬੰਧੀ ਰਿਪੋਰਟ ਤਿੰਨ ਦਿਨਾਂ ਅੰਦਰ ਮੰਗੀ ਹੈ। ਦੱਸ ਦਈਏ ਕਿ ਸੂਬੇ 'ਚ ਪੁਲਸ ਚੌਕਸੀ ਵਧਾ ਦਿੱਤੀ ਗਈ ਹੈ ।
ਜ਼ਿਕਰਯੋਗ ਹੈ ਕਿ ਦੋ ਕੈਦੀਆਂ ਨੇ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸਿਰ 'ਤੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਡਿਊਟੀ ਮੈਜਿਸਟ੍ਰੇਟ ਦੀ ਨਿਗਰਾਨੀ 'ਚ ਮ੍ਰਿਤਕ ਡੇਰਾ ਪ੍ਰੇਮੀ ਦਾ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਡੇਰਾ ਪ੍ਰੇਮੀ ਦੇ ਘਰ ਦੇ ਨੇੜੇ ਵੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
1 ਜੁਲਾਈ ਤੋਂ ਡਿਜੀਟਲ ਪੇਮੈਂਟ ਰਾਹੀਂ ਭਰੇ ਜਾਣਗੇ 50 ਹਜ਼ਾਰ ਤੋਂ ਉਪਰ ਦੇ ਬਿੱਲ
NEXT STORY